ਡਿਜੀਟਲ ਡੈਸਕ, ਅਯੁੱਧਿਆ : 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮਨਗਰੀ ਵਿਚ ਆਸਥਾ ਦਾ ਹੜ੍ਹ ਆ ਗਿਆ ਹੈ। ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਹਿਲੇ ਦਿਨ ਪੰਜ ਲੱਖ ਤੋਂ ਵੱਧ ਸ਼ਰਧਾਲੂ ਰਾਮ ਮੰਦਰ ਪਹੁੰਚੇ ਤੇ ਭਗਵਾਨ ਰਾਮ ਦੇ ਦਰਸ਼ਨ ਕੀਤੇ। ਰਾਮ ਭਗਤਾਂ ਦੀ ਭੀੜ ਨੇ ਸਰਕਾਰ ਨੂੰ ਵੀ ਚਿੰਤਾ ‘ਚ ਪਾ ਦਿੱਤਾ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਭੀੜ ਕੰਟਰੋਲ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਯੁੱਧਿਆ ਪਹੁੰਚਣਾ ਪਿਆ। ਉਨ੍ਹਾਂ ਨੇ ਹਵਾਈ ਸਰਵੇਖਣ ਕਰ ਕੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਅੱਜ (ਬੁੱਧਵਾਰ) ਸਵੇਰ ਤੋਂ ਹੀ ਇਕ ਵਾਰ ਫਿਰ ਲੋਕਾਂ ਦੀ ਭਾਰੀ ਭੀੜ ਰਾਮ ਮੰਦਰ ਦੇ ਦਰਸ਼ਨਾਂ ਲਈ ਪੁੱਜਣੀ ਸ਼ੁਰੂ ਹੋ ਗਈ ਹੈ। ਹਨੂੰਮਾਨ ਗੜ੍ਹੀ ਮੰਦਰ ਦੇ ਬਾਹਰ ਪੁਲਿਸ ਦੀ ਤੈਨਾਤੀ ਵਧਾ ਦਿੱਤੀ ਗਈ ਹੈ।

ਅਯੁੱਧਿਆ ‘ਚ ਸੰਘਣੀ ਧੁੰਦ, ਕੜਾਕੇ ਦੀ ਠੰਡ ‘ਚ ਰਾਮ ਭਗਤਾਂ ‘ਚ ਭਾਰੀ ਉਤਸ਼ਾਹ

ਅਯੁੱਧਿਆ ਵਿਚ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਇਲਾਕਾ ਕੜਾਕੇ ਦੀ ਠੰਢ ਨਾਲ ਜੂਝ ਰਿਹਾ ਹੈ। ਇਸ ਦੇ ਬਾਵਜੂਦ ਰਾਮਲਲਾ ਦੇ ਦਰਸ਼ਨਾਂ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਮੁੱਖ ਮੰਤਰੀ ਯੋਗੀ ਪਲ-ਪਲ ਦੀ ਲੈ ਰਹੇ ਅਪਡੇਟ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਯੁੱਧਿਆ ਵਿਚ ਸ਼੍ਰੀ ਜਨਮ ਭੂਮੀ ਮੰਦਰ ਵਿਚ ਦਰਸ਼ਨਾਂ ਬਾਰੇ ਅਪਡੇਟ ਲੈ ਰਹੇ ਹਨ। ਯੂਪੀ ਦੇ ਸੀਐਮ ਦੇ ਨਿਰਦੇਸ਼ਾਂ ‘ਤੇ ਪ੍ਰਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ, ਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਅਤੇ ਸਥਾਨਕ ਅਧਿਕਾਰੀ ਮੰਦਰ ਵਿਚ ਮੌਜੂਦ ਹਨ। ਰਾਮਲਲਾ ਦੇ ਦਰਸ਼ਨ ਸੁਚਾਰੂ ਰੂਪ ਨਾਲ ਹੋ ਰਹੇ ਹਨ।

ਅਯੁੱਧਿਆ ਵਿਚ ਪੁਲਿਸ ਮੁਲਾਜ਼ਮਾਂ ਦੀ ਵਧੀ ਡਿਊਟੀ

ਅਯੁੱਧਿਆ ‘ਚ ਰਾਮ ਭਗਤਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ‘ਚ ਬਦਲਾਅ ਕੀਤਾ ਗਿਆ ਹੈ। ਅਯੁੱਧਿਆ ਵਿਚ 22 ਜਨਵਰੀ ਨੂੰ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸੁਰੱਖਿਆ ਪ੍ਰਬੰਧਾਂ ਲਈ ਦੂਜੇ ਜ਼ੋਨਾਂ ਤੋਂ ਭੇਜੇ ਗਏ ਗਜ਼ਟਿਡ ਅਤੇ ਨਾਨ ਗਜ਼ਟਿਡ ਪੁਲਿਸ ਮੁਲਾਜ਼ਮਾਂ ਦੀ ਡਿਊਟੀ 25 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਜਨਵਰੀ ਨੂੰ ਬੁਲੰਦਸ਼ਹਿਰ ‘ਚ ਪ੍ਰਸਤਾਵਿਤ ਪ੍ਰੋਗਰਾਮ ਦੇ ਮੱਦੇਨਜ਼ਰ ਮੇਰਠ ਜ਼ੋਨ ਦੇ ਪੁਲਿਸ ਕਰਮਚਾਰੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਨੂੰ ਅਯੁੱਧਿਆ ਤੋਂ ਵਾਪਸ ਪਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।

1000 ਆਰਏਐੱਫ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ

ਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮਾਂ ‘ਤੇ ਆਰਏਐੱਫ ਦੇ ਡਿਪਟੀ ਕਮਾਂਡੈਂਟ ਅਰੁਣ ਕੁਮਾਰ ਤਿਵਾਰੀ ਨੇ ਕਿਹਾ, ‘ਅੱਜ ਅਸੀਂ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਦਾ ਲੋਕਾਂ ਨੂੰ ਕੱਲ੍ਹ ਸਾਹਮਣਾ ਕਰਨਾ ਪਿਆ ਸੀ। ਸਾਡੇ ਲਗਭਗ 1000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਤਾਇਨਾਤੀ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।”

ਸ਼੍ਰੀ ਰਾਮ ਦੇ ਦਰਸ਼ਨਾਂ ਲਈ ਲੋਕਾਂ ਦੀ ਭਾਰੀ ਭੀੜ

ਅਯੁੱਧਿਆ ਦੇ ਰਾਮ ਮੰਦਰ ਦੇ ਦਰਸ਼ਨਾਂ ਲਈ ਲੋਕਾਂ ਦੀ ਭਾਰੀ ਭੀੜ ਪਹੁੰਚ ਰਹੀ ਹੈ। ਅਯੁੱਧਿਆ ‘ਚ ਹਨੂੰਮਾਨ ਗੜ੍ਹੀ ਮੰਦਰ ਦੇ ਬਾਹਰ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।