ਏਜੰਸੀ, ਹੈਦਰਾਬਾਦ : ਕੱਲ੍ਹ ਏਸੀਬੀ (ਐਂਟੀ ਕਰੱਪਸ਼ਨ ਬਿਊਰੋ) ਨੇ ਤੇਲੰਗਾਨਾ ਸਰਕਾਰ ਦੇ ਇੱਕ ਅਧਿਕਾਰੀ ਦੇ ਟਿਕਾਣੇ ‘ਤੇ ਛਾਪਾ ਮਾਰਿਆ, ਜਿਸ ਵਿੱਚ ਭਾਰੀ ਮਾਤਰਾ ਵਿੱਚ ਪੈਸਾ ਮਿਲਿਆ। ਅਧਿਕਾਰੀ ਸ਼ਿਵ ਬਾਲਕ੍ਰਿਸ਼ਨ ਦੇ ਘਰੋਂ 100 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਏਸੀਬੀ ਅਧਿਕਾਰੀਆਂ ਨੇ ਬਾਲਕ੍ਰਿਸ਼ਨ ਕੋਲੋਂ 40 ਲੱਖ ਕੈਸ਼, 2 ਕਿਲੋ ਸੋਨਾ, ਕਈ ਮਹਿੰਗੀਆਂ ਘੜੀਆਂ, ਕਈ ਮਹਿੰਗੇ ਸਮਾਰਟਫ਼ੋਨ, 10 ਲੈਪਟਾਪ ਤੇ ਕਈ ਦਸਤਾਵੇਜ਼ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਏਸੀਬੀ ਨੇ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੌਣ ਹੈ ਬਾਲਕ੍ਰਿਸ਼ਨ

ਸ਼ਿਵ ਬਾਲਕ੍ਰਿਸ਼ਨ ਤੇਲੰਗਾਨਾ ਸਟੇਟ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (TSRERA) ਦੇ ਸਕੱਤਰ ਤੇ ਮੈਟਰੋ ਰੇਲ ਵਿੱਚ ਯੋਜਨਾ ਅਧਿਕਾਰੀ ਹਨ। ਬਾਲਕ੍ਰਿਸ਼ਨ ਇਸ ਤੋਂ ਪਹਿਲਾਂ ਹੈਦਰਾਬਾਦ ਮੈਟਰੋਪੋਲੀਟਨ ਵਿਕਾਸ ਅਥਾਰਟੀ ਵਿੱਚ ਟਾਊਨ ਪਲਾਨਿੰਗ ਦੇ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ।

ਨਕਦੀ ਗਿਣਨ ਵਾਲੀਆਂ ਮਸ਼ੀਨਾਂ ਵੀ ਕੀਤੀਆਂ ਬਰਾਮਦ

ਅਫਸਰ ਬਾਲਕ੍ਰਿਸ਼ਨ ਤੋਂ ਕਈ ਕੈਸ਼ ਕਾਊਂਟਿੰਗ ਮਸ਼ੀਨਾਂ ਵੀ ਮਿਲੀਆਂ ਹਨ। ਇਸ ਦੇ ਨਾਲ ਹੀ ਉਸ ਦੇ ਘਰ ਤੋਂ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ‘ਚ 4 ਬੈਂਕ ਲਾਕਰਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਨ੍ਹਾਂ ਲਾਕਰਾਂ ਦੀ ਤਲਾਸ਼ੀ ਨਹੀਂ ਲਈ ਹੈ।