ਸਤਵਿੰਦਰ ਸ਼ਰਮਾ, ਲੁਧਿਆਣਾ

ਪ੍ਰਰਾਪਰਟੀ ਟੈਕਸ ਡਿਫਾਲਟਰਾਂ ਨੂੰ ਫੜਨ ਦੇ ਉਦੇਸ਼ ਨਾਲ ਨਗਰ ਨਿਗਮ ਨੇ ਜ਼ੋਨ ਏ ਅਧੀਨ ਆਉਂਦੇ ਇਲਾਕਿਆਂ ਵਿੱਚ ਵੱਡੇ ਵਪਾਰਕ ਕੰਪਲੈਕਸਾਂ, ਮਾਲਾਂ ਅਤੇ ਸ਼ਰਾਬ ਦੇ ਠੇਕਿਆਂ ਦੀਆਂ ਪ੍ਰਰਾਪਰਟੀ ਟੈਕਸ ਰਿਟਰਨਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਨੇ ਸ਼ੁੱਕਰਵਾਰ ਨੂੰ ਮਿਨਰਵਾ ਕੰਪਲੈਕਸ ਅਤੇ ਰੇਲਵੇ ਸਟੇਸ਼ਨ ਰੋਡ ਅਤੇ ਆਸਪਾਸ ਦੇ ਕੁਝ ਸ਼ਰਾਬ ਦੇ ਠੇਕਿਆਂ ਦੀ ਜਾਂਚ ਕੀਤੀ। ਵੱਖ-ਵੱਖ ਵਪਾਰਕ ਕੰਪਲੈਕਸਾਂ, ਮਾਲਾਂ ਅਤੇ ਸ਼ਰਾਬ ਦੇ ਠੇਕਿਆਂ ਦੇ ਮਾਲਕਾਂ/ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੈਂਟ ਡੀਡਾਂ ਆਦਿ ਸਮੇਤ ਰਿਕਾਰਡ ਨਗਰ ਨਿਗਮ ਕੋਲ ਜਮਾਂ੍ਹ ਕਰਾਉਣ, ਤਾਂ ਜੋ ਮਾਲਕਾਂ/ਪ੍ਰਬੰਧਕਾਂ ਵੱਲੋਂ ਦਾਇਰ ਕੀਤੀਆਂ ਪ੍ਰਰਾਪਰਟੀ ਟੈਕਸ ਰਿਟਰਨਾਂ ਨਾਲ ਰਿਕਾਰਡ ਦੀ ਤੁਲਨਾ ਕੀਤੀ ਜਾ ਸਕੇ। ਜ਼ੋਨਲ ਕਮਿਸ਼ਨਰ (ਜ਼ੋਨ ਏ) ਨੀਰਜ ਜੈਨ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੰਮ ਕਰਦੇ ਹੋਏ ਵੱਡੇ ਵਪਾਰਕ ਅਦਾਰਿਆਂ ਦੀਆਂ ਪ੍ਰਰਾਪਰਟੀ ਟੈਕਸ ਰਿਟਰਨਾਂ ਦੀ ਜਾਂਚ ਕਰਨ ਲਈ ਨਿਰੀਖਣ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਨੀਰਜ ਜੈਨ ਨੇ ਕਿਹਾ ਕਿ ਪ੍ਰਰਾਪਰਟੀ ਟੈਕਸ ਸਵੈ-ਮੁਲਾਂਕਣ ਦੇ ਆਧਾਰ ‘ਤੇ ਦਾਇਰ ਕੀਤਾ ਜਾਂਦਾ ਹੈ ਅਤੇ ਮਾਲਾਂ/ਕੰਪਲੈਕਸਾਂ ਦੇ ਟੈਕਸ ਰਿਟਰਨ ਜ਼ਿਆਦਾਤਰ ਕਿਰਾਏ ਦੀ ਸ਼ੇ੍ਰਣੀ ਅਧੀਨ ਦਾਇਰ ਕੀਤੇ ਜਾਂਦੇ ਹਨ। ਕਿਰਾਏ ਦੀ ਜਾਇਦਾਦ ਲਈ ਪ੍ਰਰਾਪਰਟੀ ਟੈਕਸ ਦੀ ਦਰ ਇਮਾਰਤ ਤੋਂ ਪ੍ਰਰਾਪਤ ਸਾਲਾਨਾ ਕਿਰਾਏ ਦਾ 7.5 ਪ੍ਰਤੀਸ਼ਤ ਹੈ। ਜੇਕਰ ਇਮਾਰਤ ‘ਤੇ ਸਿਰਫ਼ ਮਾਲਕ ਦਾ ਕਬਜ਼ਾ ਹੈ, ਤਾਂ ਟੈਕਸ ਰਿਟਰਨ ਸਵੈ-ਕਬਜੇ ਵਾਲੀ ਸ਼ੇ੍ਰਣੀ ਦੇ ਤਹਿਤ ਦਾਇਰ ਕੀਤੀ ਜਾਂਦੀ ਹੈ। ਇਹ ਨਿਰੀਖਣ ਸਿਰਫ਼ ਇਹ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿ ਮਾਲਜ਼/ਵਪਾਰਕ ਕੰਪਲੈਕਸਾਂ ਦੇ ਪ੍ਰਬੰਧਕਾਂ ਵੱਲੋਂ ਨਿਯਮਾਂ ਅਨੁਸਾਰ ਪ੍ਰਰਾਪਰਟੀ ਟੈਕਸ ਦਾਇਰ ਕੀਤਾ ਗਿਆ ਹੈ। ਨੀਰਜ ਜੈਨ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਟੀਮ ਨੇ ਨਗਰ ਨਿਗਮ ਦੇ ਜ਼ੋਨ ਏ ਅਧੀਨ ਆਉਂਦੇ ਇਲਾਕਿਆਂ ਵਿੱਚ ਜੇਐਮਡੀ ਗੋਵਰਧਨ ਮਾਲ, ਏਸੀ ਮਾਰਕੀਟ ਅਤੇ ਕੁਝ ਹੋਰ ਵਪਾਰਕ ਅਦਾਰਿਆਂ/ਕੰਪਲੈਕਸਾਂ ਦਾ ਨਿਰੀਖਣ ਵੀ ਕੀਤਾ ਸੀ। ਉਨਾਂ੍ਹ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਮੁਹਿੰਮ ਤਹਿਤ ਜਾਂਚ ਜਾਰੀ ਰਹੇਗੀ। ਜੇਕਰ ਕੋਈ ਗੜਬੜ ਪਾਈ ਗਈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਨੇ ਪਹਿਲਾਂ ਗਲਤ ਪ੍ਰਰਾਪਰਟੀ ਟੈਕਸ ਭਰਿਆ ਹੈ ਤਾਂ ਡਿਫਾਲਟਰਾਂ ਖਿਲਾਫ 100 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ।

10 ਫੀਸਦੀ ਛੋਟ ਲੈਣ ਲਈ 30 ਸਤੰਬਰ ਤੱਕ ਪ੍ਰਰਾਪਰਟੀ ਟੈਕਸ ਦਾ ਕੀਤਾ ਜਾਵੇ ਭੁਗਤਾਨ : ਨਗਰ ਨਿਗਮ

ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਵਸਨੀਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਮੌਜੂਦਾ ਵਿੱਤੀ ਸਾਲ (2023-24) ਲਈ ਆਪਣਾ ਪ੍ਰਰਾਪਰਟੀ ਟੈਕਸ 30 ਸਤੰਬਰ ਤੱਕ ਜਮ੍ਹਾ ਕਰਵਾਉਣ ਅਤੇ ਟੈਕਸ ਦੀ ਅਦਾਇਗੀ ‘ਤੇ 10 ਫੀਸਦੀ ਛੋਟ ਪ੍ਰਰਾਪਤ ਕਰਨ। ਵਸਨੀਕਾਂ ਦੀ ਸਹੂਲਤ ਦੇ ਉਦੇਸ਼ ਨਾਲ ਨਗਰ ਨਿਗਮ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਸੁਵਿਧਾ ਕੇਂਦਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਕੰਮਕਾਜੀ ਦਿਨਾਂ ਤੋਂ ਇਲਾਵਾ ਨਗਰ ਨਿਗਮ ਸੁਵਿਧਾ ਕੇਂਦਰ 16 ਸਤੰਬਰ (ਸ਼ਨੀਵਾਰ), 23 ਸਤੰਬਰ (ਸ਼ਨੀਵਾਰ), 24 ਸਤੰਬਰ (ਐਤਵਾਰ) ਅਤੇ 30 ਸਤੰਬਰ (ਸ਼ਨੀਵਾਰ) ਨੂੰ ਵੀ ਖੁੱਲ੍ਹੇ ਰਹਿਣਗੇ।