Ad-Time-For-Vacation.png

ਗੁਰੂ ਗ੍ਰੰਥ ਸਾਹਿਬ ਨੂੰ ”ਗੁਰੂ” ਕਦੋਂ ਮੰਨਾਂਗੇ?

ਜਸਪਾਲ ਸਿੰਘ ਹੇਰਾਂ

‘ਗੁਰਬਾਣੀ ਇਸ ਜਗ ਮਹਿ ਚਾਨਣ’, ਪ੍ਰੰਤੂ ਅਫ਼ਸੋਸ ਇਹ ਹੈ ਕਿ ਇਸ ਚਾਨਣ ਦਾ ਜਿਸ ਕੌਮ ਨੂੰ ਵਣਜਾਰਾ ਬਣਾਇਆ ਗਿਆ ਸੀ, ਉਹ ਖੁਦ ਹੀ ਹਨੇਰ ਢੋਹਣ ਲੱਗ ਪਈ ਹੈ ਅਤੇ ਗੁਰੂ ਸਾਹਿਬਾਨ ਨੇ ਜਿਸ ਅਨਮੋਲ, ਅਦਭੁੱਤ, ਲਾਸਾਨੀ, ਖਜ਼ਾਨੇ ਦਾ ਸਾਨੂੰ ਮਾਲਕ ਬਣਾਇਆ ਸੀ, ਉਸ ਖ਼ਜ਼ਾਨੇ ਦੀ ਮਹਾਨਤਾ ਤੋਂ ਹੀ ਸਾਡੀਆਂ ਅੱਖਾਂ ਚੁੰਧਿਆ ਚੁੱਕੀਆਂ ਹਨ, ਜਿਸ ਕਾਰਣ ਉਸ ਮਹਾਨ ਚਾਨਣ ਮੁਨਾਰੇ ਦੀ ਸੇਧ ਲੈਣ ਤੋਂ ਅਸੀਂ ਅਸਮਰੱਥ ਹੋ ਗਏ ਹਾਂ। ਅੱਜ ਜਾਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ, ਪ੍ਰੰਤੂ ਅੱਜ ਦੇ ਦਿਨ ਅਸੀਂਂ ਸਾਡੇ ਤੇ ਲੱਗ ਰਹੇ ਉਸ ਦੋਸ਼ ਦੀ ਕਿ ”ਸਿੱਖ ਗੁਰੂ ਨੂੰ ਤਾਂ ਮੰਨਦਾ ਹੈ, ਪ੍ਰੰਤੂ ਗੁਰੂ ਦੀ ਨਹੀਂ ਮੰਨਦਾ” ਦਾ ਮੰਥਨ ਸ਼ਾਇਦ ਕਦੇ ਨਹੀਂ ਕਰਾਂਗੇ। ਗੁਰਬਾਣੀ ਦਾ ਤੋਤਾ ਰਟਨ, ਅੱਜ ਸਿਖ਼ਰਾਂ ਤੇ ਹੈ, ਪ੍ਰੰਤੂ ਗੁਰਬਾਣੀ ਸਿਧਾਂਤ ਪੂਰੀ ਤਰਾਂ ਆਲੋਪ ਹਨ। ਗੁਰੂ ਗ੍ਰੰਥ ਸਾਹਿਬ ਸਾਡੇ ਰਸਮੀ ਗੁਰੂ ਬਣ ਕੇ ਰਹਿ ਗਏ ਹਨ, ਜਦੋਂ ਕਿ ਵਿਵਹਾਰਕ ਰੂਪ ‘ਚ ਅਸੀਂ ਆਪਣੇ ਵੱਖ-ਵੱਖ ਦੇਹਧਾਰੀ ਗੁਰੂ ਬਣਾ ਲਏ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਭਾਵੇਂ ਸਾਹਮਣੇ ਰੱਖਦੇ ਹਨ, ਪ੍ਰੰਤੂ ਉਸਦੀ ਸਿੱਖਿਆ ਦਾ ਪ੍ਰਛਾਵਾ ਕਿਸੇ ਤੇ ਪੈਣ ਨਹੀਂ ਦਿੰਦੇ! ਅਜੋਕੇ ਸਮੇਂ ਅਨੇਕਾਂ ਹੀ ਅਖੌਤੀ ਗੁਰੂ-ਬਾਬੇ ਲੋਕਾਂ ਨੂੰ ਬੁੱਧੂ ਬਣਾ ਕੇ, ਉਨਾਂ ਦਾ ਮਾਨਸਿਕ ਤੇ ਆਰਥਕ ਸ਼ੋਸ਼ਣ ਕਰਨ ਵਿੱਚ ਜੁਟੇ ਹੋਏ ਹਨ।

ਵਿੱਦਿਆ ਦੇ ਪਸਾਰੇ ਦੇ ਬਾਵਜੂਦ ਅਗਿਆਨਤਾ ਦਾ ਹਨੇਰਾ ਇਸ ਕਦਰ ਫੈਲਦਾ ਜਾ ਰਿਹਾ ਹੈ ਕਿ ਆਮ ਮਨੁੱਖ ਨੂੰ ਭਰਮਾ-ਫੁਸਲਾ ਕੇ ਆਪਣਾ ਉੱਲੂ ਸਿੱਧਾ ਕਰਨਾ, ਦੰਭੀ ਅਤੇ ‘ਸੈਤਾਨ ਗੁਰੂ-ਬਾਬਿਆਂ’ ਲਈ ਬੇਹੱਦ ਸੁਖਾਲਾ ਹੈ। ਚੰਗੇ-ਭਲੇ, ਪੜੇ-ਲਿਖੇ ਲੋਕ ਵੀ ਆਸਾਨੀ ਨਾਲ ਇਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਸਿਆਸਤ ਦੀ ਛਤਰ-ਛਾਇਆ ਹੇਠ ਖੁੰਭਾਂ ਵਾਂਗ ਉੱਗ ਰਹੇ, ਇਹ ਦੰਭੀ ਬਾਬੇ ਅਮਰ ਵੇਲ ਦੀ ਤਰਾਂ ਸਾਡੇ ਸਮਾਜ ਉੱਪਰ ਫੈਲਦੇ ਜਾ ਰਹੇ ਹਨ। ਕਮਾਲ ਦੀ ਗੱਲ ਇਹ ਹੈ ਕਿ ਇਨਾਂ ਸਾਰੇ ਦੰਭੀ ਬਾਬਿਆਂ ਦੇ ਚੇਲੇ ਆਪੋ ਆਪਣੇ ਮੁਖੀ ਨੂੰ ‘ਦੁਨੀਆ ਦੇ ਤਾਰਨਹਾਰੇ’ ਹੋਣ ਦਾ ਦਾਅਵਾ ਕਰਦੇ ਹਨ, ਪਰ ਇਨਾਂ ਦੀ ਮੌਜੂਦਗੀ ਵਿੱਚ ਵੀ ਲੋਕਾਈ, ਬੁਰਾਈਆਂ, ਕੁਰੀਤੀਆਂ ਤੇ ਸਮੱਸਿਆਵਾਂ ਦੀ ਦਲਦਲ ਵਿੱਚ ਹੋਰ-ਹੋਰ ਡੂੰਘੀ ਧਸਦੀ ਜਾ ਰਹੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਆਖਰ ਲੋਕ ਇਨਾਂ ਪਾਸ ਕਿਉਂ ਜਾਂਦੇ ਹਨ? ਕਿਉਂ ਇਨਾਂ ਦੇ ਜਾਲ ਵਿੱਚ ਖੁਦ ਜਾ ਕੇ ਫਸ ਰਹੇ ਹਨ? ਇਸ ਦਾ ਸਭ ਤੋਂ ਵੱਡਾ ਕਾਰਨ ਅਗਿਆਨਤਾ ਹੈ।

ਅੱਜ ਦੇ ਜ਼ਮਾਨੇ ਵਿੱਚ ਲੋਕ ਬੇਸ਼ੁਮਾਰ ਆਰਥਕ, ਪਰਿਵਾਰਕ ਸਮੱਸਿਆਵਾਂ ਅਤੇ ਬਿਮਾਰੀਆਂ ਵਿੱਚ ਘਿਰੇ ਹੋਏ ਹਨ। ਇਨਾਂ ਸਮੱਸਿਆਵਾਂ ਦੇ ਵੱਡੇ ਖਰਚ ਤੇ ਬਿਮਾਰੀਆਂ ਦੇ ਮਹਿੰਗੇ ਇਲਾਜ, ਲੋਕਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਇਨਾਂ ਸਮੱਸਿਆਵਾਂ ਦੇ ਹੱਲ ਲਈ ਨਾ ਤਾਂ ਸਰਕਾਰੀ ਪੱਧਰ ‘ਤੇ ਕੋਈ ਸੰਜੀਦਾ ਵਿਉਂਤਬੰਦੀ ਜਾਂ ਪ੍ਰੋਗਰਾਮ ਹੈ ਅਤੇ ਨਾ ਹੀ ਸਮਾਜਕ ਜਾਂ ਧਾਰਮਿਕ ਪੱਧਰ ‘ਤੇ। ਵਿਦਿਅਕ ਢਾਂਚਾ ਲੋਕਾਂ ਨੂੰ ਸਹੀ ਗਿਆਨ ਦੇਣ ਦੀ ਬਜਾਇ ਅੱਖਰ-ਗਿਆਨ ਦੇਣ ਤੱਕ ਹੀ ਮਹਿਦੂਦ ਹੋ ਗਿਆ ਜਾਪਦਾ ਹੈ। ਸਾਡੇ ਸਮਾਜ ਵਿੱਚ ਪੜੇ-ਲਿਖੇ ਅਗਿਆਨੀਆਂ ਦੀ ਗਿਣਤੀ ਅਨਪੜਾਂ ਨਾਲੋਂ ਕਿਸੇ ਤਰਾਂ ਵੀ ਘੱਟ ਨਹੀਂ। ‘ਸ਼ੈਤਾਨ ਗੁਰੂ-ਬਾਬਿਆਂ’ ਅਤੇ ‘ਸਾਧਾਂ-ਸਿਆਣਿਆਂ’ ਦੇ ਡੇਰਿਆਂ ਤੇ ਅਫਸਰਾਂ, ਅਧਿਆਪਕਾਂ, ਡਾਕਟਰਾਂ, ਮੁਲਾਜ਼ਮਾਂ ਦੀ ਹਾਜ਼ਰੀ/ਭੀੜ ਇਸ ਦਾ ਪ੍ਰਤੱਖ ਸਬੂਤ ਹੈ। ਅੱਜ ਦਾ ਟੀ. ਵੀ. ਮੀਡੀਆ ਵੀ ਲੋਕਾਈ ਨੂੰ ਗਿਆਨ ਦੇਣ ਦੀ ਥਾਂ, ਜਾਂ ਤਾਂ ਅਗਿਆਨਤਾ ਦਾ ਹਨੇਰਾ ਫੈਲਾਉਣ ਦਾ ਸਾਧਨ ਬਣਿਆ ਹੋਇਆ ਹੈ ਅਤੇ ਜਾਂ ਫਿਰ ਨਵੀਂ ਪੀੜੀ ਨੂੰ ਕੁਰਾਹੇ ਪਾਉਣ ਲਈ ਮਨੋਰੰਜਨ ਦੇ ਨਾਂ ‘ਤੇ ਮਿੱਠਾ ਜ਼ਹਿਰ ਪਰੋਸ ਰਿਹਾ ਹੈ।

ਇਸ ਸਭ ਕੁਝ ਨੂੰ ਠੱਲ ਪਾਉਣ ਜਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਸਹੀ ਹੱਲ ਲਈ ਕਿਸੇ ਪਾਸਿਓਂ ਵੀ ਕੋਈ ਕਾਰਗਰ ਯਤਨ ਨਹੀਂ ਹੋ ਰਿਹਾ। ਮਾਨਸਿਕ ਤਣਾਅ ਦੀ ਸ਼ਿਕਾਰ ਅਗਿਆਨੀ ਲੋਕ-ਮਾਨਸਿਕਤਾ, ਸਮੱਸਿਆਵਾਂ ਦੇ ਹੱਲ ਲਈ ਸਹੀ ਰਸਤਾ ਅਪਣਾਉਣ ਤੋਂ ਅਸਮਰਥ ਹੈ ਜਿਸ ਕਰਕੇ ਉਹ ਜਾਦੂ-ਮੰਤਰ ਦੀ ਤਰਾਂ ਕੋਈ ਸੁਖਾਲਾ ਰਸਤਾ ਤਲਾਸ਼ਣ ਵੱਲ ਵਧੇਰੇ ਰੁਚੀ ਰੱਖਦੀ ਹੈ। ਭਾਵੇਂ ਅਜਿਹਾ ਹੋਣਾ ਸੰਭਵ ਨਹੀਂ ਫਿਰ ਵੀ ਅਗਿਆਨਤਾ ਵੱਸ ਲੋਕ ਸੁਖਾਲਾ ਰਸਤਾ ਸਮਝ ਕੇ ਅਖੌਤੀ ‘ਗੁਰੂ-ਬਾਬਿਆਂ’ ਅਤੇ ‘ਸਾਧਾਂ-ਸਿਆਣਿਆਂ’ ਦਾ ਸ਼ਿਕਾਰ ਬਣ ਰਹੇ ਹਨ। ‘ਬਾਬਾ’ ਹੋਣ ਦਾ ਦਾਅਵਾ ਕਰਨ ਵਾਲੇ ਇਹ ਦੰਭੀ ਤੇ ਫਰੇਬੀ, ਲੋਕਾਂ ਦੀ ਕਮਜ਼ੋਰ ਅਤੇ ਅਗਿਆਨੀ ਮਾਨਸਿਕਤਾ ਦਾ ਫਾਇਦਾ ਉਠਾ ਕੇ ਆਪਣੀ ਦੁਕਾਨਦਾਰੀ ਨੂੰ ਖੂਬ ਚਮਕਾ ਰਹੇ ਹਨ। ਇਨਾਂ ਝੂਠੇ ‘ਗੁਰੂ-ਬਾਬਿਆਂ’ ਦੀ ਮੌਜੂਦਗੀ ਸਮਾਜ ਨੂੰ ਮਾਨਸਿਕ ਤੌਰ ਤੇ ਕਮਜ਼ੋਰ/ਬਿਮਾਰ ਬਣਾਉਣ ਦਾ ਸਾਧਨ ਬਣ ਰਹੀ ਹੈ। ਲੋਕਾਂ ਦੇ ਸਮੇਂ, ਸ਼ਕਤੀ ਅਤੇ ਧਨ ਦੀ ਬਰਬਾਦੀ ਹੋ ਰਹੀ ਹੈ। ਸਿੱਧੇ-ਅਸਿੱਧੇ ਢੰਗ ਨਾਲ ਆਪੋ ਆਪਣੇ ‘ਬਾਬੇ’ ਨੂੰ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਦਾ ਜਾਨਸ਼ੀਨ ਸਿੱਧ ਕਰਨ ਦੀ ਪ੍ਰਵਿਰਤੀ, ਸੱਚੇ ਗੁਰਾਂ ਦੀ ਪਵਿੱਤਰ ਧਰਤੀ ‘ਪੰਜਾਬ’ ਵਿੱਚ ਨਫਰਤ, ਵੈਰ-ਵਿਰੋਧ ਦਾ ਸਬੱਬ ਬਣ ਰਹੀ ਹੈ।

ਨਕਲੀ ਨਿਰੰਕਾਰੀ, ਸੌਦਾ-ਸਾਧ, ਭਨਿਆਰੇ ਵਾਲੇ, ਨੂਰ-ਮਹਿਲੀਏ ਆਸ਼ੂਤੋਸ਼ ਦੇ ਘਿਨਾਉਣੇ ਕਾਂਡ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਅਜਿਹੇ ਵਾਤਾਵਰਣ ਵਿੱਚ ਲੋਕਾਂ ਨੂੰ ਸਹੀ ਗਿਆਨ ਦੇਣ ਦੀ ਡਾਢੀ ਲੋੜ ਹੈ। ਗੁਰਬਾਣੀ ਦਾ ਸਹੀ ਗਿਆਨ ਦੰਭੀ, ਫਰੇਬੀ ਅਤੇ ਝੂਠੇ ਬਾਬਿਆਂ ਦੇ ਪਾਜ ਉਧੇੜ ਕੇ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰਨ ਦੇ ਪੂਰੀ ਤਰਾਂ ਸਮਰੱਥ ਹੈ। ਗੁਰਬਾਣੀ ਦੇ ਗਿਆਨ ਦੀ ਖੜਗ ਦੁਆਰਾ ਹਰ ਤਰਾਂ ਦੀ ਅਗਿਆਨਤਾ, ਭਰਮ, ਪਾਖੰਡ ਦਾ ਪਰਦਾਫਾਸ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਗੁਰਬਾਣੀ ਦੇ ਗਿਆਨ ਵਿੱਚ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਮੌਜੂਦ ਹੈ, ਲੋੜ ਸਿਰਫ ਉਸ ਨੂੰ ਜਾਣ ਕੇ ਅਮਲੀ ਰੂਪ ਦੇਣ ਦੀ ਹੈ। ਗੁਰਬਾਣੀ ਦੇ ਗਿਆਨ ਪ੍ਰਕਾਸ਼ ਦੁਆਰਾ ਜੇ ਅਸੀਂ ਲੋਕਾਂ ਦੀਆਂ ਉਨਾਂ ਮਾਨਸਿਕ ਉਲਝਣਾਂ, ਪਰਿਵਾਰਕ ਅਤੇ ਹੋਰ ਸਮੱਸਿਆਵਾਂ ਦਾ ਹੱਲ ਦੇ ਸਕੀਏ, ਜਿਨਾਂ ਦੀ ਵਜਾ ਕਰਕੇ ਉਹ ਝੂਠੇ ਗੁਰੂ-ਬਾਬਿਆਂ ਦੇ ਚੁੰਗਲ ਵਿੱਚ ਫਸਦੇ ਹਨ ਤਾਂ ਕੋਈ ਕਾਰਨ ਨਹੀਂ ਕਿ ਇਸ ਤੋਂ ਬਾਅਦ ਵੀ ਕੋਈ ਦੰਭੀ ਬਾਬਾ ਪੰਜਾਬ ਦੀ ਧਰਤੀ ‘ਤੇ ਟਿਕ ਸਕੇ।

ਸਿੱਖੀ ਦੀ ਇਹ ਵਰਤਮਾਨ ਦਸ਼ਾ, ਗੁਰੂ ਤੋਂ ਬੇਮੁੱਖ ਹੋਣ ਕਾਰਣ ਹੋਈ ਹੈ, ਜਦੋਂ ਤੱਕ ਅਸੀਂ ਸਹੀ ਰੂਪ ‘ਚ ਸੱਚੇ ਮਨੋਂ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਦੇ, ਗੁਰਬਾਣੀ ਦੀ ਨਹੀਂ ਮੰਨਦੇ, ਮਨਮੱਤ ਦਾ ਤਿਆਗ ਨਹੀਂ ਕਰਦੇ, ਉਦੋਂ ਤੱਕ ਸਿਵਾਏ, ਖੁਆਰ ਹੋਣ ਦੇ ਸਾਡੇ ਪੱਲੇ ਕੁਝ ਨਹੀਂ ਪੈਣਾ, ਸਾਧਾਂ-ਸੰਤਾਂ, ਪਾਖੰਡੀ ਗੁਰੂਆਂ, ਸਿਆਸੀ ਤੇ ਧਾਰਮਿਕ ਆਗੂਆਂ ਦੀਆਂ ਕਾਰਾਂ, ਕੋਠੀਆਂ ਤੇ ਕੈਸ਼ ਜ਼ਰੂਰ ਅਮਰਵੇਲ ਵਾਗੂੰ ਵੱਧਦੇ ਜਾਣਗੇ ਅਤੇ ਇਹ ਅਮਰਵੇਲ ਸਿੱਖੀ ਦੇ ਬੂਟੇ ਨੂੰ ਸੁਕਾ ਦੇਵੇਗੀ, ਇਸ ਲਈ ਲੋੜ ਹੈ ਕਿ ਅਸੀਂ ਜਾਗ ਜਾਈਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਮਨੋਂ ‘ਗੁਰੂ’ ਮੰਨਣਾ ਸ਼ੁਰੂ ਕਰ ਲਈਏ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.