ਸਰੀ ਸ਼ਹਿਰ ਦੀ ਤੇਜ਼ੀ ਨਾਲ ਵਧ ਰਹੀ ਕਮਿਊਨਿਟੀ ਲਈ ਆਧੁਨਿਕ ਤੇ ਉੱਚ-ਮਿਆਰੀ ਖੇਡ ਸਹੂਲਤ
ਸਰੀ, ਬੀ.ਸੀ. – ਸਰੀ ਸ਼ਹਿਰ ਨੇ ਅੱਜ ਆਪਣੀ ਨਵੀਂ ਮਨੋਰੰਜਨ ਸਹੂਲਤ, ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ , ਅਧਿਕਾਰਤ ਤੌਰ ‘ਤੇ ਖੋਲ੍ਹ ਦਿੱਤਾ ਹੈ। ਇਸ ਸਹੂਲਤ ਵਿੱਚ ਦੋ ਐਨ ਐਚ ਐਲ ( NHL) ਦੇ ਆਕਾਰ ਦੇ ਆਈਸ ਰਿੰਕ ਹਨ ਅਤੇ ਹਰ ਇੱਕ ਵਿੱਚ ਚਾਰ ਪੂਰੇ ਆਕਾਰ ਦੇ ਟੀਮ ਡਰੈੱਸਿੰਗ ਰੂਮ, ਦੋ ਅਧਿਕਾਰੀਆਂ ਦੇ ਕਮਰੇ, 200 ਤੋਂ ਵੱਧ ਦਰਸ਼ਕਾਂ ਦੀਆਂ ਸੀਟਾਂ ਅਤੇ ਪੈਰਾ ਆਈਸ ਹਾਕੀ ਵਰਗੀਆਂ ਪਹੁੰਚਯੋਗ ਆਈਸ ਖੇਡਾਂ ਦੀਆਂ ਵਿਸ਼ੇਸ਼ਤਾਵਾਂ ਹਨ। ਦਰਸ਼ਕਾਂ ਲਈ ਸਕੇਟ ਅਤੇ ਹੈਲਮਟ ਕਿਰਾਏ ‘ਤੇ ਲੈਣ, ਸਕੇਟ ਤਿੱਖਾ ਕਰਨ ਅਤੇ ਖਾਣ-ਪੀਣ ਦੀਆਂ ਸੇਵਾਵਾਂ ਵੀ ਉਪਲਬਧ ਹਨ। ਇੱਥੇ ਤਿੰਨ ਬਹੁ-ਮੰਤਵੀ ਕਮਰੇ, ਇੱਕ ਮੀਟਿੰਗ ਰੂਮ ਅਤੇ ਵ੍ਹੀਲਚੇਅਰ-ਅਨੁਕੂਲ ਦੇਖਣ ਲਈ ਸਥਾਨ ਵੀ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਕਲੋਵਰਡੇਲ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਅਤੇ ਇਹ ਨਵਾਂ ਕੰਪਲੈਕਸ ਉਹ ਸਮਾਵੇਸ਼ੀ, ਪਹੁੰਚਯੋਗ ਅਤੇ ਉੱਚ-ਗੁਣਵੱਤਾ ਵਾਲੀਆਂ ਮਨੋਰੰਜਨ ਸਹੂਲਤਾਂ ਪ੍ਰਦਾਨ ਕਰਦਾ ਹੈ, ਜਿਨ੍ਹਾਂ ਦੀਆਂ ਪਰਿਵਾਰਾਂ ਨੇ ਲੰਮੇ ਸਮੇਂ ਤੋਂ ਉਡੀਕ ਕੀਤੀ ਹੋਈ ਸੀ”। “ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ ਇੱਕ ਅਜਿਹੇ ਕਮਿਊਨਟੀ ਕੇਂਦਰ ਅਤੇ ਪ੍ਰਮੁੱਖ ਖੇਡ ਸਹੂਲਤ ਵਜੋਂ ਕੰਮ ਕਰੇਗਾ, ਜੋ ਹਰ ਉਮਰ ਦੇ ਨਿਵਾਸੀਆਂ ਦੀ ਸਹਾਇਤਾ ਕਰੇਗਾ ਅਤੇ ਆਉਣ ਵਾਲੇ ਸਾਲਾਂ ‘ਚ ਨੌਜਵਾਨ ਖਿਡਾਰੀਆਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਏਗਾ।”
ਇਹ ਸਹੂਲਤ ਆਈਸ ਹਾਕੀ, ਫਿਗਰ ਸਕੇਟਿੰਗ, ਪਬਲਿਕ ਲੈਸਨਜ਼ ਅਤੇ ਗਰਮੀਆਂ ਦੇ ਸਮੇਂ ਡ੍ਰਾਈ-ਫਲੋਰ ਖੇਡਾਂ ਜਿਵੇਂ ਕਿ ਲੈਕਰਾਸ ਅਤੇ ਬਾਲ ਹਾਕੀ ਸਮੇਤ ਕਈ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ। ਨਵੇਂ ਪਾਰਕਿੰਗ ਲਾਟ ਵਿੱਚ ਐਕਸੇਸਿਬਲ ਸਟਾਲ, ਈਵੀ ਚਾਰਜਿੰਗ ਸਟੇਸ਼ਨ (EV Charging Stations) ਅਤੇ ਪਿਕਅੱਪ/ਡਰੌਪ-ਆਫ਼ ਖੇਤਰ ਸ਼ਾਮਲ ਹਨ, ਜੋ ਖਿਡਾਰੀਆਂ, ਪਰਿਵਾਰਾਂ ਅਤੇ ਦਰਸ਼ਕਾਂ ਲਈ ਆਸਾਨ ਪਹੁੰਚ ਯਕੀਨੀ ਬਣਾਉਂਦੇ ਹਨ।
ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ, “ਸਰੀ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦੇ ਵਸਨੀਕ ਸਕੇਟਿੰਗ ਕਰਨ ਦੇ ਮੌਕੇ ਦੇ ਹੱਕਦਾਰ ਹਨ।” “ਇਹ ਨਵੀਂ ਆਧੁਨਿਕ ਸਹੂਲਤ ਵਧੇਰੇ ਲੋਕਾਂ ਨੂੰ ਸਰਗਰਮ ਰਹਿਣ, ਖੇਡਾਂ ਖੇਡਣ ਅਤੇ ਆਪਣੇ ਭਾਈਚਾਰੇ ਨਾਲ ਜੁੜਨ ਦੇ ਮੌਕੇ ਪੈਦਾ ਕਰੇਗੀ। ਇਹ ਸਾਡੀ ਸਰਕਾਰ ਦੇ ਕੰਮ ਦਾ ਹਿੱਸਾ ਹੈ ਕਿ ਸੂਬੇ ਨੂੰ ਮਜ਼ਬੂਤ ਬਣਾਉਣ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਕਮਿਊਨਿਟੀਆਂ ਨੂੰ ਲੋੜੀਂਦਾ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਜਾਵੇ, ਜਿਸਦੀ ਉਨ੍ਹਾਂ ਨੂੰ ਪ੍ਰਫੁੱਲਤ ਹੋਣ ਲਈ ਜ਼ਰੂਰਤ ਹੈ।”
ਵਧ ਰਹੀ ਮੰਗ ਦੇ ਜਵਾਬ ਵਜੋਂ, ਤੀਜੀ NHL ਆਕਾਰ ਦੇ ਆਈਸ ਰਿੰਕ ਦਾ ਨਿਰਮਾਣ ਪ੍ਰਕਿਰਿਆ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋ 2027 ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਹ ਵਿਸਥਾਰ ਸਰੀ ਦੀ ਆਈਸ ਰਿੰਕ ਦੀ ਸਮਰੱਥਾ ਨੂੰ ਹੋਰ ਵਧਾਏਗਾ ਅਤੇ ਸ਼ਹਿਰ ਦੇ ਮਨੋਰੰਜਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ।
ਬੀਸੀ ਹਾਊਸਿੰਗ ਅਤੇ ਮਿਊਸੀਪਲ ਮਾਮਲਿਆਂ ਦੀ ਮੰਤਰੀ ਕ੍ਰਿਸਟੀਨ ਬੋਇਲ ਨੇ ਕਿਹਾ, “ਸਰੀ ਵਿੱਚ ਇਹ ਨਵੀਂ ਸੁਵਿਧਾ ਇੱਕ ਸ਼ਾਨਦਾਰ ਥਾਂ ਹੈ, ਜਿੱਥੇ ਪਰਿਵਾਰ ਜੁੜ ਸਕਦੇ ਹਨ, ਨੌਜਵਾਨ ਖਿਡਾਰੀ ਵਿਕਸਤ ਹੋ ਸਕਦੇ ਹਨ ਅਤੇ ਕਮਿਊਨਿਟੀ ਇਕੱਠੀ ਹੋ ਸਕਦੀ ਹੈ। ਇਹ ਸਿਰਫ਼ ਆਈਸ ਜਾਂ ਢਾਂਚਾ ਨਹੀਂ ਹੈ, ਬਲਕਿ ਇਹ ਸਾਡੀ ਸਰਕਾਰ ਵੱਲੋਂ ਹਾਊਸਿੰਗ ਤੋਂ ਵੱਧ ਇਸ ‘ਚ ਨਿਵੇਸ਼ ਕਰਨ ਦਾ ਵਾਅਦਾ ਹੈ। ਇਹ ਇੱਕ ਹੋਰ ਉਦਾਹਰਨ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਜ਼ਬੂਤ, ਸਿਹਤਮੰਦ ਅਤੇ ਵਧੇਰੇ ਸੰਮਲਿਤ ਕਮਿਊਨਿਟੀਆਂ ਬਣਾਉਣ ਲਈ ਕਿਵੇਂ ਕੰਮ ਕਰ ਰਹੇ ਹਾਂ।”
ਇਸ ਪ੍ਰੋਜੈਕਟ ਲਈ ਕੁੱਲ ਮਨਜ਼ੂਰਸ਼ੁਦਾ ਬਜਟ $132.8 ਮਿਲੀਅਨ ਸੀ, ਜਿਸ ਵਿੱਚੋਂ $70.2 ਮਿਲੀਅਨ ਦੀ ਫੰਡਿੰਗ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵੱਲੋਂ ਹਾਊਸਿੰਗ ਅਤੇ ਮਿਊਂਸਿਪਲ ਅਫੇਅਰਜ਼ ਮੰਤਰਾਲੇ ਦੇ ਗ੍ਰੋਇੰਗ ਕਮਿਊਨਿਟੀਜ਼ ਫ਼ੰਡ ਰਾਹੀਂ ਪ੍ਰਦਾਨ ਕੀਤੀ ਗਈ ਹੈ।
ਪ੍ਰੋਗਰਾਮਾਂ ਅਤੇ ਡ੍ਰੌਪ-ਇਨ ਕਾਰਜਕ੍ਰਮ ਨੂੰ ਵੇਖਣ ਅਤੇ ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ ਬਾਰੇ ਹੋਰ ਜਾਣਨ ਲਈ ਸਿਟੀ ਦੀ ਵੈੱਬਸਾਈਟ ‘ਤੇ ਜਾਓ।




