ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਨੌਸਰਬਾਜ਼ ਗਿਰੋਹ ਨੇ ਲੁਧਿਆਣਾ ਦੇ ਬਾਬਾ ਦੀਪ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਇਕ ਬਜ਼ੁਰਗ ਪ੍ਰਰਾਪਰਟੀ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਸਮੋਹਿਤ ਕੀਤਾ ਅਤੇ ਘਰ ਵਿਚ ਪਏ ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ ਤੇ ਡੇਢ ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸੇ ਦੌਰਾਨ ਪ੍ਰਰਾਪਰਟੀ ਕਾਰੋਬਾਰੀ ਨੂੰ ਹੋਸ਼ ਆ ਗਈ, ਜਿਸ ਤੋਂ ਬਾਅਦ ਨੌਸਰਬਾਜ਼ ਗਿਰੋਹ ਉਨ੍ਹਾਂ ਨੂੰ ਧੱਕਾ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਦੀਪ ਸਿੰਘ ਨਗਰ ਦੇ ਵਾਸੀ ਹਰਚਰਨ ਸਿੰਘ (65) ਨੇ ਦੱਸਿਆ ਕਿ ਉਹ ਦੁਪਹਿਰ 12 ਵਜੇ ਦੇ ਕਰੀਬ ਪੈਦਲ ਹੀ ਬਾਜ਼ਾਰ ਤੋਂ ਘਰ ਵੱਲ ਆ ਰਹੇ ਸਨ, ਜਿਵੇਂ ਹੀ ਉਹ ਘਰ ਦੀ ਗਲੀ ਵਿਚ ਪਹੁੰਚੇ ਤਾਂ ਸਾਧੂ ਦਾ ਭੇਸ ਧਾਰ ਕੇ ਇਕ ਵਿਅਕਤੀ ਆਇਆ, ਜਿਸਨੇ ਉਨ੍ਹਾਂ ਕੋਲੋਂ ਗੁਰਦੁਆਰਾ ਦਮਦਮਾ ਸਾਹਿਬ ਦਾ ਰਸਤਾ ਪੁੱਿਛਆ। ਹਰਚਰਨ ਸਿੰਘ ਨੇ ਆਖਿਆ ਕਿ ਉਨ੍ਹਾਂ ਦੇ ਘਰ ਦੇ ਕੋਲ ਗੁਰਦੁਆਰਾ ਮੰਜੀ ਸਾਹਿਬ ਹੈ ਅਤੇ ਉਹ ਉੱਥੇ ਜਾ ਸਕਦੇ ਹਨ। ਹਰਚਰਨ ਸਿੰਘ ਦੀ ਗੱਲ ਸੁਣ ਕੇ ਵਿਅਕਤੀ ਉਥੋਂ ਚੱਲ ਪਿਆ।

ਸਾਜਿਸ਼ ਦੇ ਤਹਿਤ ਇਕ ਅੌਰਤ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਈ ਅਤੇ ਦੋਵੇਂ ਹਰਚਰਨ ਸਿੰਘ ਦੇ ਕੋਲ ਰੁਕ ਗਏ। ਉਨ੍ਹਾਂ ਆਖਿਆ ਕਿ ਜੋ ਬਾਬਾ ਜੀ ਜਾ ਰਹੇ ਹਨ ਉਹ ਬਹੁਤ ਹੀ ਕਰਨੀ ਵਾਲੇ ਹਨ। ਇਸੇ ਦੌਰਾਨ ਸਾਧੂ ਦਾ ਭੇਸ ਧਾਰਿਆ ਹੋਇਆ ਵਿਅਕਤੀ ਵੀ ਉਨ੍ਹਾਂ ਦੇ ਕੋਲ ਆ ਗਿਆ। ਪਖੰਡੀ ਸਾਧ ਨੇ 500 ਰੁਪਏ ਦੇ ਨੋਟ ਦਾ ਫੁੱਲ ਬਣਾ ਕੇ ਮੋਟਰਸਾਈਕਲ ਸਵਾਰ ਅੌਰਤ ਨੂੰ ਦੇ ਦਿੱਤਾ। ਨੌਸਰਬਾਜ਼ਾਂ ਨੇ ਹਰਚਰਨ ਸਿੰਘ ਨੂੰ ਆਖਿਆ ਕਿ ਉਨ੍ਹਾਂ ਦੇ ਘਰ ਵਿਚ ਵੀ ਜੇ ਕੋਈ ਮਾੜੀ ਕਮਾਈ ਹੈ ਤਾਂ ਉਹ ਬਾਬਾ ਜੀ ਨੂੰ ਦੇ ਦੇਣ। 500 ਦੇ ਨੋਟ ਦਾ ਫੁੱਲ ਬਣਾ ਕੇ ਉਨ੍ਹਾਂ ਨੇ ਹਰਚਰਨ ਸਿੰਘ ਨੂੰ ਵੀ ਦੇ ਦਿੱਤਾ। ਫੁੱਲ ਫੜਦੇ ਹੀ ਹਰਚਰਨ ਸਿੰਘ ਸਮੋਹਿਤ ਹੋ ਕੇ ਘਰ ਵੱਲ ਨੂੰ ਤੁਰ ਪਏ। ਬਜ਼ੁਰਗ ਨੇ ਘਰ ਦੀ ਅਲਮਾਰੀ ‘ਚੋਂ ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ ਤੇ ਡੇਢ ਲੱਖ ਰੁਪਏ ਦੀ ਨਕਦੀ ਕੱਢੀ ਅਤੇ ਨੌਸਰਬਾਜ਼ ਗਿਰੋਹ ਦੇ ਹਵਾਲੇ ਕਰ ਦਿੱਤੀ। ਪੈਸੇ ਅਤੇ ਗਹਿਣੇ ਫੜਾਉਂਦੇ ਸਾਰ ਹੀ ਹਰਚਰਨ ਸਿੰਘ ਹੋਸ਼ ਵਿਚ ਆ ਗਏ ਅਤੇ ਉਨ੍ਹਾਂ ਨੇ ਪਾਖੰਡੀ ਸਾਧ ਨੂੰ ਜੱਫੀ ਪਾ ਲਈ। ਬਦਮਾਸ਼ਾਂ ਨੇ ਹਰਚਰਨ ਸਿੰਘ ਨੂੰ ਧੱਕਾ ਦਿੱਤਾ ਅਤੇ ਨਕਦੀ ਅਤੇ ਗਹਿਣੇ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਉਧਰ ਇਸ ਮਾਮਲੇ ਵਿਚ ਕੇਸ ਦੇ ਤਫ਼ਤੀਸ਼ੀ ਅਫਸਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਕਬਜ਼ੇ ਵਿਚ ਲਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜਲਦ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।