
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਨੂੰ ਰੋਕਣ ਲਈ ਫੈਡਰਲ ਪੱਧਰ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰ ਰਹੇ ਹਨ ।
28 ਨਵੰਬਰ, 2025 ਨੂੰ ਸਰੀ ਵਿੱਚ ਹੋਏ ਤ੍ਰਿਪੱਖੀ ਸਿਖਰ ਸੰਮੇਲਨ ਦੌਰਾਨ ਫੈਡਰਲ ਅਤੇ ਸੂਬਾਈ ਸਰਕਾਰਾਂ ਨੇ ਇਸ ਹਿੰਸਾ ਦੇ ਖ਼ਤਮ ਕਰਨ ਲਈ ਆਪਣੀ ਵਚਨਬੱਧਤਾ ਦਿੰਦਿਆਂ 90 ਦਿਨਾਂ ਵਿੱਚ ਮੁੜ ਮਿਲਣ ‘ਤੇ ਸਹਿਮਤੀ ਦਿੱਤੀ ਸੀ। ਉਸ ਤੋਂ ਬਾਅਦ ਸਮੱਸਿਆ ਹੋਰ ਗੰਭੀਰ ਹੋ ਗਈ ਹੈ। 2023 ਤੋਂ ਲੈ ਕੇ ਹੁਣ ਤੱਕ ਕੈਨੇਡਾ ਭਰ ਵਿੱਚ ਦਰਜ ਕੀਤੀਆਂ ਗਈਆਂ ਵਸੂਲੀ ਦੀਆਂ ਘਟਨਾਵਾਂ ਦੀ ਗਿਣਤੀ 1,500 ਦੇ ਨੇੜੇ ਪਹੁੰਚ ਰਹੀ ਹੈ, ਜਦਕਿ ਸਿਰਫ਼ ਪਿਛਲੇ ਤਿੰਨ ਹਫ਼ਤਿਆਂ ਵਿੱਚ ਸਰੀ ਵਿੱਚ ਹੀ 34 ਮਾਮਲੇ ਸਾਹਮਣੇ ਆਏ ਹਨ।
ਮੇਅਰ ਲੌਕ ਨੇ ਕਿਹਾ, “ ਸਰੀ ਨੇ ਪਹਿਲਾਂ ਕਦੇ ਵੀ ਅਜਿਹੇ ਹਾਲਾਤ ਨਹੀਂ ਵੇਖੇ। ਨਿਵਾਸੀ ਅਤੇ ਕਾਰੋਬਾਰੀ ਲਗਾਤਾਰ ਡਰ ਵਿੱਚ ਰਹਿ ਰਹੇ ਹਨ, ਅਤੇ ਸਾਡਾ ਭਾਈਚਾਰਾ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ । ਪੁਲਿਸ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਸਾਨੂੰ ਇੱਕ ਸੰਯੁਕਤ, ਦੇਸ਼-ਪੱਧਰੀ ਪਹੁੰਚ ਦੀ ਤੁਰੰਤ ਲੋੜ ਹੈ, ਜੋ ਇਨ੍ਹਾਂ ਅਪਰਾਧਾਂ ਨੂੰ ਰੋਕ ਸਕੇ ਅਤੇ ਕੈਨੇਡੀਆਨਾਂ ਦੀ ਰੱਖਿਆ ਕਰੇ।”
21 ਜਨਵਰੀ, 2026 ਨੂੰ ਲਿਖੇ ਇੱਕ ਪੱਤਰ ਵਿੱਚ, ਮੇਅਰ ਲੌਕ ਨੇ ਫੈਡਰਲ ਪਬਲਿਕ ਸੇਫ਼ਟੀ ਮੰਤਰੀ ਗੈਰੀ ਅਨੰਦਸੇੰਗਰੀ ਨੂੰ ਇੱਕ ਰਾਸ਼ਟਰੀ ਜਬਰਨ ਵਸੂਲੀ ਕਮਿਸ਼ਨਰ ਦੀ ਨਿਯੁਕਤੀ ਕਰਨ ਦੀ ਅਪੀਲ ਕੀਤੀ, ਜੋ ਪੁਲਿਸ, ਮਾਹਰਾਂ, ਸਰਕਾਰਾਂ ਅਤੇ ਕਮਿਊਨਿਟੀ ਨੇਤਾਵਾਂ ਨੂੰ ਇਕੱਠਾ ਕਰਕੇ ਵਸੂਲੀ ਦੇ ਅਸਲ ਕਾਰਨਾਂ ਦੀ ਪਛਾਣ ਕਰਨ ਅਤੇ ਤੁਰੰਤ ਠੋਸ ਹੱਲ ਲੱਭਣ।
ਮੇਅਰ ਨੇ ਕਿਹਾ, “ਇਸ ਭੂਮਿਕਾ ਕੋਲ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਸਾਡੇ ਅਪਰਾਧਿਕ, ਇਮੀਗ੍ਰੇਸ਼ਨ ਅਤੇ ਨਾਗਰਿਕਤਾ ਪ੍ਰਣਾਲੀਆਂ ਵਿੱਚ ਮੌਜੂਦ ਸਪੱਸ਼ਟ ਖ਼ਾਮੀਆਂ ਦੀ ਜਾਂਚ ਕਰੇ ਅਤੇ ਇੱਕ ਅਜਿਹੀ ਰਾਸ਼ਟਰੀ ਰਣਨੀਤੀ ਦੀ ਅਗਵਾਈ ਕਰੇ, ਜੋ ਹਕੀਕਤ ਵਿੱਚ ਇਨ੍ਹਾਂ ਅਪਰਾਧਾਂ ਨੂੰ ਹੋਣ ਤੋਂ ਰੋਕੇ।”
“ਸਾਡੇ ਮੌਜੂਦਾ ਕਾਨੂੰਨ ਸਧਾਰਣ ਤੌਰ ’ਤੇ ਕਾਫ਼ੀ ਕਮਜ਼ੋਰ ਹਨ ਅਤੇ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਉਹ ਸਾਧਨ ਨਹੀਂ ਹਨ, ਜੋ ਅਸੀਂ ਦੇਖ ਰਹੇ ਜ਼ਬਰਦਸਤੀ ਵਸੂਲੀ ਅਤੇ ਹਿੰਸਾ ਦੀ ਇਸ ਪੱਧਰ ਦੀ ਸਥਿਤੀ ਤੋਂ ਜਨਤਾ ਦੀ ਰੱਖਿਆ ਕਰ ਸਕਣ। ਸਰੀ ਇਸ ਸੰਕਟ ਦੇ ਤੀਜੇ ਸਾਲ ਵਿੱਚ ਦਾਖ਼ਲ ਹੋ ਰਿਹਾ ਹੈ। ਕੈਨੇਡੀਅਨ ਕਮਿਊਨਿਟੀਆਂ ਦੀ ਰੱਖਿਆ ਕਰਨ ਅਤੇ ਜਨਤਾ ਦਾ ਭਰੋਸਾ ਮੁੜ ਬਹਾਲ ਕਰਨ ਲਈ ਸਾਨੂੰ ਮਜ਼ਬੂਤ ਫੈਡਰਲ ਲੀਡਰਸ਼ਿਪ ਦੀ ਲੋੜ ਹੈ।”
ਮੇਅਰ ਲੌਕ ਓਟਾਵਾ ਵਿੱਚ ਆਉਣ ਵਾਲੀ ਫੈਡਰਲ ਮੀਟਿੰਗ ਵਿੱਚ ਇਨ੍ਹਾਂ ਸਿਫ਼ਾਰਸ਼ਾਂ ਬਾਰੇ ਵਿਚਾਰ-ਚਰਚਾ ਕਰਨਗੇ।
-30-
ਮੀਡੀਆ ਇਨਕੁਆਇਰੀ :
ਪ੍ਰਭਜੋਤ ਕਾਹਲੋਂ
ਮਲਟੀਕਲਚਰਲ ਮੀਡੀਆ ਰੀਲੈਸ਼ਨਜ ਲੀਡ
ਸਿਟੀ ਆਫ਼ ਸਰੀ
C :236-878-6263


