ਅਭਿਸ਼ੇਕ ਤਿ੍ਪਾਠੀ, ਅਹਿਮਦਾਬਾਦ : ਜਦ ਤੁਹਾਡੇ ਕੋਲ ਰਾਹੁਲ ਦ੍ਰਾਵਿੜ ਦਾ ਧੀਰਜ, ਸਚਿਨ ਤੇਂਦੁਲਕਰ ਦੀ ਹਮਲਾਵਰ ਸ਼ੈਲੀ ਤੇ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਡੇਵੋਨ ਕਾਨਵੇ (ਅਜੇਤੂ 152) ਦਾ ਸਾਥ ਹੋਵੇ ਤਾਂ ਵਿਸ਼ਵ ਕੱਪ ਚੈਂਪੀਅਨ ਟੀਮ ਦੇ ਗੇਂਦਬਾਜ਼ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕੇ। ਕੁਝ ਅਜਿਹਾ ਹੀ ਕੀਤਾ ਭਾਰਤੀ ਮੂਲ ਦੇ ਹਰਫ਼ਨਮੌਲਾ ਰਚਿਨ ਰਵਿੰਦਰ (ਅਜੇਤੂ 123) ਨੇ। ਭਾਰਤ ਖ਼ਿਲਾਫ਼ ਕਾਨਪੁਰ ਟੈਸਟ ਵਿਚ ਸ਼ੁਰੂਆਤ ਕਰਨ ਵਾਲੇ ਰਚਿਨ ਨੇ ਇਕ ਵਿਕਟ ਲੈਣ ਦੇ ਨਾਲ ਹੀ ਆਪਣੇ ਪੁਰਖਿਆਂ ਦੀ ਧਰਤੀ ‘ਤੇ ਵਨ ਡੇ ਕਰੀਅਰ ਦਾ ਪਹਿਲਾ ਸੈਂਕੜਾ ਠੋਕ ਦਿੱਤਾ। ਉਨ੍ਹਾਂ ਦਾ ਸਾਥ ਓਪਨਰ ਕਾਨਵੇ ਨੇ ਆਪਣਾ ਪੰਜਵਾਂ ਵਨ ਡੇ ਸੈਂਕੜਾ ਲਾ ਕੇ ਦਿੱਤਾ। ਦੋਵਾਂ ਨੇ ਦੂਜੀ ਵਿਕਟ ਲਈ 273 ਦੌੜਾਂ ਦੀ ਅਜੇਤੂ ਭਾਈਵਾਲੀ ਕੀਤੀ।

ਇਸ ਨਾਲ ਨਿਊਜ਼ੀਲੈਂਡ ਨੇ 2019 ਵਿਸ਼ਵ ਕੱਪ ਦੇ ਫਾਈਨਲ ਵਿਚ ਲਾਰਡਜ਼ ਸਟੇਡੀਅਮ ਵਿਚ ਬਾਊਂਡਰੀ ਦੇ ਆਧਾਰ ‘ਤੇ ਮਿਲੀ ਹਾਰ ਦਾ ਬਦਲਾ ਲਿਆ। ਕੀਵੀਆਂ ਨੇ ਭਾਰਤ ਦੀ ਧਰਤੀ ‘ਤੇ ਹੋ ਰਹੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ ਨੌਂ ਵਿਕਟਾਂ ਨਾਲ ਮਾਤ ਦਿੱਤੀ। ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਨੂੰ 50 ਓਵਰਾਂ ‘ਚ ਸਪਾਟ ਪਿੱਚ ‘ਤੇ 282 ਦੌੜਾਂ ‘ਤੇ ਰੋਕ ਦਿੱਤਾ। ਜਵਾਬ ਵਿਚ ਨਿਊਜ਼ੀਲੈਂਡ ਨੇ ਸਿਰਫ਼ 36.2 ਓਵਰਾਂ ‘ਚ ਇਕ ਵਿਕਟ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।