ਮਨੋਰੰਜਨ ਡੈਸਕ, ਨਵੀਂ ਦਿੱਲੀ : ‘ਬਿੱਗ ਬੌਸ 17’ ਨੂੰ ਸ਼ੁਰੂ ਹੋਇਆਂ ਕਰੀਬ ਦੋ ਮਹੀਨੇ ਬੀਤ ਚੁੱਕੇ ਹਨ। ਮਨੋਰੰਜਨ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ‘ਬਿੱਗ ਬੌਸ’ ਕਈ ਤਜਰਬੇ ਕਰਦੇ ਦੇਖੇ ਜਾ ਸਕਦੇ ਹਨ। ਪਿਛਲੇ ਹਫਤੇ ਕਰਨ ਜੌਹਰ ਨੇ ਇਸ ਸ਼ੋਅ ਨੂੰ ਹੋਸਟ ਕੀਤਾ ਸੀ। ਉਸ ਨੇ ਮੰਨਾਰਾ ਚੋਪੜਾ ਨੂੰ ਉਸ ਦੇ ਵਿਹਾਰ ਲਈ ਖ਼ਰੀਆਂ-ਖਰੀਆਂ ਸੁਣਾਈਆਂ ਸਨ। ਇਸ ਹਫਤੇ ਸਲਮਾਨ ਖਾਨ ਨੇ ਵੀ ਮੰਨਾਰਾ ਨੂੰ ਵਿਗੜਿਆ ਬੱਚਾ ਕਹਿ ਕੇ ਉਸ ਦੇ ਵਿਹਾਰ ‘ਤੇ ਸਵਾਲ ਖੜ੍ਹੇ ਕੀਤੇ। ਇੰਨਾ ਝਿੜਕਣ ਦੇ ਬਾਵਜੂਦ ਮੰਨਾਰਾ ਨੇ ਬਿੱਗ ਬੌਸ 17 ਦੇ ਚੋਟੀ ਦੇ ਪ੍ਰਤੀਯੋਗੀਆਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ।

ਵਿੱਕੀ ਜੈਨ ਲਿਸਟ ‘ਚੋਂ ਹੋਏ ਬਾਹਰ

‘ਬਿੱਗ ਬੌਸ 17’ ‘ਚ ਇਸ ਹਫਤੇ ਚਾਰ ਪ੍ਰਤੀਯੋਗੀ ਨਾਮਜ਼ਦ ਕੀਤੇ ਗਏ ਹਨ। ਵਿੱਕੀ ਜੈਨ, ਖਾਨਜ਼ਾਦੀ, ਨੀਲ ਭੱਟ ਅਤੇ ਅਭਿਸ਼ੇਕ ਕੁਮਾਰ ਵਿੱਚੋਂ ਇੱਕ ਨੂੰ ਇਸ ਹਫਤੇ ਬੇਘਰ ਕਰ ਦਿੱਤਾ ਜਾਵੇਗਾ। ਇਸ ਸੂਚੀ ਵਿਚ ਵਿੱਕੀ ਜੈਨ ਦਾ ਨਾਮ ਹੈਰਾਨੀਜਨਕ ਹੈ ਕਿਉਂਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਬਿੱਗ ਬੌਸ ਦੇ ਟ੍ਰੈਂਡਿੰਗ ਪ੍ਰਤੀਯੋਗੀਆਂ ਦੀ ਸੂਚੀ ਵਿਚ ਸੀ। ਵਿੱਕੀ ਨੂੰ ਨਾ ਸਿਰਫ ਨੌਮੀਨੇਟ ਕੀਤਾ ਗਿਆ ਹੈ, ਸਗੋਂ ਟਾਪ 5 ਦੀ ਸੂਚੀ ਤੋਂ ਵੀ ਬਾਹਰ ਰੱਖਿਆ ਗਿਆ ਹੈ।

ਟਾਪ 5 ‘ਚ ਆਏ ਇਹ ਮੁਕਾਬਲੇਬਾਜ਼

ਓਰਮੈਕਸ ਮੀਡੀਆ ਨੇ ਬਿੱਗ ਬੌਸ 17 ਦੇ ਚੋਟੀ ਦੇ 5 ਪ੍ਰਤੀਯੋਗੀਆਂ ਦੀ ਸੂਚੀ ਜਾਰੀ ਕੀਤੀ ਹੈ। ਪੂਰੇ ਸੀਜ਼ਨ ਲਈ ਨੌਮੀਨੇਟ ਹੋਏ ਨੀਲ ਭੱਟ ਨੇ ਆਪਣੀ ਸਥਿਤੀ ਬਰਕਰਾਰ ਰੱਖੀ ਹੈ। ਉਹ ਇਸ ਸੂਚੀ ‘ਚ ਪੰਜਵੇਂ ਸਥਾਨ ‘ਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਐਸ਼ਵਰਿਆ ਸ਼ਰਮਾ ਉਨ੍ਹਾਂ ਤੋਂ ਇਕ ਕਦਮ ਅੱਗੇ ਹੈ।

ਇਸ ਵਾਰ ਟਾਪ-3 ‘ਚ ਸ਼ਾਮਿਲ ਇਕ ਨਾਂ ਦੀ ਪੁਜ਼ੀਸ਼ਨ ‘ਚ ਬਦਲਾਅ ਕੀਤਾ ਗਿਆ ਹੈ। ਜਿੱਥੇ ਵਿੱਕੀ ਜੈਨ ਪਿਛਲੇ ਕੁਝ ਹਫਤਿਆਂ ਤੋਂ ਓਰਮੈਕਸ ਮੀਡੀਆ ਦੀਆਂ ਖਬਰਾਂ ਵਿੱਚ ਛਾਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਜਗ੍ਹਾ ਮੰਨਾਰਾ ਚੋਪੜਾ ਨੇ ਲਈ ਹੈ। ਮੰਨਾਰਾ ਇਸ ਸੂਚੀ ‘ਚ ਤੀਜੇ ਨੰਬਰ ‘ਤੇ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਨੱਵਰ ਫਾਰੂਕੀ ਪਹਿਲੇ ਸਥਾਨ ‘ਤੇ ਹਨ। ਦੂਜੇ ਨੰਬਰ ‘ਤੇ ਅੰਕਿਤਾ ਲੋਖੰਡੇ ਦਾ ਸਥਾਨ ਬਰਕਰਾਰ ਹੈ।