ਸਰੀ, ਬੀ.ਸੀ. – ਸਰੀ ਕੈਨੇਡਾ ਦਾ ਹੀ ਨਹੀਂ, ਬਲਕਿ ਉੱਤਰੀ ਅਮਰੀਕਾ ਦਾ ਅਜਿਹਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿਸ ਨੇ ਜੰਪਸਟਾਰਟ ਚੈਰਿਟੀਜ਼ (Jumpstart Charities) ਅਤੇ ਇਕੁਇਪ ਸਪੋਰਟ (Equip Sport) ਨਾਲ ਭਾਈਵਾਲੀ ਕਰ ਮੁਫ਼ਤ ਖੇਡ ਸਾਜੋ-ਸਾਮਾਨ ਉਧਾਰ ਸਟੇਸ਼ਨ ਲਾਂਚ ਕੀਤੇ ਹਨ। ਸ਼ਹਿਰ ਵੱਲੋਂ ਸਾਲ ਭਰ, ਭਾਈਚਾਰਕ ਵਰਤੋਂ ਲਈ 30 ਸੈੱਲਫ਼-ਸੇਵਾ ਉਧਾਰ ਸਟੇਸ਼ਨ ਸ਼ੁਰੂ ਕੀਤੇ ਜਾ ਰਹੇ ਹਨ, ਜਿੱਥੇ ਟੇਬਲ ਟੈਨਿਸ ਸੈੱਟ, ਫਿਟਨੈੱਸ ਉਪਕਰਨ, ਸਾਕਰ ਬਾਲ ਅਤੇ ਬਾਸਕਟਬਾਲ ਵਰਗਾ ਸਾਜ਼ੋ-ਸਾਮਾਨ ਉਪਲਬਧ ਹੋਵੇਗਾ। ਇਹ ਸਟੇਸ਼ਨ 20 ਤੋਂ ਵੱਧ ਪਾਰਕਾਂ ਵਿੱਚ ਹੋਣਗੇ, ਜਿਵੇਂ ਕਿ ਕਲੋਵਰਡੇਲ ਐਥਲੈਟਿਕ ਪਾਰਕ (Cloverdale Athletic Park), ਟੈਮੇਨਾਵਿਸ ਪਾਰਕ (Tamanawis Park), ਬੇਅਰ ਕਰੀਕ ਪਾਰਕ (Bear Creek Park) ਅਤੇ ਸਾਊਥ ਸਰੀ ਐਥਲੈਟਿਕ ਪਾਰਕ (South Surrey Athletic Park)।
ਸਰੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ, ਖੇਡ ਹਰ ਕਿਸੇ ਲਈ ਹੋਣੀ ਚਾਹੀਦੀ ਹੈ, ਪਰ ਵਿੱਤੀ ਅਤੇ ਲੌਜਿਸਟਿਕ ਰੁਕਾਵਟਾਂ ਲੋਕਾਂ ਦੀ ਭਾਗੀਦਾਰੀ ਨੂੰ ਔਖਾ ਬਣਾ ਸਕਦੀਆਂ ਹਨ। “ਇਹ ਪਹਿਲ ਸਾਰੇ ਨਿਵਾਸੀਆਂ ਲਈ ਮੁਫ਼ਤ ਖੇਡ ਉਪਕਰਨ ਪ੍ਰਦਾਨ ਕਰਦੀ ਹੈ, ਜੋ ਕਿ ਉਕਤ ਰੁਕਾਵਟਾਂ ਨੂੰ ਦੂਰ ਕਰ, ਭਾਈਚਾਰਕ ਸਾਂਝ ਅਤੇ ਸੰਪਰਕ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗੀ। ਕਨੇਡਾ ਵਿੱਚ ਇਸ ਨਿਵੇਕਲੇ, ਸਭ ਲਈ ਪਹੁੰਚਯੋਗ ਪ੍ਰੋਗਰਾਮ ਦੀ ਅਗਵਾਈ ਕਰਨ ‘ਤੇ ਸਰੀ ਨੂੰ ਮਾਣ ਹੈ”।
ਸਰੀ ਇਕੁਇਪ ਸਪੋਰਟ (Equip Sport) ਸਵੈ-ਸੇਵਾ ਮਾਡਲ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਹੈ, ਜਿਸ ਤੋਂ ਬਾਅਦ ਟੋਰਾਂਟੋ ਵਿੱਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। Equip Sport ਇੱਕ ਸਵਿਟਜ਼ਰਲੈਂਡ ਆਧਾਰਤ ਕੰਪਨੀ ਹੈ, ਜੋ ਯੂਰਪ ਵਿੱਚ 400 ਤੋਂ ਵੱਧ ਉਧਾਰ ਸਟੇਸ਼ਨ ਚਲਾਉਂਦੀ ਹੈ, ਜਿਸ ਦਾ ਮਕਸਦ ਹਰ ਕਿਸੇ ਲਈ, ਕਿਸੇ ਵੀ ਸਮੇਂ, ਕਿਤੇ ਵੀ ਖੇਡ ਨੂੰ ਪਹੁੰਚਯੋਗ ਬਣਾਉਣਾ ਹੈ।
Equip Sport ਦੇ ਸੀਈਓ ਵਿਨਸੈਂਟ ਬੋਰੇਲ ਨੇ ਕਿਹਾ, “ਸਰੀ ਦਾ ਤੇਜ਼ੀ ਨਾਲ ਹੋਰ ਰਿਹਾ ਵਿਕਾਸ, ਨਵੀਨਤਾ ਅਤੇ ਸਭ ਨੂੰ ਸ਼ਾਮਿਲ ਕਰਨ ਵਾਲੀਆਂ ਜਨਤਕ ਥਾਵਾਂ ਲਈ ਦੂਰ-ਦਰਸ਼ੀ ਸੋਚ, ਉਨ੍ਹਾਂ ਲਈ ਉੱਤਰੀ ਅਮਰੀਕਾ ਵਿੱਚ ਸ਼ੁਰੂਆਤ ਕਰਨ ਲਈ ਬਿਹਤਰੀਨ ਥਾਂ ਬਣਾਉਂਦੀ ਹੈ”। “ਅਸੀਂ ਨਵਾਂ ਰੂਪ ਦੇ ਇਹ ਸੋਚ ਬਦਲ ਰਹੇ ਹਾਂ, ਕਿ ਸ਼ਹਿਰੀ ਭਾਈਚਾਰੇ ਕਿਵੇਂ ਚਲਦੇ, ਜੁੜਦੇ ਅਤੇ ਖੇਡਦੇ ਹਨ, ਸਾਰਿਆਂ ਲਈ ਖੇਡਾਂ ਤੱਕ ਮੁਫ਼ਤ ਪਹੁੰਚ ਦੇ ਦਰਵਾਜ਼ੇ ਖੋਲ੍ਹ ਰਹੇ ਹਨ” ।
ਇਹ ਪ੍ਰੋਗਰਾਮ ਕੈਨੇਡੀਅਨ ਟਾਇਰ ਜੰਪਸਟਾਰਟ ਚੈਰਿਟੀਜ਼ (Canadian Tire Jumpstart Charities) ਵੱਲੋਂ ਫ਼ੰਡ ਕੀਤਾ ਗਿਆ ਹੈ, ਇਹ ਇੱਕ ਰਾਸ਼ਟਰੀ ਸੰਸਥਾ ਹੈ, ਜੋ ਆਰਥਿਕ ਅਤੇ ਪਹੁੰਚਯੋਗਤਾ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਵਿੱਚ ਮਦਦ ਕਰਦੀ ਹੈ। ਇਸ ਪ੍ਰੋਗਰਾਮ ਦਾ ਸ਼ਹਿਰ ਜਾਂ ਵਾਸੀਆਂ ਉੱਤੇ ਕੋਈ ਖ਼ਰਚ ਨਹੀਂ ਹੈ। “Jumpstart ਨੂੰ ਇਸ ਪਹਿਲ ਦਾ ਸਹਿਯੋਗ ਦੇਣ ‘ਤੇ ਮਾਣ ਹੈ, ਜੋ ਹੋਰ ਬੱਚਿਆਂ ਅਤੇ ਪਰਿਵਾਰਾਂ ਲਈ ਖੇਡ ਦੀ ਤਾਕਤ ਦਾ ਅਨੰਦ ਲੈਣ ਦੇ ਦਰਵਾਜ਼ੇ ਖੋਲ੍ਹਦਾ ਹੈ”। Canadian Tire Jumpstart Charities ਦੇ ਪ੍ਰਧਾਨ ਮਾਰਕੋ ਡੀ ਬੁਓਨੋ ਨੇ ਕਿਹਾ, “ਅਸੀਂ ਮੰਨਦੇ ਹਾਂ ਕਿ ਹਰ ਬੱਚੇ ਨੂੰ ਖੇਡ ਵਿੱਚ ਭਾਗ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ, ਅਤੇ ਸਰੀ ਅਤੇ Equip ਨਾਲ ਇਹ ਭਾਈਵਾਲੀ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਬਣਾਉਂਦੀ ਹੈ।”
ਭਾਗ ਲੈਣ ਲਈ, ਨਿਵਾਸੀ ਗੂਗਲ ਪਲੇਅ Google Play ਜਾਂ ਐਪਲ ਐਪ ਸਟੋਰ Apple App Store ਤੋਂ ਮੁਫ਼ਤ Equip Sport ਐਪ ਡਾਊਨਲੋਡ ਕਰ ਸਕਦੇ ਹਨ, ਸਟੇਸ਼ਨ ਲੱਭੋ, ਟੈਪ ਕਰਕੇ ਅਨਲੌਕ ਕਰੋ, ਸਾਮਾਨ ਲਵੋ ਅਤੇ ਖੇਡਣਾ ਸ਼ੁਰੂ ਕਰੋ।



