Asian Games 2023 : ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੇ ਸ਼ੁੱਕਰਵਾਰ ਨੂੰ ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 ‘ਚ ਬੰਗਲਾਦੇਸ਼ ਖਿਲਾਫ ਸੈਮੀਫਾਈਨਲ ਮੈਚ ‘ਚ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਨਾਲ ਤਿਲਕ ਵਰਮਾ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ।
ਤਿਲਕ ਵਰਮਾ ਨੇ ਬੰਗਲਾਦੇਸ਼ ਖਿਲਾਫ ਸਿਰਫ 26 ਗੇਂਦਾਂ ‘ਤੇ ਦੋ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ ਨਾਬਾਦ 55 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 211.53 ਦਾ ਰਿਹਾ। ਇਹ ਤਿਲਕ ਵਰਮਾ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸਰਵੋਤਮ ਸਕੋਰ ਰਿਹਾ।
ਰੋਹਿਤ ਸ਼ਰਮਾ ਦਾ ਕਿਹੜਾ ਰਿਕਾਰਡ ਟੁੱਟਿਆ
20 ਸਾਲਾ ਤਿਲਕ ਵਰਮਾ ਨੇ ਸ਼ੁੱਕਰਵਾਰ ਨੂੰ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਦੂਜਾ ਅਰਧ ਸੈਂਕੜਾ ਜੜਿਆ। ਤਿਲਕ ਵਰਮਾ 20 ਸਾਲ ਜਾਂ ਇਸ ਤੋਂ ਘੱਟ ਉਮਰ ‘ਚ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਤਿਲਕ ਵਰਮਾ ਨੇ 20 ਸਾਲ ਜਾਂ ਇਸ ਤੋਂ ਘੱਟ ਉਮਰ ਵਿੱਚ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅਰਧ ਸੈਂਕੜਾ ਬਣਾਉਣ ਵਾਲੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ।
20 ਸਾਲ ਜਾਂ ਇਸ ਤੋਂ ਘੱਟ ਉਮਰ ‘ਚ ਟੀ-20 ‘ਚ ਅਰਧ ਸੈਂਕੜਾ ਜੜਨ ਵਾਲੇ ਭਾਰਤੀ ਬੱਲੇਬਾਜ਼ੀ
2* – ਤਿਲਕ ਵਰਮਾ
1 – ਰੋਹਿਤ ਸ਼ਰਮਾ
ਭਾਰਤ ਦੀ ਸ਼ਾਨਦਾਰ ਜਿੱਤ
ਤਿਲਕ ਵਰਮਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਸੈਮੀਫਾਈਨਲ ਮੈਚ ‘ਚ ਬੰਗਲਾਦੇਸ਼ ਨੂੰ 64 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 96 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਨੇ 9.2 ਓਵਰਾਂ ‘ਚ ਇਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਤਿਲਕ ਵਰਮਾ ਨੇ ਕਪਤਾਨ ਰੁਤੁਰਾਜ ਗਾਇਕਵਾੜ ਨਾਲ ਦੂਜੀ ਵਿਕਟ ਲਈ 97 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।



