Four Indians Drowned In Australia: ਆਸਟ੍ਰੇਲੀਆ ਦੇ ਵਿਕਟੋਰੀਆ ‘ਚ ਪੰਜਾਬ ਦੀ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਚਾਰੋਂ ਇੱਕੋ ਪਰਿਵਾਰ ਨਾਲ ਸਬੰਧਤ ਸਨ। ਉਹ ਫਿਲਿਪ ਆਈਲੈਂਡ ਦੇਖਣ ਆਏ ਸੀ। ਜਿੱਥੇ ਉਹ ਪਾਣੀ ‘ਚ ਡੁੱਬ ਗਏ। ਮ੍ਰਿਤਕਾਂ ‘ਚ ਫਗਵਾੜਾ ਦੇ ਸਮਾਜਸੇਵੀ ਸੋਂਧੀ ਪਰਿਵਾਰ ਦੀ ਨੂੰਹ ਵੀ ਸ਼ਾਮਲ ਹੈ। ਪਰਿਵਾਰ ਵੱਲੋਂ ਅਜੇ ਤਕ ਰੀਮਾ ਸੋਂਧੀ ਤੋਂ ਇਲਾਵਾ ਬਾਕੀ ਮੈਂਬਰਾਂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਬੀਚ ‘ਤੇ ਵਾਪਰੀ ਇਹ ਘਟਨਾ ਲਗਪਗ 20 ਸਾਲਾਂ ‘ਚ ਵਿਕਟੋਰੀਆ ਦੇ ਸਮੁੰਦਰੀ ਖੇਤਰ ‘ਚ ਹੋਏ ਸਭ ਤੋਂ ਭਿਆਨਕ ਹਾਦਸਿਆਂ ‘ਚੋਂ ਇਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵਿਕਟੋਰੀਆ ਦੇ ਫਿਲਿਪ ਆਈਲੈਂਡ ‘ਚ ਬੁੱਧਵਾਰ ਨੂੰ ਵਾਪਰੀ। ਰਿਪੋਰਟਾਂ ਮੁਤਾਬਕ ਐਮਰਜੈਂਸੀ ਸੇਵਾਵਾਂ ਨੂੰ ਬੁੱਧਵਾਰ ਦੁਪਹਿਰ ਕਰੀਬ 3.30 ਵਜੇ ਨਿਊਹੈਵਨ ਨੇੜੇ ਚਾਰ ਲੋਕਾਂ ਦੇ ਡੁੱਬਣ ਦਾ ਖਦਸ਼ਾ ਹੋਣ ਦੀ ਸੂਚਨਾ ਮਿਲੀ।

‘ਲਾਈਫ ਸੇਵਿੰਗ ਵਿਕਟੋਰੀਆ’ ਸਟੇਟ ਏਜੰਸੀ ਦੇ ਕਮਾਂਡਰ ਕੇਨ ਟ੍ਰੇਲੋਅਰ ਨੇ ਕਿਹਾ: “ਲਾਈਫ ਸੇਵਿੰਗ ਵਿਕਟੋਰੀਆ ਨੂੰ ਫਿਲਿਪ ਟਾਪੂ ‘ਤੇ ਜੰਗਲੀ ਗੁਫਾਵਾਂ ਦੇ ਸਮੁੰਦਰੀ ਖੇਤਰ ਵਿੱਚ ਸੰਕਟ ਵਿੱਚ ਘਿਰੇ ਚਾਰ ਲੋਕਾਂ ਦੀ ਸਹਾਇਤਾ ਲਈ ਬੁਲਾਇਆ ਗਿਆ ਸੀ, ਜੋ ਸਾਡੀ ਗਸ਼ਤ ਵਾਲੀ ਲਾਈਫਗਾਰਡ ਸਾਈਟ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ ‘ਤੇ ਸੀ।” ਉਨ੍ਹਾਂ ਕਿਹਾ, ‘ਸਾਡੇ ਲਾਈਫਗਾਰਡਾਂ ਨੇ ਡਿਊਟੀ ‘ਤੇ ਨਾ ਹੋਣ ਦੇ ਬਾਵਜੂਦ ਉਨ੍ਹਾਂ ਵਿੱਚੋਂ ਤਿੰਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਤੇ ਸਾਡੀ ਇੱਕ ਬਚਾਅ ਕਿਸ਼ਤੀ ਨੇ ਪਾਣੀ ਵਿੱਚੋਂ ਆਖਰੀ ਵਿਅਕਤੀ ਨੂੰ ਵੀ ਬਾਹਰ ਕੱਢਿਆ।’ ਉਸ ਨੇ ਦੱਸਿਆ ਕਿ ਸਾਰੇ ਬੇਹੋਸ਼ ਸਨ ਅਤੇ ਉਨ੍ਹਾਂ ਦੇ ਸਰੀਰ ਵਿਚ ਕੋਈ ਹਿਲਜੁਲ ਨਹੀਂ ਸੀ।

ਮ੍ਰਿਤਕਾਂ ‘ਚ ਪੰਜਾਬ ਦੇ ਫਗਵਾੜਾ ਦੀ ਇਕ ਔਰਤ ਵੀ ਸ਼ਾਮਲ ਹੈ। ‘ਪੰਜਾਬ ਨਿਊਜ਼ ਐਕਸਪ੍ਰੈਸ’ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਰੀਮਾ ਵਜੋਂ ਹੋਈ ਹੈ, ਜੋ ਫਗਵਾੜਾ ਦੇ ਉਦਯੋਗਪਤੀ ਓਮ ਸੋਂਧੀ ਦੀ ਨੂੰਹ ਦੱਸੀ ਜਾ ਰਹੀ ਹੈ। ਰਿਪੋਰਟ ‘ਚ ਓਮ ਦੇ ਵੱਡੇ ਭਰਾ ਸਾਬਕਾ ਕੌਂਸਲਰ ਵਿਜੇ ਸੋਂਧੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਦੋਂ ਤੋਂ ਉਨ੍ਹਾਂ ਨੂੰ ਰੀਮਾ ਦੀ ਮੌਤ ਦੀ ਸੂਚਨਾ ਮਿਲੀ ਹੈ, ਉਦੋਂ ਤੋਂ ਉਹ ਸਦਮੇ ‘ਚ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰੀਮਾ ਆਪਣੇ ਪਤੀ ਸੰਜੀਵ ਤੇ ਉਨ੍ਹਾਂ ਦੇ ਭਰਾ ਨਾਲ ਆਸਟ੍ਰੇਲੀਆ ਛੁੱਟੀਆਂ ਮਨਾਉਣ ਗਏ ਸਨ। ਹਾਦਸੇ ‘ਚ ਰੀਮਾ ਦੀ ਭੈਣ ਸੁਹਾਨੀ (22) ਤੇ ਇਕ ਭਰਾ ਵੀ ਇਸ ਹਾਦਸੇ ‘ਚ ਡੁੱਬ ਗਏ। ਹਾਲਾਂਕਿ ਸਥਾਨਕ ਪੁਲਿਸ ਨੇ ਸੰਜੀਵ ਨੂੰ ਬਚਾ ਲਿਆ।