ਸਰੀ, ਬੀ.ਸੀ. – ਸਰੀ ਸ਼ਹਿਰ ਵੱਲੋਂ ਸਰੀ ਪੁਲਿਸ ਸਰਵਿਸ ਨੂੰ $250,000 ਦਾ ਇਨਾਮੀ ਫ਼ੰਡ ਮੁਹੱਈਆ ਕਰਵਾਇਆ ਹੈ, ਜੋ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਸਦਕਾ ਸ਼ਹਿਰ ਵਿੱਚ ਚੱਲ ਰਹੀਆਂ ਫਿਰੌਤੀ ਦੀਆਂ ਘਟਨਾਵਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ।
ਇਹ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਪੁਲਿਸ ਇਨਾਮਾਂ ਵਿੱਚੋਂ ਇੱਕ ਹੈ। ਇਹ ਰਕਮ ਇਸ ਹਿੰਸਾ ਦੀ ਗੰਭੀਰਤਾ ਅਤੇ ਇਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਸ਼ਹਿਰ ਦੀ ਵਚਨਬੱਧਤਾ ਦੋਵਾਂ ਨੂੰ ਦਰਸਾਉਂਦੀ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਗੰਭੀਰ, ਸੰਗਠਿਤ ਜੁਰਮ ਹਨ, ਜੋ ਸਰਹੱਦਾਂ ਤੋਂ ਪਰੇ ਵੀ ਫੈਲੇ ਹੋਏ ਹਨ। ਇਹ ਸਿਰਫ਼ ਸਰੀ ਦੀ ਹੀ ਨਹੀਂ, ਸਗੋਂ ਕੈਨੇਡਾ ਦਾ ਸਮੱਸਿਆ ਹੈ, ਜੋ ਕੈਨੇਡੀਅਨ ਕਾਰੋਬਾਰਾਂ ਅਤੇ ਵਸਨੀਕਾਂ ਨੂੰ ਕਈ ਹੋਰ ਸ਼ਹਿਰਾਂ ਵਿੱਚ ਵੀ ਪ੍ਰਭਾਵਿਤ ਕਰ ਰਹੀ ਹੈ। ਪਰ ਅਸੀਂ ਸਰੀ ਵਿੱਚ ਇਸ ਨੂੰ ਬਰਦਾਸ਼ਿਤ ਨਹੀਂ ਕਰਾਂਗੇ। ਮੈਂ ਪਰਿਵਾਰਾਂ ਤੋਂ ਸੁਣਿਆ ਹੈ ਕਿ ਕਿਸ ਤਰ੍ਹਾਂ ਸੁੱਤੇ ਹੋਏ ਬੱਚਿਆਂ ਲਈ ਘਰ ਦੇ ਬਾਹਰ ਗੋਲੀ ਚੱਲਣ ਦੀ ਆਵਾਜ਼ ਸੁਣ ਦਹਿਲ ਜਾਣਾ ਕਿੰਨਾ ਤਣਾਅ ਭਰਪੂਰ ਹੈ। ਹਰ ਕਿਸੇ ਨੂੰ ਬਿਨਾਂ ਡਰ ਦੇ ਜਿਊਣ ਅਤੇ ਕੰਮ ਕਰਨ ਦਾ ਅਧਿਕਾਰ ਹੈ, ਅਤੇ ਇਸਦੇ ਹੋਰ ਮਾੜੇ ਨਤੀਜੇ ਨਿਕਲਣ ਤੋਂ ਪਹਿਲਾਂ, ਇਸ ਬਾਰੇ ਕਿਸੇ ਤਰਾਂ ਦੀ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਅੱਗੇ ਆਉਣ ਦੀ ਲੋੜ ਹੈ।”
ਬੀਤੇ ਬੁੱਧਵਾਰ, 10 ਸਤੰਬਰ ਨੂੰ, ਸਿਟੀ ਕੌਂਸਲ ਨੇ ਇਹ ਇਨਾਮ ਸੰਭਵ ਬਣਾਉਣ ਲਈ ਸਰੀ ਪੁਲਿਸ ਸਰਵਿਸ ਨੂੰ $250,000 ਦੀ ਗ੍ਰਾਂਟ ਮਨਜ਼ੂਰ ਕੀਤੀ। ਸਰੀ ਪੁਲਿਸ ਸਰਵਿਸ ਪ੍ਰਾਪਤ ਕੀਤੀ ਜਾਣਕਾਰੀ ਨੂੰ ਧਿਆਨ ਅਤੇ ਸੰਵੇਦਨਸ਼ੀਲਤਾ ਨਾਲ ਸੰਭਾਲ, ਕਿਸੇ ਵੀ ਇਨਾਮ ਦੀ ਕੀਮਤ ਨਿਰਧਾਰਿਤ ਕਰੇਗੀ, ਜੋ ਸਿਰਫ਼ ਉਸ ਵੇਲੇ ਦਿੱਤਾ ਜਾਵੇਗਾ ਜਦੋਂ ਜਾਣਕਾਰੀ ਸਿੱਧੇ ਤੌਰ ‘ਤੇ ਦੋਸ਼ੀ ਦੀ ਪਛਾਣ, ਮੁਕੱਦਮਾ ਅਤੇ ਸਜ਼ਾ ਵਿੱਚ ਮਦਦ ਕਰੇਗੀ ।
ਸਰੀ ਐਕਸਟੋਰਸ਼ਨ ਇਨਾਮੀ ਫ਼ੰਡ ਪੁਲਿਸ ਨੂੰ ਸਾਡੇ ਭਾਈਚਾਰੇ ਦੇ ਇਸ ਸਭ ਤੋਂ ਗੰਭੀਰ ਮਸਲੇ ਨਾਲ ਨਜਿੱਠਣ ਲਈ ਇਕ ਹੋਰ ਮਹੱਤਵਪੂਰਨ ਸਾਧਨ ਪ੍ਰਦਾਨ ਕਰੇਗਾ। ਪੁਲਿਸ ਸਰਵਿਸ ਦੇ ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ ਨੇ ਕਿਹਾ ਕਿ ਇਹ ਇਨਾਮ ਲੋਕਾਂ ਨੂੰ ਸਾਡੀ ਨਵੀਂ ਟਿੱਪ ਲਾਈਨ ’ਤੇ ਕਾਲ ਕਰਨ ਅਤੇ ਪੁਲਿਸ ਨੂੰ ਸਬੂਤ ਦੇਣ ਲਈ ਪ੍ਰੇਰਿਤ ਕਰੇਗਾ, ਤਾਂ ਜੋ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਅਤੇ ਸਜ਼ਾ ਸੰਭਵ ਹੋ ਸਕੇ”। “ਮੈਂ ਸਰੀ ਸਿਟੀ ਦਾ ਇਸ ਫੰਡਿੰਗ ਲਈ ਧੰਨਵਾਦ ਕਰਦਾ ਹਾਂ, ਸਰੀ ਪੁਲਿਸ ਬੋਰਡ ਦਾ ਇਨਾਮੀ ਫ਼ੰਡ ਸਥਾਪਤ ਕਰਨ ਲਈ ਧੰਨਵਾਦ ਕਰਦਾ ਹਾਂ, ਅਤੇ ਸਰੀ ਪੁਲਿਸ ਸਟਾਫ਼ ਦਾ ਧੰਨਵਾਦ ਕਰਦਾ ਹਾਂ ਜਿਹੜੇ ਇਨ੍ਹਾਂ ਬਹੁਤ ਹੀ ਗੁੰਝਲਦਾਰ ਅਤੇ ਮਹੱਤਵਪੂਰਨ ਜਾਂਚਾਂ ਵਿੱਚ ਲਗਾਤਾਰ ਮਿਹਨਤ ਕਰ ਰਹੇ ਹਨ।”
15 ਸਤੰਬਰ ਤੱਕ, ਸਰੀ ਪੁਲਿਸ ਵੱਲੋਂ 44 ਜਬਰਨ ਵਸੂਲੀ ਮਾਮਲਿਆਂ ਦੀ ਸਰਗਰਮ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 27 ਵਿੱਚ ਗੋਲੀਬਾਰੀ ਵੀ ਸ਼ਾਮਲ ਸੀ, ਜੋ ਇਸ ਅਪਰਾਧ ਦੇ ਭਾਈਚਾਰੇ ਨੂੰ ਦਰਪੇਸ਼ ਗੰਭੀਰ ਖ਼ਤਰੇ ਨੂੰ ਦਰਸਾਉਂਦੀ ਹੈ।
$250,000 ਦਾ ਸਰੀ ਐਕਸਟੋਰਸ਼ਨ ਇਨਾਮੀ ਫ਼ੰਡ, ਉਨ੍ਹਾਂ ਵਿਅਕਤੀਆਂ ਨੂੰ ਇਨਾਮ ਪ੍ਰਦਾਨ ਕਰੇਗਾ ਜਿਨ੍ਹਾਂ ਕੋਲ਼ ਮਹੱਤਵਪੂਰਨ ਜਾਣਕਾਰੀ ਹੈ ਅਤੇ ਜੋ ਪੁਲਿਸ ਨਾਲ ਮਿਲ ਕੇ ਦੋਸ਼ੀਆਂ ’ਤੇ ਮਾਮਲੇ ਦਰਜ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਤਿਆਰ ਹਨ। ਜਾਣਕਾਰੀ ਰੱਖਣ ਵਾਲਿਆਂ ਨੂੰ ਸਰੀ ਐਕਸਟੋਰਸ਼ਨ ਟਿੱਪ ਲਾਈਨ 236-485-5149 ’ਤੇ ਕਾਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਸ ਟਿਪ ਲਾਈਨ ਦੀ ਨਿਗਰਾਨੀ ਸਰੀ ਪੁਲਿਸ ਦੇ ਜਾਂਚਕਰਤਾਵਾਂ ਦੁਆਰਾ ਹਫ਼ਤੇ ਦੇ ਸੱਤ ਦਿਨ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਕੀਤੀ ਜਾਵੇਗੀ। ਲੋੜ ਪੈਣ ’ਤੇ ਪੰਜਾਬੀ-ਬੋਲਣ ਵਾਲੇ ਅਧਿਕਾਰੀ ਵੀ ਉਪਲਬਧ ਹੋਣਗੇ।


