ਸਪੋਰਟਸ ਡੈਸਕ, ਨਵੀਂ ਦਿੱਲੀ : ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਦੁਨੀਆ ਦੇ ਮਹਾਨ ਗੇਂਦਬਾਜ਼ਾਂ ਦੇ ਮਨਾਂ ‘ਚ ਡਰ ਪੈਦਾ ਕਰਨ ਵਾਲੇ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਵਿਸ਼ੇਸ਼ ਸਨਮਾਨ ਮਿਲਿਆ ਹੈ। ਵੀਰੂ ਨੂੰ ਆਈਸੀਸੀ ਹਾਲ ਆਫ ਫੇਮ ‘ਚ ਸ਼ਾਮਲ ਕੀਤਾ ਗਿਆ ਹੈ। ਸਹਿਵਾਗ ਦੇ ਨਾਲ-ਨਾਲ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਡਾਇਨਾ ਐਡੁਲਜੀ ਨੂੰ ਵੀ ਇਸ ਵਿਸ਼ੇਸ਼ ਕਲੱਬ ‘ਚ ਜਗ੍ਹਾ ਦਿੱਤੀ ਗਈ ਹੈ।
ਸਹਿਵਾਗ ਨੂੰ ਮਿਲਿਆ ਵਿਸ਼ੇਸ਼ ਸਨਮਾਨ
2011 ‘ਚ ਵਿਸ਼ਵ ਚੈਂਪੀਅਨ ਬਣੀ ਟੀਮ ਇੰਡੀਆ ਦਾ ਹਿੱਸਾ ਰਹੇ ਵਰਿੰਦਰ ਸਹਿਵਾਗ ਨੂੰ ਆਈਸੀਸੀ ਹਾਲ ਆਫ ਫੇਮ ‘ਚ ਸ਼ਾਮਲ ਕੀਤਾ ਗਿਆ ਹੈ। ਮੁਲਤਾਨ ਦੇ ਸੁਲਤਾਨ ਦੇ ਨਾਂ ਨਾਲ ਮਸ਼ਹੂਰ ਸਹਿਵਾਗ ਨੇ ਆਪਣੇ ਕਰੀਅਰ ਦੌਰਾਨ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਵੀਰੂ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਭਾਰਤੀ ਟੀਮ ਨੂੰ ਕਈ ਮੈਚਾਂ ‘ਚ ਯਾਦਗਾਰ ਜਿੱਤਾਂ ਦਿਵਾਈਆਂ। ਸਹਿਵਾਗ ਨੂੰ ਉਨ੍ਹਾਂ ਚੋਣਵੇਂ ਬੱਲੇਬਾਜ਼ਾਂ ‘ਚ ਗਿਣਿਆ ਜਾਂਦਾ ਹੈ ਜੋ ਮੈਚ ਦੀ ਪਹਿਲੀ ਗੇਂਦ ਨੂੰ ਬਾਊਂਡਰੀ ਲਾਈਨ ਦੇ ਪਾਰ ਲਿਜਾਣ ‘ਚ ਮਾਹਰ ਮੰਨੇ ਜਾਂਦੇ ਸਨ।
Virender Sehwag was a game-changer with the bat and the former India opener is now a much-deserved member of the ICC Hall of Fame 💥🏏
More on his achievements and journey 👉 https://t.co/wFLhmrPxJA pic.twitter.com/L0vJrKPdgt
— ICC (@ICC) November 13, 2023
ਵੀਰੂ ਦੇ ਬੇਮਿਸਾਲ ਰਿਕਾਰਡ
ਵਰਿੰਦਰ ਸਹਿਵਾਗ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਸਹਿਵਾਗ ਦੀ ਬੱਲੇਬਾਜ਼ੀ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ ਯਾਨੀ ਟੈਸਟ ‘ਚ ਸ਼ਾਨਦਾਰ ਰਹੀ ਤੇ ਉਨ੍ਹਾਂ ਨੇ ਸਫੇਦ ਜਰਸੀ ‘ਚ ਖੇਡਦੇ ਹੋਏ ਦੋ ਵਾਰ ਤੀਹਰਾ ਸੈਂਕੜਾ ਜੜਿਆ। ਸਹਿਵਾਗ ਨੇ ਆਪਣੇ ਕਰੀਅਰ ‘ਚ ਕੁੱਲ 104 ਟੈਸਟ ਮੈਚ ਖੇਡੇ ਤੇ ਇਸ ਦੌਰਾਨ ਉਨ੍ਹਾਂ ਆਪਣੇ ਬੱਲੇ ਨਾਲ 49.34 ਦੀ ਔਸਤ ਨਾਲ 8586 ਦੌੜਾਂ ਬਣਾਈਆਂ। ਵੀਰੂ ਨੇ 23 ਸੈਂਕੜੇ ਅਤੇ 32 ਅਰਧ ਸੈਂਕੜੇ ਲਗਾਏ।
ਸਹਿਵਾਗ ਨੇ ਭਾਰਤ ਲਈ 251 ਵਨਡੇ ਮੈਚ ਖੇਡੇ ਤੇ ਇਸ ਦੌਰਾਨ ਉਨ੍ਹਾਂ ਨੇ 35 ਦੀ ਔਸਤ ਨਾਲ 8,273 ਦੌੜਾਂ ਬਣਾਈਆਂ। ਵੀਰੂ ਨੇ 50 ਓਵਰਾਂ ਦੀ ਕ੍ਰਿਕਟ ‘ਚ ਕੁੱਲ 15 ਸੈਂਕੜੇ ਤੇ 38 ਅਰਧ ਸੈਂਕੜੇ ਜੜੇ। ਸਹਿਵਾਗ ਨੂੰ ਫਟਾਫਟ ਕ੍ਰਿਕਟ ਦਾ ਫਾਰਮੈਟ ਖੂਬ ਰਾਸ ਆਇਆ ਤੇ ਉਨ੍ਹਾਂ ਨੇ 19 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 145 ਦੇ ਮਜ਼ਬੂਤ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ 394 ਦੌੜਾਂ ਬਣਾਈਆਂ।
ਡਾਇਨਾ ਐਡੁਲਜੀ ਨੇ ਹਾਸਲ ਕੀਤਾ ਖਾਸ ਮੁਕਾਮ
ਡਾਇਨਾ ਐਡੁਲਜੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹਨ ਜਿਨ੍ਹਾਂ ਨੂੰ ICC ਹਾਲ ਆਫ ਫੇਮ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਭਾਰਤ ਲਈ ਕੁੱਲ 20 ਟੈਸਟ ਤੇ 34 ਵਨਡੇ ਮੈਚ ਖੇਡੇ। ਐਡੁਲਜੀ ਨੇ ਟੈਸਟ ਵਿੱਚ 63 ਅਤੇ ਇੱਕ ਰੋਜ਼ਾ ਕ੍ਰਿਕਟ ਵਿੱਚ 46 ਵਿਕਟਾਂ ਲਈਆਂ।


