ਰਾਜ ਬਿਊਰੋ, ਕੋਲਕੱਤਾ : ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਭਾਵੇਂ ਆਈਐੱਨਡੀਆਈ ਗੱਠਜੋੜ ਦਾ ਹਿੱਸਾ ਹੈ ਪਰ ਲੋਕ ਸਭਾ ਚੋਣਾਂ ਵਿੱਚ ‘ਏਕਲਾ ਚਲੋ ਰੇ’ ਦੇ ਸੰਕੇਤ ਦਿੱਤੇ ਹਨ।

ਇਕੱਲੇ ਹੀ ਚੋਣ ਲੜੇਗੀ ਮਮਤਾ ਬੈਨਰਜੀ

ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ, ਟੀਐਮਸੀ ਪੱਛਮੀ ਬੰਗਾਲ ਦੀਆਂ ਸਾਰੀਆਂ 42 ਸੀਟਾਂ ‘ਤੇ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ।

ਮਮਤਾ ਬੈਨਰਜੀ ਨੇ ਕੀ ਕਿਹਾ?

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘ਮੇਰੀ ਕਾਂਗਰਸ ਪਾਰਟੀ ਨਾਲ ਕੋਈ ਚਰਚਾ ਨਹੀਂ ਹੋਈ। ਮੈਂ ਹਮੇਸ਼ਾ ਕਿਹਾ ਹੈ ਕਿ ਅਸੀਂ ਬੰਗਾਲ ਵਿਚ ਇਕੱਲੇ ਲੜਾਂਗੇ। ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਦੇਸ਼ ਵਿੱਚ ਕੀ ਕੀਤਾ ਜਾਵੇਗਾ ਪਰ ਅਸੀਂ ਇੱਕ ਧਰਮ ਨਿਰਪੱਖ ਪਾਰਟੀ ਹਾਂ ਤੇ ਬੰਗਾਲ ਵਿੱਚ ਹਾਂ। ਅਸੀਂ ਭਾਜਪਾ ਨੂੰ ਇਕੱਲਿਆਂ ਹੀ ਹਰਾਵਾਂਗੇ। ਮੈਂ ਆਈ.ਐਨ.ਡੀ.ਆਈ. ਗਠਜੋੜ ਦਾ ਹਿੱਸਾ ਹਾਂ। ਰਾਹੁਲ ਗਾਂਧੀ ਦੀ ਨਿਆਂ ਯਾਤਰਾ ਸਾਡੇ ਰਾਜ ਵਿੱਚੋਂ ਲੰਘ ਰਹੀ ਹੈ ਪਰ ਸਾਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਗਈ ਹੈ।

ਮਮਤਾ ਨੇ ਪਾਰਟੀ ਆਗੂਆਂ ਨੂੰ ਦਿੱਤੀ ਇਹ ਹਦਾਇਤ

ਪਾਰਟੀ ਸੂਤਰਾਂ ਅਨੁਸਾਰ ਮੰਗਲਵਾਰ ਨੂੰ ਕਾਲੀਘਾਟ ਸਥਿਤ ਆਪਣੀ ਰਿਹਾਇਸ਼ ‘ਤੇ ਟੀਐਮਸੀ ਦੇ ਗੜ੍ਹ ਬੀਰਭੂਮ ਜ਼ਿਲ੍ਹੇ ਦੀ ਪਾਰਟੀ ਲੀਡਰਸ਼ਿਪ ਨਾਲ ਬੰਦ ਕਮਰਾ ’ਚ ਸੰਗਠਨਾਤਮਕ ਮੀਟਿੰਗ ਦੌਰਾਨ ਟੀਐਮਸੀ ਸੁਪਰੀਮੋ ਮਮਤਾ ਨੇ ਪਾਰਟੀ ਨੇਤਾਵਾਂ ਨੂੰ ਇਕੱਲੇ ਚੋਣ ਲੜਨ ਲਈ ਤਿਆਰ ਰਹਿਣ ਲਈ ਕਿਹਾ ਸੀ।

ਮਮਤਾ ਬੈਨਰਜੀ ਨੇ ਕੀਤੀ ਸੀ ਕਾਂਗਰਸ ਦੀ ਆਲੋਚਨਾ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਸੀਟਾਂ ਦੀ ਵੰਡ ‘ਤੇ ਚਰਚਾ ਵਿੱਚ ਦੇਰੀ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਾਂਗਰਸ ਦੀ 10 ਤੋਂ 12 ਲੋਕ ਸਭਾ ਸੀਟਾਂ ਦੀ ਮੰਗ ਨੂੰ ਬੇਇਨਸਾਫ਼ੀ ਕਰਾਰ ਦਿੱਤਾ ਸੀ। ਦੱਸ ਦਈਏ ਕਿ ਮਮਤਾ ਬੈਨਰਜੀ ਦੀ ਪਾਰਟੀ ਨੇ ਸੂਬੇ ‘ਚ ਕਾਂਗਰਸ ਨੂੰ ਸਿਰਫ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਸੀ।