ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੇ ਤਿਲਕ ਨਗਰ ਇਲਾਕੇ ‘ਚ ਇਕ ਔਰਤ ਦਾ ਕਤਲ ਕਰਕੇ ਲਾਸ਼ ਸੁੱਟਣ ਦੇ ਮਾਮਲੇ ‘ਚ ਤਿਲਕ ਨਗਰ ਥਾਣਾ ਪੁਲਿਸ ਨੇ ਗੁਰਪ੍ਰੀਤ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਉਸ ਕਾਰ ਵਿੱਚ ਜਾ ਰਿਹਾ ਸੀ ਜਿਸ ਵਿੱਚ ਔਰਤ ਦੀ ਲਾਸ਼ ਨੂੰ ਤਿਲਕ ਨਗਰ ਇਲਾਕੇ ਵਿੱਚ ਸੁੱਟਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਔਰਤ ਦੀ ਲਾਸ਼ ਸ਼ੁੱਕਰਵਾਰ ਸਵੇਰੇ ਸਕੂਲ ਦੀ ਕੰਧ ਨੇੜੇ ਮਿਲੀ ਸੀ, ਉਸ ਦੇ ਹੱਥ-ਪੈਰ ਸੰਗਲਾਂ ਨਾਲ ਬੰਨ੍ਹੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਔਰਤ ਵਿਦੇਸ਼ ਦੀ ਰਹਿਣ ਵਾਲੀ ਹੈ।
ਪੁਲਿਸ ਨੇ ਕੀਤੇ ਇਹ ਖੁਲਾਸੇ
ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਐੱਮਸੀਡੀ ਸਕੂਲ ਦੇ ਬਾਹਰ ਲਾਸ਼ ਮਿਲਣ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਤੇ ਫੋਰੈਂਸਿਕ ਟੀਮ, ਡੀਡੀਯੂ ਹਸਪਤਾਲ ਦੇ ਡਾਕਟਰਾਂ ਆਦਿ ਨੂੰ ਵੀ ਬੁਲਾਇਆ।
ਹਾਲਾਂਕਿ ਲਾਸ਼ ਦੀ ਹਾਲਤ ਅਜਿਹੀ ਸੀ ਕਿ ਉਸ ਸਮੇਂ ਕੋਈ ਨਹੀਂ ਕਹਿ ਸਕਦਾ ਸੀ ਕਿ ਕਤਲ ਕਿਵੇਂ ਹੋਇਆ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਸੀਸੀਟੀਵੀ ਦੀ ਜਾਂਚ ਸ਼ੁਰੂ ਕਰ ਦਿੱਤੀ।
ਸੀਸੀਟੀਵੀ ਫੁਟੇਜ ਤੋਂ ਕੀ ਹੋਇਆ ਖੁਲਾਸਾ?
ਸੀਸੀਟੀਵੀ ਫੁਟੇਜ ਵਿੱਚ ਪੁਲਿਸ ਨੂੰ ਇੱਕ ਕਾਰ ਸ਼ੱਕੀ ਲੱਗੀ ਤੇ ਜਦੋਂ ਉਸ ਦੇ ਨੰਬਰ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਿਆ ਕਿ ਇਹ ਇੱਕ ਮਹੀਨਾ ਪਹਿਲਾਂ ਸੈਕਿੰਡ ਹੈਂਡ ਕਾਰ ਡੀਲਰ ਤੋਂ ਨਕਦੀ ਵਿੱਚ ਖਰੀਦੀ ਗਈ ਸੀ।
ਜਦੋਂ ਖਰੀਦਦਾਰ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਰ ਗੁਰਪ੍ਰੀਤ ਨਾਂ ਦੇ ਵਿਅਕਤੀ ਨੇ ਕਿਸੇ ਹੋਰ ਔਰਤ ਦੇ ਆਧਾਰ ‘ਤੇ ਖਰੀਦੀ ਸੀ। ਇਸ ਤਰ੍ਹਾਂ ਪੁਲਿਸ ਨੇ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ।
ਕੀ ਕਰਦਾ ਹੈ ਦੋਸ਼ੀ ਗੁਰਪ੍ਰੀਤ?
ਡੀਸੀਪੀ ਵੈਸਟ ਵਚਿਤਰ ਵੀਰ ਨੇ ਦੱਸਿਆ ਕਿ ਹੁਣ ਤੱਕ ਕੀਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰੀਤ ਕੋਲ ਕੋਈ ਰੈਗੂਲਰ ਨੌਕਰੀ ਨਹੀਂ ਹੈ। ਕਦੇ ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ, ਕਦੇ ਦੋਸਤਾਂ ਤੋਂ ਉਧਾਰ ਲੈ ਕੇ ਆਪਣੇ ਖਰਚੇ ਪੂਰੇ ਕਰਦਾ ਹੈ।
ਜਦੋਂ ਪੁਲਿਸ ਨੂੰ ਪੁੱਛਿਆ ਗਿਆ ਕਿ ਗੁਰਪ੍ਰੀਤ ਕਿੰਨੀ ਵਾਰ ਸਵਿਟਜ਼ਰਲੈਂਡ ਗਿਆ ਹੈ ਤਾਂ ਪੁਲਿਸ ਨੇ ਕਿਹਾ ਕਿ ਇਹ ਅਜੇ ਜਾਂਚ ਦਾ ਵਿਸ਼ਾ ਹੈ ਤੇ ਉਹ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਹਿ ਸਕਣਗੇ।
ਕਿਉਂ ਰੱਖੀਆਂ ਦੋ ਕਾਰਾਂ?
ਡੀਸੀਪੀ ਨੇ ਦੱਸਿਆ ਕਿ ਗੁਰਪ੍ਰੀਤ ਨੇ ਦੋ ਕਾਰਾਂ ਰੱਖੀਆਂ ਹੋਈਆਂ ਸਨ। ਉਸ ਨੇ ਲਾਸ਼ ਨੂੰ ਸੁੱਟਣ ਲਈ ਕਾਰ ਦੀ ਵਰਤੋਂ ਕੀਤੀ ਸੀ। ਉਹ ਖੁਦ ਦੂਜੀ ਕਾਰ ਵਰਤ ਰਿਹਾ ਸੀ।
ਸੂਤਰਾਂ ਤੋਂ ਵੀ ਆ ਰਹੀਆਂ ਹਨ ਕੁਝ ਖਬਰਾਂ
ਇਸ ਦੌਰਾਨ ਨਿਊਜ਼ ਏਜੰਸੀ ਏਐੱਨਆਈ ਨੇ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਔਰਤ ਸਵਿਟਜ਼ਰਲੈਂਡ ਦੀ ਵਸਨੀਕ ਸੀ। ਉਥੇ ਹੀ ਗੁਰਪ੍ਰੀਤ ਤੇ ਮ੍ਰਿਤਕ ਦੀ ਮੁਲਾਕਾਤ ਹੋਈ। ਗੁਰਪ੍ਰੀਤ ਨੇ ਔਰਤ ਦੇ ਹੱਥ-ਪੈਰ ਬੰਨ੍ਹ ਕੇ ਕਤਲ ਕਰ ਦਿੱਤਾ।
ਫਿਰ ਉਸ ਨੇ ਲਾਸ਼ ਦੇ ਨਿਪਟਾਰੇ ਲਈ ਇਕ ਪੁਰਾਣੀ ਕਾਰ ਖਰੀਦੀ, ਜਿਸ ਵਿਚ ਉਸ ਨੇ ਲਾਸ਼ ਰੱਖੀ। ਜਦੋਂ ਲਾਸ਼ ਵਿੱਚੋਂ ਬਦਬੂ ਆਉਣ ਲੱਗੀ ਤਾਂ ਉਸ ਨੇ ਕਾਰ ਲੈ ਕੇ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮਾਂ ਕੋਲੋਂ 2 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਹਾਲਾਂਕਿ ਡੀਸੀਪੀ ਨੇ ਪੈਸੇ ਮਿਲਣ ਦੀ ਪੁਸ਼ਟੀ ਕੀਤੀ ਹੈ ਪਰ ਇਹ ਨਹੀਂ ਦੱਸਿਆ ਕਿ ਇਹ ਕਿੰਨੀ ਹੈ।



