ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਵਿਸ਼ਵ ਕੱਪ 2023 ਦੇ ਪਲੇਅਰ ਆਫ ਦ ਟੂਰਨਾਮੈਂਟ ਲਈ ਆਪਣੀ ਪਸੰਦ ਦਾ ਖੁਲਾਸਾ ਕੀਤਾ ਹੈ। ਯੁਵਰਾਜ ਸਿੰਘ ਨੇ ਆਪਣੀ ਪਸੰਦ ਦਾ ਖੁਲਾਸਾ ਕਰਕੇ ਫਾਰਮ ਵਿੱਚ ਚੱਲ ਰਹੇ ਕਪਤਾਨ ਰੋਹਿਤ ਸ਼ਰਮਾ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਝਟਕਾ ਦਿੱਤਾ ਹੈ।
ਯੁਵਰਾਜ ਸਿੰਘ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵਿਸ਼ਵ ਕੱਪ 2023 ਦੇ ਪਲੇਅਰ ਆਫ ਦ ਟੂਰਨਾਮੈਂਟ ਲਈ ਆਪਣੀ ਪਸੰਦ ਵਜੋਂ ਚੁਣਿਆ ਹੈ। ਯੁਵਰਾਜ ਸਿੰਘ ਨੇ ਸਪੋਰਟਸ ਟਾਕ ਨਾਲ ਗੱਲਬਾਤ ‘ਚ ਕਿਹਾ, “ਭਾਰਤ ਦੇ ਕੋਲ ਹਮੇਸ਼ਾ ਹੀ ਬੈਂਚ ‘ਤੇ ਮੈਚ ਵਿਨਰ ਰਹੇ। ਮੈਂ ਇਹ ਨਹੀਂ ਕਹਾਂਗਾ ਕਿ ਹਾਰਦਿਕ ਪਾਂਡਿਆ ਦੀ ਸੱਟ ਚੰਗੀ ਰਹੀ ਪਰ ਕੋਈ ਇਹ ਦੇਖਣਾ ਚਾਹੁੰਦਾ ਸੀ ਕਿ ਸ਼ਮੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰੇਗਾ। ਜਿਸ ਤਰ੍ਹਾਂ ਉਸਨੇ ਆਪਣੀਆਂ ਗੇਂਦਾਂ ਤੋਂ ਅੱਗ ਕੱਢੀ। ਮੇਰੇ ਖਿਆਲ ‘ਚ ਜੇਕਰ ਕੋਈ ਪਲੇਅਰ ਆਫ ਦ ਟੂਰਨਾਮੈਂਟ ਦਾ ਹੱਕਦਾਰ ਹੈ ਤਾਂ ਉਹ ਮੁਹੰਮਦ ਸ਼ਮੀ ਹੈ।”
ਸ਼ਮੀ ਦੀ ਘਾਤਕ ਗੇਂਦਬਾਜ਼ੀ
ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਮੁਹੰਮਦ ਸ਼ਮੀ ਨੇ ਹੁਣ ਤੱਕ 6 ਮੈਚਾਂ ਵਿੱਚ 23 ਵਿਕਟਾਂ ਲਈਆਂ ਹਨ। ਸ਼ਮੀ ਨੂੰ ਸ਼ੁਰੂਆਤੀ ਮੈਚਾਂ ‘ਚ ਪਲੇਇੰਗ 11 ‘ਚ ਮੌਕਾ ਨਹੀਂ ਮਿਲਿਆ ਪਰ ਹਾਰਦਿਕ ਪਾਂਡਿਆ ਦੇ ਜ਼ਖਮੀ ਹੋਣ ਤੋਂ ਬਾਅਦ ਤੇਜ਼ ਗੇਂਦਬਾਜ਼ ਨੂੰ ਮੌਕਾ ਮਿਲਿਆ। ਇਸ ਤੋਂ ਬਾਅਦ ਸ਼ਮੀ ਨੇ ਆਪਣੀ ਮਾਰੂ ਗੇਂਦਬਾਜ਼ੀ ਨਾਲ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਦੇ ਮਨਾਂ ‘ਚ ਡਰ ਪੈਦਾ ਕਰ ਦਿੱਤਾ।
ਸ਼ਮੀ ਮੌਜੂਦਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਸ਼ਮੀ ਨੇ ਇਸ ਟੂਰਨਾਮੈਂਟ ਦੌਰਾਨ ਕਈ ਰਿਕਾਰਡ ਆਪਣੇ ਨਾਂ ਕੀਤੇ। ਸ਼ਮੀ ਵਿਸ਼ਵ ਕੱਪ ਵਿੱਚ 50 ਤੋਂ ਵੱਧ ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਸੱਜੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ‘ਚ 57 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਸਨ। ਸ਼ਮੀ ਵਨਡੇ ਇਤਿਹਾਸ ਵਿੱਚ ਭਾਰਤ ਵੱਲੋਂ ਸਭ ਤੋਂ ਵਧੀਆ ਗੇਂਦਬਾਜ਼ੀ ਪ੍ਰਦਰਸ਼ਨ ਕਰਨ ਵਾਲਾ ਗੇਂਦਬਾਜ਼ ਵੀ ਬਣ ਗਿਆ।
ਭਾਰਤ ਦੀ ਤੀਸਰੇ ਖਿਤਾਬ ’ਤੇ ਨਜ਼ਰ
ਹਾਲਾਂਕਿ ਭਾਰਤੀ ਟੀਮ ਦੀ ਨਜ਼ਰ ਤੀਜੀ ਵਾਰ ਖਿਤਾਬ ਜਿੱਤਣ ‘ਤੇ ਹੋਵੇਗੀ। ਭਾਰਤ ਨੇ 1983 ਅਤੇ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਰੋਹਿਤ ਸ਼ਰਮਾ ਵਨਡੇ ਵਿਸ਼ਵ ਕੱਪ ਖਿਤਾਬ ‘ਤੇ ਭਾਰਤ ਦੀ ਅਗਵਾਈ ਕਰਨ ਵਾਲੇ ਦੇਸ਼ ਦੇ ਤੀਜੇ ਕਪਤਾਨ ਬਣਨਾ ਚਾਹੁਣਗੇ। ਇਸ ਤੋਂ ਪਹਿਲਾਂ ਭਾਰਤ ਨੇ ਕਪਿਲ ਦੇਵ ਅਤੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਇਹ ਖਿਤਾਬ ਜਿੱਤਿਆ ਸੀ।


