ਰਾਇਟਰਜ਼, ਬੈਂਗਲੁਰੂ: ਗਲੋਬਲ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਨੇ ਇਸ ਹਫਤੇ ਆਪਣੇ ਗੇਮਿੰਗ ਡਿਵੀਜ਼ਨਾਂ ਐਕਟੀਵਿਜ਼ਨ ਬਲਿਜ਼ਾਰਡ ਅਤੇ ਐਕਸਬਾਕਸ ਤੋਂ 1,900 ਮੁਲਾਜ਼ਮਾਂ ਨੂੰ ਕੱਢ ਦਿੱਤਾ ਹੈ। ਕੰਪਨੀ ਦੇ ਗੇਮਿੰਗ ਡਿਵੀਜ਼ਨ ਦੇ ਮੁਖੀ ਦੇ ਅੰਦਰੂਨੀ ਮੀਮੋ ਦੇ ਹਵਾਲੇ ਨਾਲ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ।

ਅੱਠ ਫੀਸਦੀ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ

ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਦੇ ਗੇਮਿੰਗ ਡਿਵੀਜ਼ਨ ‘ਚ ਕੰਮ ਕਰਨ ਵਾਲੇ ਕੁੱਲ ਕਰਮਚਾਰੀਆਂ ਦਾ ਇਹ ਕਰੀਬ ਅੱਠ ਫੀਸਦੀ ਹੈ। ਛਾਂਟੀ ਤੋਂ ਪ੍ਰਭਾਵਿਤ ਜ਼ਿਆਦਾਤਰ ਕਰਮਚਾਰੀ ਐਕਟੀਵਿਜ਼ਨ ਬਲਿਜ਼ਾਰਡ ਨਾਲ ਹਨ। ਮਾਈਕ੍ਰੋਸਾਫਟ ਨੇ ਪਿਛਲੇ ਸਾਲ ਅਕਤੂਬਰ ਵਿੱਚ $69 ਬਿਲੀਅਨ ਵਿੱਚ ਐਕਟੀਵਿਜ਼ਨ ਬਲਿਜ਼ਾਰਡ ਨੂੰ ਹਾਸਲ ਕੀਤਾ ਸੀ। ਹਾਲਾਂਕਿ ਮਾਈਕ੍ਰੋਸਾਫਟ ਨੇ ਇਸ ਰਿਪੋਰਟ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਕੰਪਨੀ ਦਾ ਬਾਜ਼ਾਰ ਪੂੰਜੀਕਰਣ ਤਿੰਨ ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ

ਇਸ ਦੇ ਨਾਲ ਹੀ ਮਾਈਕ੍ਰੋਸਾਫਟ ਦਾ ਬਾਜ਼ਾਰ ਪੂੰਜੀਕਰਣ ਤਿੰਨ ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ ਅਤੇ ਮਾਈਕ੍ਰੋਸਾਫਟ ਐਪਲ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲੀ ਦੂਜੀ ਕੰਪਨੀ ਬਣ ਗਈ ਹੈ। ਕੰਪਨੀ ਨੇ ਆਪਣੇ 48 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। ਬੁੱਧਵਾਰ ਨੂੰ ਸ਼ੇਅਰਾਂ ‘ਚ 1.5 ਫੀਸਦੀ ਦੇ ਵਾਧੇ ਤੋਂ ਬਾਅਦ ਮਾਈਕ੍ਰੋਸਾਫਟ ਦਾ ਪੂੰਜੀਕਰਣ $3 ਟ੍ਰਿਲੀਅਨ ਨੂੰ ਪਾਰ ਕਰ ਗਿਆ। ਐਪਲ ਨੇ ਦੋ ਸਾਲ ਪਹਿਲਾਂ ਇਹ ਉਪਲਬਧੀ ਹਾਸਲ ਕੀਤੀ ਸੀ।

ਫਲਿੱਪਕਾਰਟ ਇੱਕ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰੇਗੀ

ਪ੍ਰਮੁੱਖ ਈ-ਕਾਮਰਸ ਕੰਪਨੀ ਫਲਿੱਪਕਾਰਟ ਸਾਲਾਨਾ ਪੁਨਰਗਠਨ ਪ੍ਰਕਿਰਿਆ ਦੇ ਹਿੱਸੇ ਵਜੋਂ ਇੱਕ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰੇਗੀ। ਇਕ ਰਿਪੋਰਟ ਮੁਤਾਬਕ ਇਹ ਕੰਪਨੀ ‘ਚ ਕੰਮ ਕਰਨ ਵਾਲੇ ਕੁੱਲ ਕਰਮਚਾਰੀਆਂ ਦਾ ਲਗਪਗ ਪੰਜ ਫੀਸਦੀ ਹੈ। ਵਾਲਮਾਰਟ ਦੀ ਮਲਕੀਅਤ ਵਾਲੀ ਫਲਿੱਪਕਾਰਟ ‘ਚ ਇਸ ਸਮੇਂ ਕਰੀਬ 22 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਇਕ ਹੋਰ ਰਿਪੋਰਟ ਅਨੁਸਾਰ, ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮ Swiggy ਨੇ IPO ਤੋਂ ਪਹਿਲਾਂ ਲਾਗਤਾਂ ਨੂੰ ਘਟਾਉਣ ਅਤੇ ਮੁਨਾਫੇ ਨੂੰ ਵਧਾਉਣ ਲਈ ਆਪਣੇ 350-400 ਕਰਮਚਾਰੀਆਂ ਵਿੱਚੋਂ ਲਗਪਗ 6 ਫੀਸਦੀ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ।