ਪਾਕਿਸਤਾਨ ਚ ਪਹਿਲੀ ਵਾਰ ਕਿਸੇ ਸਿੱਖ ਨੂੰ ਆਨੰਦ ਕਾਰਜ ਐਕਟ ਸਿੱਖ ਮੈਰਿਜ ਸਰਟੀਫ਼ਿਕੇਟ ਪ੍ਰਦਾਨ ਕੀਤਾ ਗਿਆ। ਖ਼ੈਬਰ ਪਖ਼ਤੂਨਖਵਾ ਸੂਬਾ ਸਰਕਾਰ ਤੋਂ ਮਾਨਤਾ ਹਾਸਲ ਇਹ ਪਹਿਲਾ ਸਰਟੀਫ਼ਿਕੇਟ ਪਿਸ਼ਾਵਰ ਸ਼ਹਿਰ ਦੇ ਨਿਵਾਸੀ ਗੁਰਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਮੀਤ ਕੌਰ ਨੂੰ ਨੇਬਰਹੁਡ ਕੌਂਸਲ ਟਾਊਨ ਵਨ ਦੇ ਅਧਿਕਾਰੀ ਉਬੈਦੁਰ ਰਹਿਮਾਨ ਨੇ ਸੌਂਪਿਆ। ਇਸ ਸਰਟੀਫ਼ਿਕੇਟ ਤੇ ਬਾਰਕੋਡ ਵੀ ਲਾਇਆ ਗਿਆ ਹੈ। ਸਿੱਖ ਆਨੰਦ ਕਾਰਜ ਮੈਰਿਜ ਬਿੱਲ ਪਾਸ ਕਰਵਾਉਣ ਲਈ ਗੁਰਪਾਲ ਸਿੰਘ ਨੇ ਕਾਫ਼ੀ ਸੰਘਰਸ਼ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਗ੍ਰਾਮੀਣ ਵਿਕਾਸ ਵਿਭਾਗ ਨੇ ਯੂਨੀਅਨ ਕੌਂਸਲ ਨੂੰ ਸਿੱਖ ਵਿਆਹ ਲਈ ਅਧਿਕਾਰਕ ਸਿੱਖ ਮੈਰਿਜ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਜਾਰੀ ਕਰਨ ਦੀ 31 ਦਸੰਬਰ 2024 ਨੂੰ ਮਨਜ਼ੂਰੀ ਦਿਤੀ ਸੀ। ਉਸ ਤੋਂ ਬਾਅਦ 16 ਜਨਵਰੀ 2025 ਨੂੰ ਪਹਿਲਾ ਸਿੱਖ ਮੈਰਿਜ ਸਰਟੀਫ਼ਿਕੇਟ ਉਨ੍ਹਾਂ ਨੂੰ (ਗੁਰਪਾਲ ਸਿੰਘ ਨੂੰ) ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਸੂਬਾ ਸਰਕਾਰ ਨੇ ਨਵੇਂ ਵਿਆਹੇ ਸਿੱਖਾਂ ਨੂੰ ਅਜਿਹੇ ਸਰਟੀਫ਼ਿਕੇਟ ਜਾਰੀ ਕਰਨ ਤੇ ਉਨ੍ਹਾਂ ਤੇ ਹਸਤਾਖ਼ਰ ਕਰਨ ਲਈ ਗੁਰਪਾਲ ਸਿੰਘ ਨੂੰ ਮੈਰਿਜ ਰਜਿਸਟਰਾਰ ਦੇ ਰੂਪ ਚ ਨਿਯੁਕਤ ਕਰ ਦਿਤਾ ਹੈ।


