ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਡੇਂਗੂ ਹੋਣ ਤੋਂ ਬਾਅਦ ਚੇਨਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਾਣਕਾਰੀ ਮੁਤਾਬਿਕ ਗਿੱਲ ਦੀ ਪਲੇਟਲੈਟ ਇਕ ਲੱਖ ਤੋਂ ਹੇਠਾਂ ਆ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਭਾਰਤੀ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਸ਼ੁਭਮਨ ਗਿੱਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਹਾਲਾਂਕਿ ਭਾਰਤੀ ਟੀਮ ਦੀ ਚਿੰਤਾ ਅਜੇ ਖ਼ਤਮ ਨਹੀਂ ਹੋਈ ਹੈ। ਸ਼ੁਭਮਨ ਗਿੱਲ ਲਈ 14 ਅਕਤੂਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਮੈਚ ਖੇਡਣਾ ਮੁਸ਼ਕਲ ਹੈ। ਬੀਸੀਸੀਆਈ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਹੈ ਕਿ ਸ਼ੁਭਮਨ ਗਿੱਲ ਬੁੱਧਵਾਰ ਨੂੰ ਅਫਗਾਨਿਸਤਾਨ ਖਿਲਾਫ ਭਾਰਤੀ ਟੀਮ ਦੇ ਮੈਚ ਵਿੱਚ ਹਿੱਸਾ ਨਹੀਂ ਲਵੇਗਾ।

ਬੀਸੀਸੀਆਈ ਦੇ ਇੱਕ ਸੂਤਰ ਨੇ ਨਾਂ ਜ਼ਾਹਿਰ ਕਰਨ ਤੋਂ ਇਨਕਾਰ ਕਰਦਿਆਂ ਪੀਟੀਆਈ ਨੂੰ ਦੱਸਿਆ ਕਿ ਸ਼ੁਭਮਨ ਗਿੱਲ ਨੂੰ ਪਿਛਲੇ ਕੁਝ ਦਿਨਾਂ ਤੋਂ ਚੇਨਈ ਦੇ ਟੀਮ ਹੋਟਲ ਵਿਚ ਡ੍ਰਿਪ ਲੱਗ ਰਹੀ ਸੀ। ਹਾਲਾਂਕਿ ਉਸ ਦੇ ਪਲੇਟਲੈਟ ਦੀ ਗਿਣਤੀ 70,000 ਤੱਕ ਘਟ ਗਈ ਸੀ। ਜੇ ਡੇਂਗੂ ਦੇ ਮਰੀਜ਼ ਦੀ ਪਲੇਟਲੇਟ ਕਾਊਂਟ ਇੱਕ ਲੱਖ ਤੋਂ ਘਟ ਜਾਂਦੀ ਹੈ, ਤਾਂ ਉਸ ਨੂੰ ਸਾਵਧਾਨੀ ਵਜੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ। ਗਿੱਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਅਤੇ ਐਤਵਾਰ ਨੂੰ ਉਨ੍ਹਾਂ ਦੇ ਸਾਰੇ ਟੈਸਟ ਕੀਤੇ ਗਏ ਸਨ। ਗਿੱਲ ਨੂੰ ਸੋਮਵਾਰ ਸ਼ਾਮ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਕਿਸ ਹਸਪਤਾਲ ਵਿਚ ਦਾਖ਼ਲ ਸੀ ਸ਼ੁਭਮਨ ਗਿੱਲ ?

ਪਤਾ ਲੱਗਿਆ ਹੈ ਕਿ ਸ਼ੁਭਮਨ ਗਿੱਲ ਨੂੰ ਚੇਨਈ ਦੇ ਮਸ਼ਹੂਰ ਮਲਟੀ ਕੇਅਰ ਸਪੈਸ਼ਲਿਟੀ ਹਸਪਤਾਲ ਕਾਵੇਰੀ ‘ਚ ਦਾਖ਼ਲ ਕਰਵਾਇਆ ਗਿਆ ਸੀ। ਭਾਰਤੀ ਟੀਮ ਦੇ ਡਾਕਟਰ ਰਿਜ਼ਵਾਨ ਉਸ ਦੇ ਨਾਲ ਰਹੇ। ਪਾਕਿਸਤਾਨ ਖਿਲਾਫ ਹਾਈਵੋਲਟੇਜ ਮੈਚ ‘ਚ ਕਰੀਬ 96 ਘੰਟੇ ਬਾਕੀ ਹਨ ਪਰ ਭਾਰਤੀ ਟੀਮ ਪ੍ਰਬੰਧਨ ਲਈ ਗਿੱਲ ਦੀ ਸਿਹਤ ਮਹੱਤਵਪੂਰਨ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ।

ਕੀ ਕਿਹਾ ਰੋਹਿਤ ਸ਼ਰਮਾ ਨੇ

ਜ਼ਿਕਰਯੋਗ ਹੈ ਕਿ ਡੇਂਗੂ ਕਾਰਨ ਸਰੀਰ ‘ਚ ਕਾਫੀ ਕਮਜ਼ੋਰੀ ਆ ਜਾਂਦੀ ਹੈ ਅਤੇ ਸਰੀਰਕ ਤੌਰ ‘ਤੇ ਠੀਕ ਹੋਣ ‘ਚ ਕੁਝ ਸਮਾਂ ਲੱਗਦਾ ਹੈ। ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ‘ਚ ਗਿੱਲ ਨੂੰ ਲੈ ਕੇ ਕੋਈ ਵੀ ਜੋਖ਼ਮ ਨਹੀਂ ਉਠਾਉਣਾ ਚਾਹੁੰਦੇ। ਭਾਰਤੀ ਕਪਤਾਨ ਰੋਹਿਤ ਸ਼ਰਮਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਤਰਜੀਹ ਇਹ ਦੇਖਣਾ ਹੈ ਕਿ ਗਿੱਲ ਹੁਣ ਹੋਰ ਬਿਮਾਰ ਨਾ ਹੋਵੇ।

ਹਾਂ, ਸ਼ੁਭਮਨ ਗਿੱਲ ਬਿਮਾਰ ਹੈ। ਮੈਂ ਉਨ੍ਹਾਂ ਲਈ ਮਹਿਸੂਸ ਕਰਦਾ ਹਾਂ ਪਰ ਪਹਿਲਾਂ ਇਨਸਾਨ ਹੋਣ ਦੇ ਨਾਤੇ ਮੈਂ ਚਾਹੁੰਦਾ ਹਾਂ ਕਿ ਉਹ ਪਹਿਲਾਂ ਠੀਕ ਹੋ ਜਾਣ। ਮੈਂ ਉਹ ਕਪਤਾਨ ਨਹੀਂ ਹਾਂ ਜੋ ਸੋਚਦਾ ਹੋਵੇ ਕਿ ਗਿੱਲ ਨੂੰ ਕੱਲ੍ਹ ਖੇਡਣਾ ਪਵੇਗਾ। ਮੈਂ ਚਾਹੁੰਦਾ ਹਾਂ ਕਿ ਉਹ ਠੀਕ ਰਹੇ ਕਿਉਂਕਿ ਉਹ ਜਵਾਨ ਹੈ। ਜੇ ਉਸ ਦਾ ਸਰੀਰ ਫਿੱਟ ਹੈ ਤਾਂ ਜਲਦੀ ਠੀਕ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਕਿਸ਼ਨ ਨੇ ਸੰਭਾਲ ਲਈ ਸੀ ਜ਼ਿੰਮੇਵਾਰੀ

ਸ਼ੁਭਮਨ ਗਿੱਲ ਡੇਂਗੂ ਕਾਰਨ ਆਸਟ੍ਰੇਲੀਆ ਖਿਲਾਫ ਪਹਿਲਾ ਮੈਚ ਨਹੀਂ ਖੇਡ ਸਕੇ ਸਨ। ਉਸ ਦੀ ਜਗ੍ਹਾ ਈਸ਼ਾਨ ਕਿਸ਼ਨ ਨੇ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਇਹ ਦੋਵੇਂ ਬੱਲੇਬਾਜ਼ ਫਲਾਪ ਰਹੇ ਅਤੇ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਭਾਰਤੀ ਪ੍ਰਸ਼ੰਸਕ ਅਤੇ ਅਧਿਕਾਰੀ ਸ਼ੁਭਮਨ ਗਿੱਲ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।