ਸਪੋਰਟਸ ਡੈਸਕ, ਨਵੀਂ ਦਿੱਲੀ : ਕੇਐੱਲ ਰਾਹੁਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਾਰਲ ਦੇ ਬੋਲੈਂਡ ਪਾਰਕ ਵਿਚ ਖੇਡੇ ਗਏ ਫੈਸਲਾਕੁਨ ਵਨਡੇ ਵਿਚ ਦੱਖਣੀ ਅਫਰੀਕਾ ਨੂੰ 78 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਕੇਐੱਲ ਰਾਹੁਲ ਨੇ ਬਤੌਰ ਕਪਤਾਨ ਇਹ ਮੈਚ ਜਿੱਤ ਕੇ ਵੱਡੀ ਪ੍ਰਾਪਤੀ ਹਾਸਿਲ ਕੀਤੀ। ਪਹਿਲੇ ਮੈਚ ‘ਚ ਭਾਰਤ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਦੂਜੇ ਮੈਚ ‘ਚ ਦੱਖਣੀ ਅਫਰੀਕਾ ਨੇ ਸ਼ਾਨਦਾਰ ਵਾਪਸੀ ਕਰਦਿਆਂ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਤੀਜਾ ਵਨਡੇ ਭਾਰਤ ਨੇ ਜਿੱਤਿਆ ਤੇ ਕੇਐੱਲ ਰਾਹੁਲ ਭਾਰਤ ਦੇ ਦੂਜੇ ਕਪਤਾਨ ਬਣ ਗਏ, ਜਿਨ੍ਹਾਂ ਨੇ ਦੱਖਣੀ ਅਫਰੀਕਾ ਨੂੰ ਘਰੇਲੂ ਮੈਦਾਨ ‘ਤੇ ਵਨਡੇ ਸੀਰੀਜ਼ ‘ਚ ਹਰਾਇਆ। ਇਸ ਤੋਂ ਪਹਿਲਾਂ 2018 ‘ਚ ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਘਰੇਲੂ ਮੈਦਾਨ ‘ਤੇ ਵਨਡੇ ਸੀਰੀਜ਼ ‘ਚ ਹਰਾਇਆ ਸੀ।

KL ਰਾਹੁਲ ਨੇ ਬਤੌਰ ਕਪਤਾਨ ਦੱਖਣੀ ਅਫਰੀਕਾ ਨਾਲ 2 ਸਾਲ ਪੁਰਾਣੇ ਹਿਸਾਬ ਚੁਕਾਇਆ

ਦਰਅਸਲ ਕੇਐੱਲ ਰਾਹੁਲ ਦੀ ਕਪਤਾਨੀ ‘ਚ ਭਾਰਤੀ ਟੀਮ ਨੇ 2021-22 ‘ਚ ਦੱਖਣੀ ਅਫਰੀਕਾ ਦੀ ਧਰਤੀ ‘ਤੇ ਵਨਡੇ ਸੀਰੀਜ਼ ਖੇਡੀ ਸੀ, ਜਿਸ ‘ਚ ਭਾਰਤ ਨੂੰ 3-0 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2021 ‘ਚ ਹਾਰ ਤੋਂ ਬਾਅਦ ਕੇਐੱਲ ਰਾਹੁਲ ਨੇ ਅੱਜ ਆਪਣਾ ਹਿਸਾਬ ਬਰਾਬਰ ਕਰ ਲਿਆ ਹੈ। ਤੀਜੇ ਇਕ ਰੋਜ਼ਾ ਮੈਚ ਵਿਚ ਦੱਖਣੀ ਅਫਰੀਕਾ (IND Vs SA) ਟੀਮ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 5 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 296 ਦੌੜਾਂ ਬਣਾਈਆਂ, ਜਿਸ ‘ਚ ਸੰਜੂ ਸੈਮਸਨ ਦਾ ਬੱਲਾ ਖ਼ੂਬ ਵਰ੍ਹਿਆ। ਸੰਜੂ ਸੈਮਸਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਤਿਲਕ ਵਰਮਾ ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਰਿੰਕੂ ਸਿੰਘ ਦੇ ਬੱਲੇ ਤੋਂ 38 ਦੌੜਾਂ ਆਈਆਂ।

ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 45.5 ਓਵਰਾਂ ‘ਚ 218 ਦੌੜਾਂ ‘ਤੇ ਢੇਰ ਹੋ ਗਈ। ਟੀਮ ਦੀ ਤਰਫੋਂ ਟੋਨੀ ਡੀ ਜਾਰਜੀ ਨੇ 81 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸ ਤੋਂ ਇਲਾਵਾ ਕਪਤਾਨ ਏਡਨ ਮਾਰਕਰਮ ਦੇ ਬੱਲੇ ਤੋਂ 31 ਦੌੜਾਂ ਆਈਆਂ। ਅਰਸ਼ਦੀਪ ਸਿੰਘ ਨੇ ਫੈਸਲਾਕੁਨ ਮੈਚ ‘ਚ ਗੇਂਦ ਨਾਲ ਧਮਾਕਾ ਕੀਤਾ ਅਤੇ 4 ਵਿਕਟਾਂ ਝਟਕਾਈਆਂ, ਅਵੇਸ਼-ਸੁੰਦਰ ਨੇ 2-2 ਦੀ ਸਫਲਤਾ ਹਾਸਿਲ ਕੀਤੀ। ਮੁਕੇਸ਼ ਅਤੇ ਅਕਸ਼ਰ ਨੇ 1-1 ਵਿਕਟ ਹਾਸਲ ਕੀਤੀ। ਇਸ ਤਰ੍ਹਾਂ ਭਾਰਤ ਨੇ ਤੀਜਾ ਵਨਡੇ ਮੈਚ 78 ਦੌੜਾਂ ਨਾਲ ਜਿੱਤ ਲਿਆ।