ਅਮਰੀਕਾ ‘ਚ ਡੋਨਾਲਡ ਟਰੰਪ ਦੀ ਸਰਕਾਰ ਨੇ ਸਿੱਖਾਂ ਨੂੰ ਨਵੇਂ ਸਾਲ ‘ਤੇ ਵੱਡਾ ਤੋਹਫ਼ਾ ਦਿੱਤਾ ਹੈ। ਪਿਛਲੇ ਦੋ ਦਹਾਕਿਆਂ ਤੋਂ ਅਮਰੀਕਾ ਰਹਿੰਦੇ ਸਿੱਖਾਂ ਵੱਲੋਂ ਮਰਦਮਸ਼ੁਮਾਰੀ ‘ਚ ਵੱਖਰਾ ਜਾਤੀ ਸਮੂਹ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਮਨਜੂਰੀ ਦੇ ਦਿੱਤੀ ਗਈ ਹੈ। ਸੈਨ ਡਿਆਗੋ ਦੀ ਸਿੱਖ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਦਾ ਫਲ ਮਿਲਿਆ ਹੈ। ਇਸ ਨਾਲ ਅਮਰੀਕਾ ‘ਚ ਸਿਰਫ਼ ਸਿੱਖਾਂ ਲਈ ਹੀ ਨਹੀਂ, ਹੋਰ ਘੱਟਗਿਣਤੀ ਜਾਤੀ ਸਮੂਹਾਂ ਦੀ ਵੱਖਰੀ ਗਿਣਤੀ ਦਾ ਰਸਤਾ ਖੁੱਲ੍ਹੇਗਾ।
ਇਸ ਫ਼ੈਸਲੇ ਨੂੰ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਯੂਨਾਈਟਿਡ ਸੰਗਠਨ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੋਵੇਗਾ ਕਿ ਅਮਰੀਕੀ ਮਰਦਮਸ਼ੁਮਾਰੀ ‘ਚ ਘੱਟਗਿਣਤੀ ਸਮੂਹ ਦੀ ਵੱਖਰੇ ਤੌਰ ‘ਤੇ ਗਿਣਤੀ ਕੀਤੀ ਜਾਵੇਗੀ ਅਤੇ ਉਸ ਨੂੰ ਵੱਖਰਾ ਕੋਡ ਮਿਲੇਗਾ। ਯੂਨਾਈਟਿਡ ਸਿੱਖ ਦੇ ਨੁਮਾਇੰਦਿਆਂ ਦੀ ਅਮਰੀਕੀ ਮਰਦਮਸ਼ੁਮਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰੀ ਬੈਠਕਾਂ ਹੋਈਆਂ ਸਨ। ਨਵੀਂ ਬੈਠਕ 6 ਜਨਵਰੀ ਨੂੰ ਸੈਨ ਡਿਆਗੋ ‘ਚ ਹੋਈ ਸੀ। ਅਮਰੀਕੀ ਮਰਦਮਸ਼ੁਮਾਰੀ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਮਰੀਕਾ ‘ਚ ਸਿੱਖਾਂ ਦੀ ਸਹੀ ਗਿਣਤੀ ਲਈ ਇਕ ਵੱਖਰੇ ਕੋਡ ਦੀ ਲੋੜ ਹੋਵੇਗੀ। ਯੂਨਾਈਟਿਡ ਸਿੱਖ ਮੁਤਾਬਕ ਅਮਰੀਕਾ ‘ਚ ਸਿੱਖਾਂ ਦੀ ਗਿਣਤੀ ਕਰੀਬ 10 ਲੱਖ ਹੈ। ਅਮਰੀਕਾ ‘ਚ ਰਹਿ ਰਹੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ ਅਤੇ ਉਨ੍ਹਾਂ ਨੇ ਅਮਰੀਕੀ ਫੈਡਰਲ ਰਜਿਸਟਰ ‘ਚ ਵੀ ਕਮੈਂਟਰੀ ਦਾਇਰ ਕੀਤੀ ਸੀ ਜਿਸ ‘ਚ ਸਿੱਖਾਂ ਨੂੰ ਵੱਖਰੇ ਜਾਤੀ ਸਮੂਹ ਵਜੋਂ ਸ਼ਾਮਲ ਕੀਤੇ ਜਾਣ ਦੀ ਵਕਾਲਤ ਕੀਤੀ ਗਈ ਸੀ।