ਸਰੀ, ਬੀ.ਸੀ. – ਸੋਮਵਾਰ ਦੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਕੌਂਸਲ ਨੇ 24 ਐਵਿਨਿਊ ਅਤੇ ਹਾਈਵੇਅ 99 ਇੰਟਰਚੇਂਜ ਰੈਂਪਸ ਪ੍ਰੋਜੈਕਟ ( Interchange Ramps Project) ਨੂੰ ਵਿਸਥਾਰਤ ਡਿਜ਼ਾਈਨ ਪੜਾਅ ਵੱਲ ਅੱਗੇ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ। ਇਹ ਪ੍ਰੋਜੈਕਟ ਬ੍ਰਿਟਿਸ਼ ਕੋਲੰਬੀਆ ਸਰਕਾਰ ਨਾਲ ਭਾਈਵਾਲੀ ਵਿੱਚ ਤਿਆਰ ਕੀਤਾ ਗਿਆ ਹੈ, ਅਤੇ ਇਸ ਦੇ ਤਹਿਤ ਹਾਈਵੇਅ 99 ‘ਤੇ ਉੱਤਰ ਵੱਲ ਜਾਣ ਅਤੇ ਬਾਹਰ ਨਿਕਲਣ ਦੇ ਨਵੇਂ ਰਾਸਤੇ ਲਿਆਉਣਾ ਸ਼ਾਮਲ ਹੈ, ਜਿਸ ਨਾਲ ਸਾਊਥ ਸਰੀ ਵਿੱਚ ਪਹੁੰਚ ਸੁਧਰੇਗੀ, ਟਰੈਫ਼ਿਕ ਭੀੜ ਘਟੇਗੀ ਅਤੇ ਖੇਤਰ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਨੂੰ ਸਹਾਇਤਾ ਮਿਲੇਗੀ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਊਥ ਸਰੀ ਸਾਡੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਭਾਈਚਾਰਿਆਂ ਵਿੱਚੋਂ ਇੱਕ ਹੈ, ਜਿਸ ਵਿੱਚ ਮਹੱਤਵਪੂਰਨ ਰਿਹਾਇਸ਼ੀ ਵਿਕਾਸ ਚੱਲ ਰਿਹਾ ਹੈ।” “ਮੈਂ ਬਹੁਤ ਖ਼ੁਸ਼ ਹਾਂ ਕਿ ਅਸੀਂ 24 ਐਵਿਨਿਊ ਇੰਟਰਚੇਂਜ ਰੈਂਪ ਦੇ ਵਿਸਤ੍ਰਿਤ ਡਿਜ਼ਾਈਨ ਦੇ ਨਾਲ ਅੱਗੇ ਵਧ ਰਹੇ ਹਾਂ। ਇਹ ਪ੍ਰੋਜੈਕਟ ਸੰਪਰਕ ਨੂੰ ਬਿਹਤਰ ਬਣਾਉਣ ਦੇ ਨਾਲ ਸੁਰੱਖਿਆ ਵਿੱਚ ਸੁਧਾਰ ਕਰੇਗਾ ਅਤੇ ਇਸ ਮਹੱਤਵਪੂਰਨ ਕੌਰੀਡੋਰ ਦੇ ਨਾਲ ਟਰੈਫ਼ਿਕ ਪ੍ਰਵਾਹ ਨੂੰ ਵਧਾਏਗਾ। ਮੈਨੂੰ ਪ੍ਰਾਂਤ ਨਾਲ ਸਾਂਝੇਦਾਰੀ ‘ਤੇ ਮਾਣ ਹੈ, ਜਿਸ ਨਾਲ ਅਸੀਂ ਇੱਕ ਪ੍ਰਯੋਗਿਕ, ਕਿਫ਼ਾਇਤੀ ਹੱਲ ਦੇ ਰਹੇ ਹਾਂ ਜੋ ਜਲਦੀ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਹ ਖੇਤਰੀ ਆਵਾਜਾਈ ਤੇ ਆਰਥਿਕ ਵਿਕਾਸ ਨੂੰ ਸਹਾਇਤਾ ਦੇਵੇਗਾ। ਨਵਾਂ ਕਾਸਕੋ ਪ੍ਰਸਤਾਵ ਖੇਤਰ ਵਿੱਚ ਮਜ਼ਬੂਤ ਕਾਰੋਬਾਰੀ ਰੁਚੀ ਦੀ ਇੱਕ ਉਦਾਹਰਨ ਹੈ।”
164 ਸਟਰੀਟ ਅਤੇ 20 ਐਵਿਨਿਊ ‘ਤੇ ਨਵੇਂ ਪ੍ਰਸਤਾਵਿਤ ਕਾਸਕੋ ਸਟੋਰ ਲਈ ਲੈਂਡ-ਯੂਜ਼ ਅਰਜ਼ੀ ਨੂੰ ਮੀਟਿੰਗ ਵਿੱਚ ਪਹਿਲੀ ਅਤੇ ਦੂਜੀ ਪੜ੍ਹਤ ਦੀ ਮਨਜ਼ੂਰੀ ਮਿਲ ਗਈ ਹੈ। ਜਿਸ ਬਾਰੇ ਨਵੰਬਰ ਵਿੱਚ ਇੱਕ ਜਨਤਕ ਸੁਣਵਾਈ ਰੱਖੀ ਜਾਵੇਗੀ ਹੈ ਤਾਂ ਜੋ ਨਿਵਾਸੀਆਂ ਨੂੰ ਆਪਣੀ ਰਾਏ ਸਾਂਝੀ ਕਰਨ ਦਾ ਮੌਕਾ ਮਿਲੇ, ਇਸ ਤੋਂ ਪਹਿਲਾਂ ਕਿ ਕੌਂਸਲ ਤੀਜੀ ਪੜ੍ਹਤ ਦੀ ਮਨਜ਼ੂਰੀ ਦੇਵੇ।
ਸਿਟੀ ਸਾਊਥ ਸਰੀ ਦੇ ਆਰਥਿਕ ਅਤੇ ਰਿਹਾਇਸ਼ੀ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ, ਟਰੈਫ਼ਿਕ ਦੇ ਪ੍ਰਵਾਹ, ਨੌਕਰੀਆਂ, ਕਾਰੋਬਾਰਾਂ ਅਤੇ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਹਾਈਵੇਅ 99 ‘ਤੇ 20 ਐਵਿਨਿਊ ਤੋਂ ਓਵਰਪਾਸ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਓਵਰਪਾਸ ਵਿੱਚ ਹਰੇਕ ਦਿਸ਼ਾ ਵਿੱਚ ਦੋ ਵਾਹਨ ਯਾਤਰਾ ਲੇਨ ਸ਼ਾਮਲ ਹੋਣਗੇ, ਜਿਸ ਵਿੱਚ ਉੱਤਰ ਵਾਲੇ ਪਾਸੇ ਪੈਦਲ ਚੱਲਣ ਅਤੇ ਸਾਈਕਲਿੰਗ ਲਈ ਇੱਕ ਮਲਟੀਯੂਜ਼ ਮਾਰਗ ਹੋਵੇਗਾ। ਓਵਰਪਾਸ ਦੀ ਤਿਆਰੀ ਲਈ ਯੂਟਿਲਿਟੀ ਤਬਦੀਲੀਆਂ ਅਤੇ ਦਰੱਖਤਾਂ ਦੀ ਕਟਾਈ ਵਰਗੇ ਸ਼ੁਰੂਆਤੀ ਕੰਮ ਚੱਲ ਰਹੇ ਹਨ। ਕਾਨਟ੍ਰੈਕਟ ਦਿੱਤੇ ਜਾਣ ਤੋਂ ਬਾਅਦ ਜਨਵਰੀ 2025 ਵਿੱਚ ਨਿਰਮਾਣ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਜਿਵੇਂ ਸਾਊਥ ਸਰੀ ਦਾ ਵਿਕਾਸ ਜਾਰੀ ਹੈ, ਸਿਟੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਆਵਾਜਾਈ ਦਾ ਬੁਨਿਆਦੀ ਢਾਂਚਾ ਵਸਨੀਕਾਂ, ਕਾਰੋਬਾਰਾਂ ਅਤੇ ਭਵਿੱਖ ਦੇ ਵਿਕਾਸ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਿਆ ਰਹੇ।
ਹੋਰ ਜਾਣਕਾਰੀ ਲਈ Corporate Report R205: 24 Avenue and Highway 99 Interchange Ramps ‘ਤੇ ਜਾਓ।



