ਐਸਪੀ ਜੋਸ਼ੀ, ਲੁਧਿਆਣਾ : ਚੰਡੀਗੜ੍ਹ ਰੋਡ ਨਜ਼ਦੀਕ ਰਾਜੀਵ ਗਾਂਧੀ ਕਾਲੋਨੀ ਇਲਾਕੇ ਵਿਚ ਇਕ ਦੋਸਤ ਨੇ ਸ਼ਰਾਬ ਦੇ ਨਸ਼ੇ ਦੌਰਾਨ ਛੋਟੀ ਜਿਹੀ ਗੱਲ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਆਪਣੇ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਭਰਤ ਲਾਲ (35) ਦੇ ਰੂਪ ਵਿਚ ਹੋਈ ਹੈ ਜਦ ਕਿ ਮੁਲਜ਼ਮ ਗੁਲਾਮ ਹੁਸੈਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਫੋਕਲ ਪੁਆਇੰਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁਤਾਬਕ ਮੁਲਜ਼ਮ ਗੁਲਾਮ ਹੁਸੈਨ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਜੋ ਕਿ ਹਾਲ ਹੀ ਵਿਚ ਰਾਜੀਵ ਗਾਂਧੀ ਕਾਲੋਨੀ ਝੁੱਗੀਆਂ ਵਿਚ ਰਹਿ ਰਿਹਾ ਸੀ।

ਰਾਜੀਵ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਬਨਵਾਰੀ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਰਾਤ ਉਸ ਨੂੰ ਨਾਲ ਵਾਲੀ ਝੁੱਗੀ ਵਿਚ ਰਹਿੰਦੇ ਭਰਤ ਲਾਲ ਦੇ ਘਰੋਂ ਝਗੜਾ ਹੋਣ ਦੀਆਂ ਆਵਾਜ਼ਾਂ ਸੁਣੀਆਂ। ਜਦ ਉਸ ਨੇ ਭਰਤ ਲਾਲ ਦੀ ਝੁੱਗੀ ਅੰਦਰ ਜਾ ਕੇ ਵੇਖਿਆ ਤਾਂ ਉਸ ਦਾ ਇਕ ਹੋਰ ਦੋਸਤ ਗੁਲਾਮ ਹੁਸੈਨ ਭਰਤ ਲਾਲ ਨਾਲ ਕੁੱਟਮਾਰ ਕਰ ਰਿਹਾ ਸੀ। ਵੇਖਦੇ ਹੀ ਵੇਖਦੇ ਗੁਲਾਮ ਹੁਸੈਨ ਨੇ ਲੱਕੜ ਦਾ ਬਾਲਾ ਚੁੱਕ ਕੇ ਭਰਤ ਦੇ ਸਿਰ ’ਤੇ ਦੋ ਤਿੰਨ ਵਾਰ ਕੀਤੇ। ਇਸ ਹਮਲੇ ਕਾਰਨ ਭਰਤ ਬੁਰੀ ਤਰ੍ਹਾਂ ਫੱਟੜ ਹੋ ਕੇ ਡਿੱਗ ਪਿਆ ਅਤੇ ਹੁਸੈਨ ਲਾਲ ਮੌਕੇ ਤੋਂ ਫ਼ਰਾਰ ਹੋ ਗਿਆ।

ਬਨਵਾਰੀ ਲਾਲ ਨੇ ਆਪਣੇ ਗੁਆਂਢੀਆਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਭਰਤ ਲਾਲ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ ਉਸ ਦੀ ਹਾਲਤ ਗੰਭੀਰ ਵੇਖਦੇ ਹੋਏ ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਿਰ ’ਤੇ ਲੱਗੇ ਫੱਟ ਗੰਭੀਰ ਹੋਣ ਕਾਰਨ ਭਰਤ ਲਾਲ ਜ਼ੇਰੇ ਇਲਾਜ ਦਮ ਤੋੜ ਗਿਆ। ਥਾਣਾ ਫੋਕਲ ਪੁਆਇੰਟ ਪੁਲਿਸ ਨੇ ਪਰਚਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁਤਾਬਕ ਮੁਲਜ਼ਮ ਹੁਸੈਨ ਲਾਲ ਅਤੇ ਭਰਤ ਆਪਸ ਵਿਚ ਸ਼ਰਾਬ ਪੀਣ ਦੌਰਾਨ ਮੋਬਾਈਲ ਫੋਨ ਨੂੰ ਲੈ ਕੇ ਝਗੜ ਪਏ। ਤਕਰਾਰ ਦੌਰਾਨ ਹੁਸੈਨ ਲਾਲ ਨੇ ਭਰਤ ਕੋਲੋਂ ਮੋਬਾਈਲ ਖੋਹਣ ਲਈ ਉਸ ਦੇ ਸਿਰ ਉੱਪਰ ਵਾਰ ਕੀਤਾ ਜੋ ਕੇ ਜਾਨਲੇਵਾ ਸਾਬਤ ਹੋਇਆ।