ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵਿਸ਼ਵ ਕੱਪ 2023 ਵਿਚ ਆਪਣੀ ਖ਼ਤਰਨਾਕ ਗੇਂਦਬਾਜ਼ੀ ਨਾਲ ਤਬਾਹੀ ਮਚਾ ਰਹੇ ਹਨ। ਸ਼੍ਰੀਲੰਕਾ ਟੀਮ ਖ਼ਿਲਾਫ਼ ਮੈਚ ‘ਚ ਉਸ ਨੇ 5 ਓਵਰਾਂ ‘ਚ ਸਿਰਫ 18 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਆਪਣੀ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਨੂੰ ਜਿੱਤ ਦਿਵਾਈ।
5 ਵਿਕਟਾਂ ਲੈਣ ਤੋਂ ਬਾਅਦ ਉਹ ਟੂਰਨਾਮੈਂਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਿਆ। ਉੱਥੇ ਹੀ ਮੈਚ ਤੋਂ ਬਾਅਦ ਉਸ ਨੇ ਅਜਿਹਾ ਜਸ਼ਨ ਮਨਾਇਆ ਕਿ ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ। ਕੋਈ ਸਮਝ ਨਹੀਂ ਸਕਿਆ ਕਿ ਸ਼ਮੀ ਕਿਸ ਵੱਲ ਇਸ਼ਾਰਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 5 ਵਿਕਟਾਂ ਲੈਣ ਤੋਂ ਬਾਅਦ ਸ਼ਮੀ ਨੇ ਗੇਂਦ ਨੂੰ ਆਪਣੇ ਸਿਰ ‘ਤੇ ਲਾਉਂਦਿਆਂ ਡ੍ਰੈਸਿੰਗ ਰੂਮ ਵੱਲ ਇਸ਼ਾਰਾ ਕੀਤਾ ਸੀ ਪਰ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਇਸ਼ਾਰਾ ਕਿਸ ਲਈ ਕੀਤਾ ਤੇ ਕਿਉਂ ਕੀਤਾ। ਹਾਲਾਂਕਿ ਮੈਚ ਤੋਂ ਬਾਅਦ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਨੇ ਇਸ ਗੱਲ ਦਾ ਖੁਲਾਸਾ ਕੀਤਾ।
ਸ਼ੁਭਮਨ ਗਿੱਲ ਨੇ ਕੀਤਾ ਖੁਲਾਸਾ
ਦਰਅਸਲ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵਿਸ਼ਵ ਕੱਪ 2023 ਦੇ ਸ਼ੁਰੂਆਤੀ ਮੈਚਾਂ ‘ਚ ਪਲੇਇੰਗ 11 ਦਾ ਹਿੱਸਾ ਨਹੀਂ ਬਣਾਇਆ ਗਿਆ ਸੀ ਪਰ ਜਿਵੇਂ ਹੀ ਹਾਰਦਿਕ ਪਾਂਡੇ ਜ਼ਖ਼ਮੀ ਹੋਏ ਤਾਂ ਉਨ੍ਹਾਂ ਨੂੰ ਪਲੇਇੰਗ 11 ‘ਚ ਸ਼ਾਮਲ ਕਰ ਲਿਆ। ਐਂਟਰੀ ਕਰਦਿਆਂ ਹੀ ਉਸ ਨੇ ਆਪਣੀ ਕਾਬਲੀਅਤ ਦਿਖਾਈ।
ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਮੈਚ ‘ਚ 5 ਵਿਕਟਾਂ ਲੈ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ। ਮੁਹੰਮਦ ਸ਼ਮੀ ਵਿਸ਼ਵ ਕੱਪ ਵਿਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਹ ਹੁਣ ਤੱਕ 45 ਵਿਕਟਾਂ ਲੈ ਚੁੱਕੇ ਹਨ। ਇਸ ਦੌਰਾਨ ਉਸ ਨੇ ਸਾਬਕਾ ਅਨੁਭਵੀ ਜ਼ਹੀਰ ਖਾਨ (44) ਅਤੇ ਜਵਾਗਲ ਸ਼੍ਰੀਨਾਥ (44) ਵਿਕਟਾਂ ਦਾ ਰਿਕਾਰਡ ਤੋੜਿਆ।ਇਸ ਦੇ ਨਾਲ ਹੀ ਸ਼ਮੀ ਭਾਰਤ ਲਈ ਸਭ ਤੋਂ ਵੱਧ ਪੰਜ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਇਹ ਕਾਰਨਾਮਾ ਚਾਰ ਵਾਰ ਕੀਤਾ, ਜਦੋਂਕਿ ਸ਼੍ਰੀਨਾਥ ਤੇ ਹਰਭਜਨ ਸਿੰਘ ਨੇ 3-3 ਵਾਰ ਅਜਿਹਾ ਕੀਤਾ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ (Ind vs SL) ਖਿਲਾਫ 5 ਵਿਕਟਾਂ ਲੈਣ ਤੋਂ ਬਾਅਦ ਮੁਹੰਮਦ ਸ਼ਮੀ ਨੇ ਮੈਦਾਨ ‘ਤੇ ਵੱਖਰੇ ਤਰੀਕੇ ਨਾਲ ਜਸ਼ਨ ਮਨਾਇਆ। ਉਸ ਨੇ ਗੇਂਦ ਆਪਣੇ ਸਿਰ ‘ਤੇ ਰੱਖੀ ਅਤੇ ਸਿਰ ‘ਤੇ ਹੱਥ ਰੱਖ ਕੇ ਡਰੈਸਿੰਗ ਰੂਮ ਵੱਲ ਇਸ਼ਾਰਾ ਕੀਤਾ। ਇਸ ਦੌਰਾਨ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਦੱਸਿਆ ਕਿ ਮੁਹੰਮਦ ਸ਼ਮੀ ਨੇ ਭਾਰਤੀ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਲਈ ਇਹ ਜੈਸਟਰ ਕੀਤਾ ਸੀ।
ਜੇ ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 358 ਦੌੜਾਂ ਦਾ ਟੀਚਾ ਦਿੱਤਾ ਸੀ। ਗਿੱਲ ਅਤੇ ਵਿਰਾਟ ਦੇ ਅਰਧ ਸੈਂਕੜਿਆਂ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 56 ਗੇਂਦਾਂ ‘ਤੇ 82 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਸ਼੍ਰੀਲੰਕਾਈ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ। ਸ਼੍ਰੀਲੰਕਾ ਦੀ ਟੀਮ 19.4 ਓਵਰਾਂ ‘ਚ 55 ਦੌੜਾਂ ‘ਤੇ ਆਲਆਊਟ ਹੋ ਗਈ ਅਤੇ ਭਾਰਤ ਨੇ 302 ਦੌੜਾਂ ਨਾਲ ਜਿੱਤ ਦਰਜ ਕੀਤੀ।
“Look at this Harbhajan Singh”
Lord Shami the record breaker 🔥#ICCMensCricketWorldCup2023 #INDvSL #Shami #MohammedShami #IndianCricketTeam #HarbhajanSingh #ICCWorldCup2023 #viratkholi #ShubmanGill #ShreyasIyer #Siraj #MohammedSiraj pic.twitter.com/M3VtXgU4Nt
— Meet Makwana (@MeetMakzz) November 2, 2023
ਇਸ ਜਿੱਤ ਨਾਲ ਭਾਰਤ 7 ਮੈਚਾਂ ‘ਚ 7 ਜਿੱਤਾਂ ਨਾਲ 14 ਅੰਕ ਲੈ ਕੇ ਸਿਖਰ ‘ਤੇ ਪਹੁੰਚ ਗਿਆ ਹੈ, ਜਦਕਿ ਸ਼੍ਰੀਲੰਕਾ 7 ਮੈਚ ਖੇਡ ਕੇ ਸਿਰਫ 4 ਅੰਕਾਂ ਨਾਲ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ।


