ਨਸ਼ੇ ਦਾ ਜਾਲ ਤੇ ਪੰਜਾਬ ਦੀ ਜਵਾਨੀ: ਪਰਮਿੰਦਰ ਦੇ ਕਤਲ ਤੋਂ ਬਾਅਦ ਉੱਠੇ ਕਈ ਗੰਭੀਰ ਸਵਾਲ
ਇੱਕ ਗੱਲ ਤਾਂ ਪੱਕੀ ਕਿ ਦਿੱਲੀ ਦੀ ਅੱਖ ਵਿੱਚ ਇੱਕ ਰੜਕ ਐ ਪੰਜਾਬ। ਅੱਖ ਵਿਚਲੀ ਰੜਕ ਥੋਨੂੰ ਚੈਨ ਨਹੀ ਲੈਣ ਦਿੰਦੀ ਅਤੇ ਸਤਾ ਨੂੰ ਪੰਜਾਬ ਤਰਫੋਂ ਕਦੇ ਚੈਨ ਦੀ ਹਵਾ ਨਹੀ ਆਈ ਦਿਸੀ ਜਿਥੇ ਓਹ ਸੌਖਾ ਅਤੇ ਲੰਮਾਂ ਸਾਹ ਲੈ ਕੇ ਆਖ ਸਕੇ ਕਿ ਸ਼ੁਕਰ ਐ ਚੈਨ ਮਿਲਿਆ।
ਪਰਮਿੰਦਰ ਦਾ ਕਤਲ ਤਾਂ ਓਸ ਰੜਕ ਦਾ ਇੱਕ ਵਰਤਾਰਾ ਹੈ ਜਿਹੜਾ ਉਨ ਖਾੜਕੂ ਲਹਿਰ ਤੋਂ ਬਾਅਦ ਜਸੋਵਾਲ ਦੀ ਕਮਾਂਡ ਹੇਠ ਗਾਓਂਣ ਵਾਲੀ ਮੰਡੀਰ ਰਾਹੀਂ ਸ਼ੁਰੂ ਕੀਤਾ ਸੀ ਅਤੇ ਓਸ ਸਮੇ ਪੰਜਾਬ ਦੇ ਲੀਡਰਾਂ ਕੋਲੇ ਸੋ ਕਾਲ ਸਭਿਆਚਾਰ ਮੇਲਿਆਂ ਦੇ ਰਿਬਨ ਕਟਣ ਤੋਂ ਬਿਨਾ ਕੋਈ ਕੰਮ ਨਾ ਸੀ ਰਹਿ ਗਿਆ।
ਇਹ ਹਵਾ ਇਨੀ ਜੋਰ ਦੀ ਚਲੀ ਕਿ ਖਾੜਕੂ ਲਹਿਰ ਤੋਂ ਬਾਅਦ ਬਚੀ ਅਗਲੀ ਪਨੀਰੀ ਪੈਰੋਂ ਹੀ ਚੁੱਕ ਹੋ ਗਈ ਅਤੇ ਸ਼ਰਾਬ ਤੋਂ ਸ਼ੁਰੂ ਹੋਇਆ ਇਹ ਦੌਰ ਚਿੱਟਿਆਂ ਤੱਕ ਦਾ ਸਫਰ ਤਹਿ ਕਰਦਾ ਇਕ ਪੂਰੀ ਕੌਮ ਮੇਰੀ ਦੀ ਨਸਲ ਨਿਗਲ ਗਿਆ।
ਹਰੇਕ ਢਾਬੇ ਤੋਂ ਲੈ ਚਾਹ ਦੀਆਂ ਟਪਰੀਆਂ ਤੋਂ ਹੁੰਦਾ ਦਵਾਈਆਂ ਦੀਆਂ ਦੁਕਾਨਾ ਤੱਕ ਇਸ ਜਹਿਰ ਦਾ ਬੋਲਬਾਲਾ ਹੈ ਅਤੇ ਦਿੱਲੀ ਵਾਲੇ ਬਣੀਏ ਹੇਠ ਸ਼ਰਾਬੀ ਭੰਤੇ ਹੁਰਾਂ ਇਨੀ ‘ਤਰੱਕੀ’ ਕਰ ਲਈ ਹੋਈ ਕਿ ਚਿਟਾ ਹੁਣ 100-100 ਦੀ ਪੁੜੀ ਵਿੱਕਣ ਲੱਗ ਗਿਆ।
ਇਹ ‘ਪਲੇਗ’ ਇਸ ਹੱਦ ਤੱਕ ਫੈਲੀ ਦਾ ਅੰਦਾਜਾ ਤੁਸੀਂ ਇਥੋਂ ਲਾ ਸਕਦੇਂ ਕਿ ਕੈਪਟਨ ਵਰਗਿਆਂ ਨੂੰ ਚੋਣਾ ਜਿਤਣ ਖਾਤਰ ਗੁਰਬਾਣੀ ਦਾ ਗੁਟਕਾ ਹੱਥ ਫੜਕੇ ਸਹੁੰ ਖਾਣੀ ਪਈ। ਉਹੀ ਸਹੁੰ ਹਾਲਾਂ ਤੱਕ ਪਟਿਆਲੀਆਂ ਦੇ ਮੱਥੇ ਦਾ ਕਲੰਕ ਹੈ ਜਿਹੜਾ ਲੱਥ ਸਕਣ ਦਾ ਕੋਈ ਕਾਰਣ ਜਾਪਦਾ ਨਹੀ।
ਕਨੇਡਾ ਵਿੱਚ ਤਾਂ ਬਰਫ ਪਈ ਤੇ ਲੋਕਾਂ ਮਜੀਠੀਆ ਮਜੀਠੀਆ ਹੋਈ ਪਈ ਵਰਗੇ ਚੁਟਕਲੇ ਬਣਾ ਛਡੇ ਅਤੇ ਬਾਦਲਾਂ ਦੇ ਰਾਜ ਵਿੱਚ ਪੰਜਾਬ ਦਾ ਕਿੰਨਾ ਨਿਆਣਾ ਸਿਵਿਆਂ ਰਾਹੇ ਤੁਰਿਆ’ ਕਦੇ ਇਤਹਾਸ ਇਸ ਦਾ ਲੇਖਾ ਜੋਖਾ ਵੀ ਕਰੇਗਾ।
ਇੱਕ ਵਡਾ ਜਾਲ ਪੰਜਾਬ ਦੁਆਲੇ ਬੁਣਿਆ ਜਾ ਚੁੱਕਾ ਹੈ ਜਿਸ ਵਿੱਚ ਕਲੇ ਸਿੱਖ ਜਾਂ ਜਟ ਨਹੀ ਬਲਕਿ ਸਭ ਬੁਰੀ ਤਰਾਂ ਘਿਰ ਚੁੱਕੇ ਹੋਏ ਨੇ ਵਿੱਚੇ ਬਣੀਆਂ ਭਈਆਂ ਦਲਿਤ ਸਭ ਦੇ ਨਿਆਣੇ ਵੀ ਪਰ ਸਤਾ ਸਿੱਖਾਂ ਨੂੰ ਵਡਾ ਰਾਖਸ਼ ਵਿਖਾ ਕੇ ਜਰਵਾਣਿਆਂ ਵਲੋਂ ਲੁਕਾਈ ਦਾ ਧਿਆਨ ਮੋੜੀ ਤੁਰੀ ਆ ਰਹੀ ਹੈ।
ਚੇਤੇ ਰਖਣਾ ਅੰਮ੍ਰਿਤਪਾਲ ਦਾ ਸਭ ਤੋਂ ਵਡਾ ਗੁਨਾਹ ਹੀ ਇਹੀ ਸੀ ਕਿ ਓਹ ਵਡੇ ਸੱਪਾਂ ਦੀਆਂ ਸਿਰੀਆਂ ਵੰਨੀ ਹੋ ਤੁਰਿਆ ਸੀ ਜਿਹੜੇ ਲਗਾਤਾਰ ਪੰਜਾਬ ਉਪਰ ਜਹਿਰ ਛਿੜਕਦੇ ਆ ਰਹੇ ਸਨ। ਅਗਲੇ ਜਦ ਤੁਹਾਨੂੰ ਮਾਰਨਾ ਮਿਥ ਲਿਆ ਹੋਵੇ ਤਾਂ ਬਚਾਓਂਣ ਦੀ ਗੱਲ ਕਰਨ ਵਾਲਾ ਕਾਲੇ ਪਾਣੀ ਹੀ ਜਾਊ ਜਾਂ ਐਕਸੀਡੈਂਟਾ ਜਾਂ ਝੋਟੇ ਤਰਾਂ ਗੋਲੀਆਂ ਨਾਲ ਮਾਰ ਦਿਤਾ ਜਾਊ।
ਲੁਕਾਈ ਨੂੰ ਚਾਨਣ ਦੀ ਛਿੱਟ ਦਿਸੀ ਸੀ ਕਿ ਨਿਆਣੇ ਸਾਡੇ ਬੱਚ ਜਾਣ ਸ਼ਾਇਦ ਪਰ ਅਪਣਿਆਂ ਬੇਗਾਨਿਆਂ ਦਾ ਹਾਲਾਂ ਤੱਕ ਜੋਰ ਲਗਾ ਵਿਆ ਕਿ ਬੰਦਾ ਫਾਹੇ ਕਿਓਂ ਨਹੀ ਟੰਗਦੇ।ਇਸ ਪੰਜਾਬ ਦੀ ਤ੍ਰਾਸਦੀ ਹੈ ਜਿਥੇ ਮੌਤ ਤੋਂ ਵੀ ਪਹਿਲਾਂ ਅਪਣੀ ਹਓਂ ਨੂੰ ਰਖਿਆ ਜਾਂਦਾ ਹੈ।-ਗੁਰਦੇਵ ਸਿੰਘ ਸੱਧੇਵਾਲੀਆ



