ਸ਼ਤਰੂਘਨ ਸ਼ਰਮਾ, ਅਹਿਮਦਾਬਾਦ : ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਗੁਜਰਾਤ ਦੀ ਭਰੂਚ ਲੋਕ ਸਭਾ ਸੀਟ ’ਤੇ ਦਾਅਵੇਦਾਰਾਂ ਵਿਚਾਲੇ ਰੱਸਾਕਸ਼ੀ ਵਧਦੀ ਜਾ ਰਹੀ ਹੈ। ਇਸੇ ਦਰਮਿਆਨ ਮਰਹੂਮ ਕਾਂਗਰਸੀ ਆਗੂ ਅਹਿਮਦ ਪਟੇਲ ਦੀ ਸਿਆਸੀ ਵਿਰਾਸਤ ’ਤੇ ਹੁਣ ਪੁੱਤਰ ਫ਼ੈਜ਼ਲ ਪਟੇਲ ਨੇ ਇਸ ਸੀਟ ’ਤੇ ਦਾਅਵਾ ਕੀਤਾ ਹੈ। ਭਰੂਚ ਵਿਚ ਲੱਗੇ ਹੋਰਡਿੰਗ ’ਤੇ ‘ਮੈਂ ਤੋ ਲੜੂੰਗਾ..’ ਦੇ ਨਾਅਰੇ ਲਿਖੇ ਹਨ, ਇਨ੍ਹਾਂ ’ਤੇ ਫ਼ੈਜ਼ਲ ਦੀ ਫੋਟੋ ਵੀ ਛਪੀ ਹੈ। ਯਾਦ ਰਹੇ ਪਟੇਲ ਦੀ ਮੌਤ ਕੋਰੋਨਾ ਮਹਾਮਾਰੀ ਦੌਰਾਨ ਹੋਈ ਸੀ।

ਪਿਛਲੀ ਵਿਧਾਨ ਸਭਾ ਚੋਣ ਦੌਰਾਨ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਨੇ ਵੀ ਚੋਣ ਨਹੀਂ ਲੜੀ ਸੀ। ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਮੁਮਤਾਜ਼ ਤੇ ਪੁੱਤਰ ਫ਼ੈਜ਼ਲ ਇਸੇ ਭਰੂਚ ਸੀਟ ’ਤੇ ਦਾਅਵਾ ਕਰਨ ਲੱਗੇ ਹਨ। ਫ਼ੈਜ਼ਲ ਦੀਆਂ ਤਸਵੀਰਾਂ ਵਾਲੇ ਅਨੇਕਾਂ ਹੋਰਡਿੰਗ ਭਰੂਚ ਵਿਚ ਲੱਗੇ ਹਨ। ਇਸ ਵਿਚ ‘ਮੈਂ ਤੋ ਲੜੂੰਗਾ’ ਲਿਖ ਕੇ ਸਿਆਸੀ ਇਰਾਦੇ ਜ਼ਾਹਰ ਕਰ ਦਿੱਤੇ ਗਏ ਹਨ। ਫ਼ੈਜ਼ਲ ਬੀਤੇ ਵਰ੍ਹੇ ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੂੰ ਮਿਲਿਆ ਸੀ, ਉਦੋਂ ਦੋਵਾਂ ਜਣਿਆਂ ਦੀ ਫੋਟੋ ਇੰਟਰਨੈੱਟ ਮੀਡੀਆ ’ਤੇ ਸਾਂਝੀ ਕੀਤੀ ਗਈ ਸੀ। ਉਦੋਂ ਤੋਂ ਮੰਨਿਆ ਜਾ ਰਿਹਾ ਸੀ ਕਿ ਫ਼ੈਜ਼ਲ ਆਪਣੇ ਲਈ ਸਿਆਸੀ ਜ਼ਮੀਨ ਲੱਭ ਰਿਹਾ ਹੈ। ਦੂਜੇ ਪਾਸੇ, ਹੁਣ ਹੋਰਡਿੰਗ ਲੱਗਣ ਪਿੱਛੋਂ ਸਪੱਸ਼ਟ ਹੋ ਗਿਆ ਹੈ ਕਿ ਫ਼ੈਜ਼ਲ ਲੋਕ ਸਭਾ ਚੋਣ ਲੜਨੀ ਚਾਹੁੰਦਾ ਹੈ।

ਦੂਜੇ ਪਾਸੇ ਮੁਮਤਾਜ਼ ਪਟੇਲ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਤੋਂ ਇਸ ਚੋਣ ਖੇਤਰ ਵਿਚ ਆਪਣੇ ਪਿਤਾ ਵੱਲੋਂ ਬਣਾਈਆਂ ਸਮਾਜਿਕ ਸੁਸਾਇਟੀਆਂ ਤੇ ਟਰੱਸਟਾਂ ਦੇ ਲੋਕਾਂ ਦਰਮਿਆਨ ਵਿਚਰ ਰਹੀ ਹੈ। ਮੁਮਤਾਜ਼, ਕੁਲ ਹਿੰਦ ਕਾਂਗਰਸ ਵਰਕਿੰਗ ਕਮੇਟੀ ਦੀ ਮੈਂਬਰ ਵੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਅਰਜਨ ਮੋਢਵਾਡੀਆ ਦੀ ਮੰਨੀਏ ਤਾਂ ਭਰੂਚ ਸੀਟ ’ਤੇ ਮੁਮਤਾਜ਼ ਦਮਦਾਰ ਉਮੀਦਵਾਰ ਹੋ ਸਕਦੀ ਹੈ ਤੇ ਪਿਓ ਦੀ ਵਿਰਾਸਤ ਨੂੰ ਸੰਭਾਲਣ ਲਈ ਉਹ ਤਿਆਰ ਹੈ। ਕਾਂਗਰਸ ਦੇ ਮੀਡੀਆ ਇੰਚਾਰਜ ਮਨੀਸ਼ ਮੁਤਾਬਕ ਕਾਂਗਰਸ ਆਗੂ ਸ਼ਕਤੀ ਸਿੰਘ ਗੋਹਿਲ ਤੇ ਪਾਰਟੀ ਇੰਚਾਰਜ ਮੁਕੁਲ ਵਾਸਨਿਕ ਨੇ ਬੀਤੇ ਦਿਨੀਂ ਹਰ ਜ਼ਿਲ੍ਹੇ ਦੇ ਪੰਜਾਹ-ਪੰਜਾਹ ਅਹੁਦੇਦਾਰਾਂ ਤੇ ਜਨਤਕ ਪ੍ਰਤੀਨਿਧੀਆਂ ਕੋਲੋਂ ਲੋਕ ਸਭਾ ਉਮੀਦਵਾਰ ਲਈ ਤਿੰਨ-ਤਿੰਨ ਨਾਂ ਖ਼ੁਫ਼ੀਆ ਤੌਰ ’ਤੇ ਪੁੱਛੇ ਗਏ ਸਨ। ਸੂਤਰਾਂ ਮੁਤਾਬਕ ਭਾਜਪਾ ਦੇ ਮੌਜੂਦਾ ਐੱਮਪੀ ਮਨਸੁੱਖ ਵਸਾਵਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੈਤਰ ਵਸਾਵਾ ਵਿਚਾਲੇ ਵੀ ਇਸ ਸੀਟ ਲਈ ਰੱਸਾਕਸ਼ੀ ਚੱਲ ਰਹੀ ਹੈ। ਆਦਿਵਾਸੀ ਵੋਟ ਬੈਂਕ ’ਤੇ ਕਬਜ਼ਾ ਕਰਨ ਲਈ ਦੋਵੇਂ ਜਣੇ ਪੂਰੀ ਤਾਕਤ ਲਗਾ ਰਹੇ ਹਨ।