ਸਰੀ, ਬੀ.ਸੀ. – ਸਰੀ ਸ਼ਹਿਰ ਆਪਣੇ ਸੱਭਿਆਚਾਰਕ, ਕਮਿਊਨਿਟੀ ਅਤੇ ਪੁਲਿਸਿੰਗ (ਈਵੈਂਟ) ਗ੍ਰਾਂਟਾਂ ਲਈ ਇੱਕ ਨਵਾਂ ਸਰਲ ਆਨਲਾਈਨ ਐਪਲੀਕੇਸ਼ਨ ਪੋਰਟਲ ਲਾਂਚ ਕਰ ਰਿਹਾ ਹੈ, ਜਿਸ ਨਾਲ ਗੈਰ-ਮੁਨਾਫ਼ਾ ਤੇ ਕਮਿਊਨਿਟੀ ਸੰਸਥਾਵਾਂ ਲਈ ਫੰਡਿੰਗ ਲਈ ਅਰਜ਼ੀ ਦੇਣਾ ਆਸਾਨ ਹੋ ਜਾਵੇਗਾ। ਹਰ ਸਾਲ, ਸਿਟੀ ਅਜਿਹੀਆਂ ਗ੍ਰਾਂਟਾਂ ਦੇ ਰਾਹੀਂ ਉਨ੍ਹਾਂ ਕਾਰਜਕ੍ਰਮਾਂ, ਸਮਾਗਮਾਂ ਅਤੇ ਸੇਵਾਵਾਂ ਨੂੰ ਸਹਿਯੋਗ ਦਿੰਦਾ ਹੈ, ਜੋ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀਆਂ ਹਨ। ਹੁਣ ਪੀ.ਡੀ.ਐਫ. ਦੀ ਥਾਂ ਉਪਭੋਗਤਾ-ਅਨੁਕੂਲ ਵੈੱਬਫਾਰਮ ਵਰਤੇ ਜਾਣਗੇ, ਜਿਸ ਨਾਲ ਇਹ ਪ੍ਰਕਿਰਿਆ ਹੋਰ ਸੁਚੱਜੀ ਅਤੇ ਪਹੁੰਚਯੋਗ ਹੋ ਜਾਵੇਗੀ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਨੂੰ ਉਨਾਂ ਸਮਾਗਮਾਂ ਅਤੇ ਸੇਵਾਵਾਂ ਦੀ ਯੋਜਨਾ ਬਣਾਉਣ ਵਿੱਚ ਵਿਅਕਤੀਆਂ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਦਾ ਸਮਰਥਨ ਕਰਨ ‘ਤੇ ਮਾਣ ਹੈ, ਜੋ ਸਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਅਸਲ ਫ਼ਰਕ ਲਿਆਉਂਦੇ ਹਨ”। “ਚਾਹੇ ਇਹ ਕੋਈ ਸੱਭਿਆਚਾਰਕ ਸਮਾਗਮ ਹੋਵੇ ਜਾਂ ਭਾਈਚਾਰਕ ਇਕੱਠ, ਇਹ ਤਜਰਬੇ ਲੋਕਾਂ ਨੂੰ ਇਕੱਠੇ ਕਰਦੇ ਹਨ ਅਤੇ ਸਾਡੇ ਸ਼ਹਿਰ ਦੀ ਅਮੀਰ ਵਿਭਿੰਨਤਾ ਨੂੰ ਦਰਸਾਉਂਦੇ ਹਨ। ਇਨ੍ਹਾਂ ਪਹਿਲਕਦਮੀਆਂ ਵਿੱਚ ਨਿਵੇਸ਼ ਕਰਕੇ, ਅਸੀਂ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਅਤੇ ਹਰ ਕਿਸੇ ਲਈ ਇੱਕ ਮਜ਼ਬੂਤ, ਵਧੇਰੇ ਜੁੜੇ ਹੋਏ ਭਾਈਚਾਰੇ ਦਾ ਨਿਰਮਾਣ ਕਰਨ ਵਿੱਚ ਮਦਦ ਕਰਦੇ ਹਾਂ।
2013 ਤੋਂ ਚੱਲ ਰਹੇ ਸੱਭਿਆਚਾਰਕ ਗਰਾਂਟ ਪ੍ਰੋਗਰਾਮ ਨੇ ਸਰੀ ਦੀਆਂ ਵਿਭਿੰਨ ਕਮਿਊਨਿਟੀਆਂ ਨੂੰ ਦਰਸਾਉਣ ਵਾਲੀਆਂ ਗਤੀਵਿਧੀਆਂ, ਕਾਰਜਕ੍ਰਮਾਂ ਅਤੇ ਉਪਰਾਲਿਆਂ ਵਿੱਚ ਭਾਈਚਾਰਕ ਸਾਂਝ ਅਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੂੰ ਸੰਗੀਤ, ਡਾਂਸ, ਥੀਏਟਰ, ਸਾਹਿਤ, ਵੀਜ਼ੂਅਲ ਆਰਟਸ, ਮੀਡੀਆ ਆਰਟਸ, ਅੰਤਰ-ਅਨੁਸ਼ਾਸਨੀ ਕਲਾਵਾਂ, ਵਿਰਾਸਤੀ ਸਮਾਗਮਾਂ, ਸਵਦੇਸ਼ੀ ਸਮਾਰੋਹਾਂ ਅਤੇ ਹੋਰ ਲਈ ਸੰਭਾਵਿਤ ਫੰਡਿੰਗ ਲਈ ਤਿੰਨ ਸ਼੍ਰੇਣੀਆਂ – ਸੱਭਿਆਚਾਰਕ ਜਸ਼ਨ, ਪ੍ਰੋਜੈਕਟ ਅਤੇ ਸੰਚਾਲਨ ਵਿੱਚ ਸਾਲ ਵਿੱਚ ਇੱਕ ਵਾਰ ਪੁਰਸਕਾਰ ਦਿੱਤਾ ਜਾਂਦਾ ਹੈ। 2025 ਵਿੱਚ, ਸ਼ਹਿਰ ਨੇ 94 ਕਲਾਤਮਕ, ਸੱਭਿਆਚਾਰਕ ਅਤੇ ਵਿਰਾਸਤੀ ਗਰੁੱਪਾਂ ਨੂੰ $617,000 ਤੋਂ ਵੱਧ ਦੀ ਰਕਮ ਦਿੱਤੀ। 3 ਸਤੰਬਰ ਤੋਂ ਸ਼ਹਿਰ ਗੈਰ-ਮੁਨਾਫ਼ਾ ਸੰਸਥਾਵਾਂ ਦੀ ਮਦਦ ਲਈ ਪ੍ਰੀ-ਰਜਿਸਟਰਡ ਜਾਣਕਾਰੀ ਸੈਸ਼ਨ ਕਰਵਾ ਰਿਹਾ ਹੈ। ਸੱਭਿਆਚਾਰਕ ਗ੍ਰਾਂਟਾਂ ਲਈ ਅਰਜ਼ੀਆਂ 15 ਸਤੰਬਰ ਤੋਂ 10 ਨਵੰਬਰ, 2025 ਦਰਮਿਆਨ ਖੁੱਲ੍ਹੀਆਂ ਰਹਿਣਗੀਆਂ।
ਸਿਟੀ ਵੱਲੋਂ ਪੁਲਿਸਿੰਗ ਗ੍ਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਆਯੋਜਕ ਵੱਡੇ ਸਮਾਗਮਾਂ ਲਈ ਪੁਲਿਸਿੰਗ ਖ਼ਰਚਿਆ ਵਿੱਚ ਸਹਾਇਤਾ ਪ੍ਰਾਪਤ ਕਰ ਸਕਣ, ਅਤੇ ਕਮਿਊਨਿਟੀ ਗ੍ਰਾਂਟਾਂ ਜੋ ਗੈਰ-ਮੁਨਾਫ਼ਾ ਸੰਸਥਾਵਾਂ ਨੂੰ ਸਾਰਥਿਕ ਪ੍ਰੋਜੈਕਟਾਂ ਅਤੇ ਸਮਾਗਮਾਂ ਲਈ ਸਹਿਯੋਗ ਦਿੰਦੀਆਂ ਹਨ। ਪੁਲਿਸਿੰਗ ਗ੍ਰਾਂਟਾਂ ਸਾਲ ਭਰ ਉਪਲਬਧ ਹੁੰਦੀਆਂ ਹਨ, ਜਦਕਿ ਕਮਿਊਨਿਟੀ ਗ੍ਰਾਂਟਾਂ ਲਈ ਅਰਜ਼ੀਆਂ ਹਰ ਸਾਲ 30 ਸਤੰਬਰ ਤੱਕ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਜੋ ਅਗਲੇ ਸਾਲ ਹੋਣ ਵਾਲੇ ਸਮਾਗਮਾਂ ਲਈ ਹੁੰਦੀਆਂ ਹਨ। ਆਮ ਤੌਰ ‘ਤੇ ਹਰ ਕਮਿਊਨਿਟੀ ਗਰਾਂਟ ਲਈ ਫੰਡਿੰਗ ਦੀ ਸੀਮਾ $5,000 ਹੁੰਦੀ ਹੈ, ਹਾਲਾਂਕਿ ਕੁੱਝ ਛੋਟਾਂ ਵੀ ਹੋ ਸਕਦੀਆਂ ਹਨ।
ਸਿਟੀ ਦੇ ਗ੍ਰਾਂਟ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ https://www.surrey.ca/about-surrey/grant-programs ‘ਤੇ ਜਾਓ।



