ਡਿਜੀਟਲ ਡੈਸਕ, ਪਟਨਾ : ਮੋਦੀ ਸਰਕਾਰ ਨੇ ਜਿਵੇਂ ਹੀ ਬਿਹਾਰ ਦੇ ਮਹਾਨ ਸਮਾਜਵਾਦੀ ਨੇਤਾ ਅਤੇ ਸਾਬਕਾ ਮਰਹੂਮ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ, ਉਦੋਂ ਹੀ ਬਿਹਾਰ ਦੀ ਸਿਆਸਤ ਤੇਜ਼ ਹੋ ਗਈ। ਭਾਜਪਾ, ਜੇਡੀਯੂ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਵੱਲੋਂ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਹੁਣ ਇਸ ਸਿਲਸਿਲੇ ‘ਚ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਲਾਲੂ ਪ੍ਰਸਾਦ ਯਾਦਵ ਨੇ ਆਪਣੇ ਐਕਸ ਹੈਂਡਲ ‘ਤੇ ਪੋਸਟ ਕਰ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਲਾਲੂ ਯਾਦਵ ਨੇ ਲਿਖਿਆ ਕਿ ਜਾਤੀ ਜਨਗਣਨਾ ਦੇ ਡਰ ਤੋਂ ਮੋਦੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ।

ਲਾਲੂ ਨੇ ਮੋਦੀ ਸਰਕਾਰ ਨੂੰ ਘੇਰਿਆ

ਲਾਲੂ ਪ੍ਰਸਾਦ ਯਾਦਵ ਨੇ ਲਿਖਿਆ ਕਿ ਮੇਰੇ ਸਿਆਸੀ ਅਤੇ ਵਿਚਾਰਧਾਰਕ ਗੁਰੂ ਮਰਹੂਮ ਕਰਪੂਰੀ ਠਾਕੁਰ ਜੀ ਨੂੰ ਭਾਰਤ ਰਤਨ ਬਹੁਤ ਪਹਿਲਾਂ ਮਿਲ ਜਾਣਾ ਚਾਹੀਦਾ ਸੀ। ਅਸੀਂ ਇਹ ਆਵਾਜ਼ ਸਦਨ ਤੋਂ ਲੈ ਕੇ ਸੜਕਾਂ ਤੱਕ ਬੁਲੰਦ ਕੀਤੀ ਪਰ ਕੇਂਦਰ ਸਰਕਾਰ ਉਦੋਂ ਜਾਗ ਪਈ ਜਦੋਂ ਮੌਜੂਦਾ ਬਿਹਾਰ ਸਰਕਾਰ ਨੇ ਸਮਾਜਿਕ ਚਿੰਤਾਵਾਂ ਤੋਂ ਬਾਹਰ ਹੋ ਕੇ ਜਾਤੀ ਜਨਗਣਨਾ ਕਰਵਾਈ ਅਤੇ ਬਹੁਜਨਾਂ ਦੇ ਭਲੇ ਲਈ ਰਾਖਵੇਂਕਰਨ ਦਾ ਘੇਰਾ ਵਧਾ ਦਿੱਤਾ। ਡਰ ਹੀ ਸਹੀ, ਰਾਜਨੀਤੀ ਨੂੰ ਦਲਿਤ ਬਹੁਜਨ ਸਰੋਕਾਰਾਂ ‘ਤੇ ਆਉਣਾ ਹੀ ਹੋਵੇਗਾ।

ਕੀ ਕਿਹਾ ਤੇਜਸਵੀ ਯਾਦਵ ਨੇ?

ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ, ਲਾਲੂ ਪ੍ਰਸਾਦ ਦੇ ਛੋਟੇ ਬੇਟੇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸਵੇਰੇ-ਸਵੇਰੇ ਇਕ ਵੀਡੀਓ ਜਾਰੀ ਕਰ ਕੇ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦਿੱਤੇ ਜਾਣ ਦਾ ਸਵਾਗਤ ਕੀਤਾ ਅਤੇ ਕਿਹਾ, ਅੱਜ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਪੂਰੀ ਹੋ ਗਈ ਹੈ। ਬਿਹਾਰ ਦੇ ਮਹਾਨ ਸਮਾਜਵਾਦੀ ਨੇਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦੇਣ ਦੀ ਮੰਗ ਦਹਾਕਿਆਂ ਪੁਰਾਣੀ ਹੈ।

ਸੀਐੱਮ ਨਿਤੀਸ਼ ਨੇ ਵੀ ਦਿੱਤੀ ਪ੍ਰਤੀਕਿਰਿਆ

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਕਰਪੂਰੀ ਠਾਕੁਰ ਦੀ 100ਵੀਂ ਜਯੰਤੀ ‘ਤੇ ਇਸ ਸਰਵਉੱਚ ਸਨਮਾਨ ਦਾ ਐਲਾਨ ਦਲਿਤਾਂ, ਵੰਚਿਤਾਂ ਅਤੇ ਅਣਗੌਲੇ ਵਰਗਾਂ ‘ਚ ਸਕਾਰਾਤਿਮਕ ਭਾਵਨਾ ਪੈਦਾ ਕਰੇਗਾ। ਉਹ ਹਮੇਸ਼ਾ ਤੋਂ ਹੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਦੇ ਰਹੇ ਹਨ। ਉਹ ਅੱਜ ਕਰਪੂਰੀ ਠਾਕੁਰ ਨੂੰ ਮਿਲੇ ਇਸ ਸਨਮਾਨ ਤੋਂ ਖੁਸ਼ ਹਨ।