ਨਵੀਂ ਦਿੱਲੀ (ਪੀਟੀਆਈ) : ਹਿੰਦੀ ਪੱਟੀ ਦੇ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਜਨਤਾ ਪਾਰਟੀ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ (Parliament Winter Session) ਦੌਰਾਨ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ, ਜਦਕਿ ਵਿਰੋਧੀ ਪਾਰਟੀਆਂ ਮਨੀਪੁਰ ਤੇ ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਵਰਗੇ ਕੁਝ ਮੁੱਦੇ ਉਠਾਉਣ ਦਾ ਯਤਨ ਕਰ ਸਕਦੀਆਂ ਹਨ। ਇਸ ਇਜਲਾਸ ਦੌਰਾਨ ਲੋਕ ਸਭਾ ’ਚ ਉਸ ਵੇਲੇ ਹੰਗਾਮਾ ਹੋ ਸਕਦਾ ਹੈ ਜਦੋਂ ਸਦਨ ਦੀ ਜ਼ਾਬਤਾ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਜਿਸ ਵਿਚ ਤ੍ਰਿਣਮੂਲ ਕਾਂਗਰਸ ਦੀ ਐੱਮਪੀ ਮਹੂਆ ਮੋਇਤਰਾ ਨੂੰ ‘ਰਿਸ਼ਵਤ ਲੈ ਕੇ ਸਵਾਲ ਪੁੱਛਣ’ ਦੇ ਦੋਸ਼ ’ਚ ਕੱਢਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਵਿਰੋਧੀ ਗਠਜੋੜ ‘ਇੰਡੀਆ’ ਦੇ ਆਗੂ ਸੰਸਦ ਅੰਦਰ ਤੇ ਚੋਣ ਮੈਦਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਮੁਕਾਬਲਾ ਕਰਨ ਲਈ ਆਪਣੀਆਂ ਰਣਨੀਤੀਆਂ ਨਵੇਂ ਸਿਰਿਓਂ ਤਿਆਰ ਕਰਨ ਲਈ ਸੋਮਵਾਰ ਸਵੇਰੇ ਮੀਟਿੰਗ ਕਰਨਗੀਆਂ।
ਸਰਦ ਰੁੱਤ ਇਜਲਾਸ ਬਾਰੇ ਪੁੱਛੇ ਜਾਣ ’ਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਵਿਰੋਧੀ ਮੈਂਬਰ ਸੰਸਦ ਦੀ ਕਾਰਵਾਈ ’ਚ ਖ਼ਲਲ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਅੱਜ (ਐਤਵਾਰ) ਤੋਂ ਵੀ ਮਾੜੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਨੇ ਸਰਦ ਰੁੱਤ ਇਜਲਾਸ ਦੀਆਂ 15 ਬੈਠਕਾਂ ਲਈ ਇਕ ਭਾਰੀ ਵਿਧਾਨਕ ਏਜੰਡਾ ਪੇਸ਼ ਕੀਤਾ ਹੈ ਜਿਸ ’ਚ ਉਪਨਿਵੇਸ਼ਕ ਯੁੱਗ ਦੇ ਅਪਰਾਧਿਕ ਕਾਨੂੰਨਾਂ ਦੀ ਥਾਂ ਲਿਆਂਦੇ ਗਏ ਪ੍ਰਮੁੱਖ ਬਿੱਲਾਂ, ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਇਕ ਰੂਪ-ਰੇਖਾ ਪ੍ਰਦਾਨ ਕਰਨ ਨਾਲ ਸਬੰਧਿਤ ਬਿੱਲ ਸ਼ਾਮਲ ਹਨ।
ਸੰਸਦ ’ਚ ਸਵਾਲ ਪੁੱਛਣ ਲਈ ਪੈਸੇ ਲੈਣ ਨਾਲ ਸਬੰਧਤ ਸ਼ਿਕਾਇਤ ’ਤੇ ਮੋਇਤਰਾ ਨੂੰ ਹੇਠਲੇ ਸਦਨ ਤੋਂ ਕੱਢਣ ਦੀ ਸਿਫਾਰਸ਼ ਕਰਨ ਵਾਲੀ ਲੋਕ ਸਭਾ ਦੀ ਜ਼ਾਬਤਾ ਕਮੇਟੀ ਦੀ ਰਿਪੋਰਟ ਵੀ ਇਜਲਾਸ ਤੋਂ ਪਹਿਲਾਂ ਸੋਮਵਾਰ ਨੂੰ ਸਦਨ ’ਚ ਪੇਸ਼ ਕੀਤੇ ਜਾਣ ਲਈ ਸੂਚੀਬੱਧ ਹੈ। ਰੱਖਿਆ ਮੰਤਰੀ ਤੇ ਲੋਕ ਸਭਾ ’ਚ ਉਪ ਨੇਤਾ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਸ਼ਨਿਚਰਵਾਰ ਨੂੰ ਹੋਈ ਸਰਬ ਪਾਰਟੀ ਮੀਟਿੰਗ ’ਚ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਮੋਇਤਰਾ ਨੂੰ ਸਦਨ ਤੋਂ ਕੱਢਣ ਦਾ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਜ਼ਾਬਤਾ ਕਮੇਟੀ ਦੀ ਰਿਪੋਰਟ ’ਤੇ ਲੋਕ ਸਭਾ ’ਚ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ। ਵਿਰੋਧੀ ਆਗੂਆਂ ਨੇ ਪੁਰਾਣੇ ਅਪਰਾਧਿਕ ਕਾਨੂੰਨਾਂ ਦੀ ਥਾਂ ਲਿਆਂਦੇ ਜਾ ਰਹੇ ਤਿੰਨ ਬਿੱਲਾਂ ਦੇ ਅੰਗਰੇਜ਼ੀ ਨਾਂ, ਮਹਿੰਗਾਈ, ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਤੇ ਮਨੀਪੁਰ ’ਤੇ ਚਰਚਾ ਦੀ ਮੰਗ ਕੀਤੀ ਸੀ।



