ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਕਾਰਵਾਈ ਕਰਦਿਆਂ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਉਰਫ਼ ਅਰਸ਼ ਡੱਲਾ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ ਪੰਜਾਬ ਦੇ ਇਕ ਮਾਮਲੇ ‘ਚ ਪੈਰੋਲ ‘ਤੇ ਆਉਣ ਮਗਰੋਂ ਫਰਾਰ ਸਨ।
ਮੁਕਾਬਲੇ ‘ਚ ਇਕ ਸ਼ੂਟਰ ਦੀ ਲੱਤ ‘ਤੇ ਲੱਗੀ ਗੋਲੀ
ਤਾਜ਼ਾ ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਯੂਰ ਵਿਹਾਰ ਇਲਾਕੇ ‘ਚ ਹੋਏ ਮੁਕਾਬਲੇ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਮੁਕਾਬਲੇ ਦੌਰਾਨ ਇਕ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਪੰਜਾਬੀ ਗਾਇਕ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਸ ਦੌਰਾਨ ਦਿੱਲੀ ਪੁਲਿਸ ਨੇ ਮੁਲਜ਼ਮਾਂ ਨੂੰ ਦਬੋਚ ਲਿਆ।
#WATCH | Delhi: After a brief encounter last night, Delhi police special cell arrested two shooters of Arsh Dalla gang from Mayur Vihar area pic.twitter.com/JJTQYC1vQp
— ANI (@ANI) November 27, 2023
ਸ਼ੂਟਰਾਂ ਦੇ ਨਿਸ਼ਾਨੇ ‘ਤੇ ਸੀ ਇਹ ਪੰਜਾਬੀ ਗਾਇਕ
ਦਿੱਲੀ ਪੁਲਿਸ ਅਨੁਸਾਰ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਡੱਲਾ ਦੇ ਦੋ ਸ਼ਾਰਪ ਸ਼ੂਟਰ ਰਾਜਪ੍ਰੀਤ ਸਿੰਘ ਉਰਫ਼ ਰਾਜਾ ਅਤੇ ਵਰਿੰਦਰ ਸਿੰਘ ਉਰਫ਼ ਵਿੰਮੀ ਨੂੰ ਅਕਸ਼ਰਾਧਾਮ ਮੰਦਰ ਨੇੜੇ ਮਯੂਰ ਵਿਹਾਰ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਅਪਰਾਧੀਆਂ ਨੂੰ ਅਰਸ਼ਦੀਪ ਨੇ ਪੰਜਾਬੀ ਗਾਇਕ ਐਲੀ ਮਾਂਗਟ ਦੇ ਕਤਲ ਦਾ ਕੰਮ ਸੌਂਪਿਆ ਸੀ, ਜਿਸ ਲਈ ਉਨ੍ਹਾਂ ਨੇ ਅਕਤੂਬਰ 2023 ਵਿੱਚ ਬਠਿੰਡਾ ਵਿਚ ਇਕ ਕੋਸ਼ਿਸ਼ ਕੀਤੀ ਪਰ ਅਸਫਲ ਰਹੇਲ ਕਿਉਂਕਿ ਟਾਰਗੇਟ ਘਰ ਦਾ ਨਹੀਂ ਮਿਲਿਆ ਸੀ।
ਸ਼ੂਟਰਾਂ ਨੇ ਕੀਤੀ ਪੰਜ ਰਾਊਂਡ ਫਾਇਰਿੰਗ
ਮੁਕਾਬਲੇ ਦੌਰਾਨ ਮੁਲਜ਼ਮਾਂ ਵੱਲੋਂ ਪੰਜ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਦੋ ਰਾਊਂਡ ਪੁਲਿਸ ਦੀਆਂ ਬੁਲੇਟ ਪਰੂਫ਼ ਜੈਕਟਾਂ ਵਿਚ ਲੱਗੇ। ਜਵਾਬੀ ਕਾਰਵਾਈ ‘ਚ ਪੁਲਿਸ ਟੀਮ ਨੇ ਦੋਸ਼ੀਆਂ ‘ਤੇ 6 ਰਾਊਂਡ ਫਾਇਰ ਕੀਤੇ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਹੈਂਡ ਗ੍ਰਨੇਡ ਤੇ ਇਕ ਚੋਰੀ ਦੀ ਮੋਟਰਸਾਈਕਲ ਸਮੇਤ ਇਕ ਰਿਵਾਲਵਰ ਅਤੇ ਦਰਜਨ ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਲੋੜੀਂਦਾ ਅਪਰਾਧੀ ਹੈ ਅਰਸ਼ ਡੱਲਾ
NIA, ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਅਰਸ਼ਦੀਪ ਉਰਫ਼ ਅਰਸ਼ ਡੱਲਾ ਨੂੰ ਲੋੜੀਂਦਾ ਅਪਰਾਧੀ ਐਲਾਨਿਆ ਹੈ। ਜਾਣਕਾਰੀ ਮੁਤਾਬਿਕ ਅਰਸ਼ ਡੱਲਾ ਕੈਨੇਡਾ ‘ਚ ਲੁਕਿਆ ਹੋਇਆ ਹੈ।


