ਸਰੀ, ਬੀ.ਸੀ. – ਸਰੀ ਸ਼ਹਿਰ ਦਾ ਸਾਲਾਨਾ ਰੀਲੀਫ ਟਰੀ ਪਲਾਂਟਿੰਗ ਪ੍ਰੋਗਰਾਮ (ReLeaf Tree Planting Program) 27 ਸਤੰਬਰ ਨੂੰ ਰਾਸ਼ਟਰੀ ਰੁੱਖ ਦਿਵਸ ਮੌਕੇ ਤੇ ਜੋਸ਼ ਭਰੇ ਸਮਾਗਮ ਨਾਲ ਸ਼ੁਰੂ ਹੋ ਰਿਹਾ ਹੈ। ਸ਼ਹਿਰ ਵਿੱਚ ਹਰਿਆਲੀ ਵਧਾਉਣ ਲਈ, ਸਿਟੀ ਵੱਲੋਂ ਬੂਟੇ ਲਾਉਣ ਲਈ ਉਲੀਕੇ ਗਏ ਹਫ਼ਤਾਵਾਰੀ ਸਮਾਰੋਹਾਂ ਵਿੱਚ, ਜਿੱਥੇ ਸਾਰੇ ਉਮਰ ਦੇ ਨਿਵਾਸੀਆਂ ਨੂੰ ਹੱਥੋ- ਹੱਥੀਂ ਰੁੱਖ ਲਗਾਉਣ ਦਾ ਮੌਕਾ ਮਿਲੇਗਾ, ਉੱਥੇ ਉਹ ਸੰਗੀਤ ਤੇ ਹੋਰ ਗਤੀਵਿਧੀਆਂ ਦਾ ਅਨੰਦ ਵੀ ਮਾਣ ਸਕਣਗੇ।
ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਵਿੱਚ, ਰੀਲੀਫ ਦੇ ਵੋਲੰਟੀਅਰ, ਹਰ ਸਾਲ ਸਰੀ ਦੇ ਪਾਰਕਾਂ ਵਿੱਚ ਹਜ਼ਾਰਾਂ ਰੁੱਖ ਅਤੇ ਬੂਟੇ ਲਗਾਉਂਦੇ ਆ ਰਹੇ ਹਨ, ਜਿਸ ਨਾਲ ਕੁਦਰਤੀ ਇਲਾਕਿਆਂ ਦੀ ਪੁਨਰ-ਬਹਾਲੀ, ਹਵਾ ਦੀ ਗੁਣਵੱਤਾ ਵਿੱਚ ਸੁਧਾਰ, ਜੰਗਲੀ ਜੀਵਾਂ ਲਈ ਆਵਾਸ ਤੇ ਸਥਾਨਕ ਜੀਵ-ਵਿਭਿੰਨਤਾ ਮਜ਼ਬੂਤ ਹੋ ਰਹੀ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਦਾ ਰੀਲੀਫ ਪ੍ਰੋਗਰਾਮ ਨਿਵਾਸੀਆਂ ਨੂੰ ਸਾਡੇ ਸ਼ਹਿਰੀ ਜੰਗਲ ਦੀ ਦੇਖਭਾਲ ਲਈ ਇਕੱਠਾ ਕਰਦਾ ਹੈ”। ਪਿਛਲੇ ਸਾਲ, 2,200 ਤੋਂ ਵੱਧ ਨਿਵਾਸੀਆਂ ਨੇ ਪਤਝੜ ਦੇ ਰੀਲੀਫ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ 7,200 ਤੋਂ ਵੱਧ ਰੁੱਖ ਅਤੇ ਬੂਟੇ ਲਗਾਏ ਗਏ ਸਨ। ਇਹ ਯੋਗਦਾਨ ਸਰੀ ਦੇ ਹਰੇ-ਭਰੇ ਖੇਤਰਾਂ ਲਈ ਸਦੀਵੀ ਤੌਰ ‘ਤੇ ਮਹੱਤਵਪੂਰਨ ਹੈ। ਮੈਂ ਸਾਰੇ ਵੋਲੰਟੀਅਰਾਂ ਦਾ ਧੰਨਵਾਦ ਕਰਦੀ ਹਾਂ, ਜਿਹੜੇ ਸਾਡੇ ਰੁੱਖ ਲਗਾਉਣ ਵਾਲੇ ਸਮਾਗਮਾਂ ਵਿੱਚ ਭਾਗ ਲੈ ਕੇ ਸਾਡੇ ਸ਼ਹਿਰੀ ਜੰਗਲ ਦੀ ਸਾਂਭ-ਸੰਭਾਲ ਕਰਨ ਤੇ ਵਧਾਉਣ ਵਿੱਚ ਮਦਦ ਕਰ ਰਹੇ ਹਨ”।
ਇਸ ਪਤਝੜ ਦੇ ਰੁੱਖ ਲਗਾਉਣ ਵਾਲੇ ਸਮਾਰੋਹ ਪੰਜ ਪਾਰਕਾਂ ਵਿੱਚ ਹੋਣਗੇ:
• ਬੋਲੀਵਰ ਪਾਰਕ, ਸ਼ਨੀਵਾਰ, 27 ਸਤੰਬਰ (ਸਵੇਰੇ 10 ਵਜੇ – ਦੁਪਹਿਰ 1 ਵਜੇ)
• ਵਿਲੀਅਮ ਬੀਗਲ ਪਾਰਕ, ਸ਼ਨੀਵਾਰ, 4 ਅਕਤੂਬਰ (10 ਵਜੇ – 12 ਵਜੇ)
• ਪੈਨੋਰਮਾ ਪਾਰਕ, ਸ਼ਨੀਵਾਰ, 11 ਅਕਤੂਬਰ (10 ਵਜੇ – 12 ਵਜੇ)
• ਹੈਜ਼ਲਨਟ ਮੈਡੋਜ਼ ਕਮਿਊਨਿਟੀ ਪਾਰਕ, ਸ਼ਨੀਵਾਰ, 18 ਅਕਤੂਬਰ (10 ਵਜੇ – 12 ਵਜੇ)
• ਕੈਨੇਡੀ ਪਾਰਕ, ਸ਼ਨੀਵਾਰ, 25 ਅਕਤੂਬਰ (10 ਵਜੇ – 12 ਵਜੇ)
•
ਸ਼ਹਿਰੀ ਜੰਗਲਾਤ ਮਾਮਲਿਆਂ ਦੇ ਮੈਨੇਜਰ ਰੌਬ ਲੈਂਡੁਚੀ ਨੇ ਕਿਹਾ, ” ਰੀਲੀਫ ਪ੍ਰੋਗਰਾਮ ਵਸਨੀਕਾਂ ਨੂੰ ਸਰੀ ਦੇ ਵਾਤਾਵਰਨ ਦੇ ਰਖਵਾਲੇ ਬਣਨ ਲਈ ਪ੍ਰੇਰਿਤ ਕਰਦਾ ਹੈ”। “ਚਾਹੇ ਤੁਸੀਂ ਆਪਣਾ ਪਹਿਲਾ ਰੁੱਖ ਲਗਾ ਰਹੇ ਹੋ ਜਾਂ 50 ਵਾਂ, ਹਰ ਯੋਗਦਾਨ ਸਾਡੀ ਸ਼ਹਿਰੀ ਛਾਂ ਨੂੰ ਮਜ਼ਬੂਤ ਕਰਨ ਅਤੇ ਸਾਡੇ ਪਾਰਕਾਂ ਵਿੱਚ ਜਲਵਾਯੂ ਲਚਕੀਲਾਪਣ ਲਿਆਉਣ ਵਿੱਚ ਸਹਾਇਤਾ ਕਰਦਾ ਹੈ।
ਦਸਤਾਨੇ ਅਤੇ ਸਾਜੋ-ਸਾਮਾਨ ਮੁਫ਼ਤ ਦਿੱਤੇ ਜਾਣਗੇ। ਭਾਗੀਦਾਰਾਂ ਨੂੰ ਬੰਦ ਜੁੱਤੀਆਂ ਅਤੇ ਮੌਸਮ ਅਨੁਸਾਰ ਕੱਪੜੇ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਹ ਪ੍ਰੋਗਰਾਮ ਮੀਂਹ ਵਿੱਚ ਵੀ ਜਾਰੀ ਰਹੇਗਾ, ਪਰ ਤੇਜ਼ ਹਵਾ ਜਾਂ ਗੰਭੀਰ ਮੌਸਮ ਹੋਣ ‘ਤੇ ਰੱਦ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ, surrey.ca/releaf ‘ਤੇ ਜਾਓ।
-30-
ਮੀਡੀਆ ਇਨਕੁਆਇਰੀ :
ਪ੍ਰਭਜੋਤ ਕਾਹਲੋਂ
ਮਲਟੀਕਲਚਰਲ ਮੀਡੀਆ ਰੀਲੈਸ਼ਨਜ ਲੀਡ
ਸਿਟੀ ਆਫ਼ ਸਰੀ
C :236-878-6263



