ਸਟੇਟ ਬਿਊਰੋ, ਜੰਮੂ: ਉੱਤਰ ਭਾਰਤ ’ਚ ਠੰਢ ਦਾ ਕਹਿਰ ਵਧਦੇ ਹੀ ਫ਼ੌਜ ਤੇ ਸੁਰੱਖਿਆ ਦਸਤਿਆਂ ਨੇ ਸਰਹੱਦ ’ਤੇ ਸੰਘਣੀ ਧੁੰਦ ਦੀ ਆੜ ’ਚ ਘੁਸਪੈਠ ਦੀਆਂ ਸਾਜ਼ਿਸ਼ਾਂ ਨਾਕਾਮ ਬਣਾਉਣ ਲਈ ਆਪਣੇ ਸੁਰੱਖਿਆ ਗਰਿੱਡ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੀਐੱਸਐੱਫ ਕੋਲ ਹੁਣ ਅਜਿਹੇ ਆਧੁਨਿਕ ਸੈਂਸਰ, ਨਾਈਟ ਵਿਜ਼ਨ ਡਿਵਾਈਸ, ਥਰਮਲ ਇਮੇਜਰ ਤੇ ਹਾਈ ਡੈਨੀਫੇਨਸ਼ਨ ਕੈਮਰੇ ਹਨ, ਜਿਹੜੇ ਸਿਫਰ ਤੋਂ ਹੇਠਾਂ ਦੇ ਤਾਪਮਾਨ ਤੇ ਸੰਘਣੀ ਧੁੰਦ ’ਚ ਵੀ ਸਰਹੱਦ ਪਾਰ ਤੋਂ ਸਾਫ਼ ਦੇਖਣ ’ਚ ਸਮਰੱਥ ਹਨ। ਇਹੀ ਨਹੀਂ, ਬੀਐੱਸਐੱਫ ਕੋਲ ਆਧੁਨਿਕ ਡ੍ਰੋਨ ’ਤੇ ਫਿੱਟ ਗਰਾਊਂਡ ਪੈਨੇਟ੍ਰੇਟਿੰਗ ਰਡਾਰ ਵੀ ਹਨ, ਜਿਹੜੇ ਸੁਰੰਗਾਂ ਦੀ ਸਾਜ਼ਿਸ਼ ਦਾ ਪਤਾ ਲਗਾ ਸਕਦੇ ਹਨ। ਇਸਦੇ ਇਲਾਵਾ ਸਰਹੱਦ ’ਤੇ ਜਵਾਨਾਂ ਦੀ ਹੋਰ ਤਾਇਨਾਤੀ, ਗਸ਼ਤ ਵਧਾਉਣ ਦੇ ਨਾਲ ਕੁਝ ਨਵੀਂ ਆਰਜ਼ੀ ਚੌਕੀਆਂ ਵੀ ਸਥਾਪਤ ਕੀਤੀਆਂ ਗਈਆਂ ਹਨ।

ਸਰਦੀਆਂ ’ਚ ਕੰਟਰੋਲ ਰੇਖਾ ’ਤੇ ਬਰਫਬਾਰੀ ਦੇ ਕਾਰਨ ਰਸਤੇ ਬੰਦ ਹੋ ਜਾਣ ਦੇ ਬਾਅਦ ਅੱਤਵਾਦੀ ਜੰਮੂ ਡਵੀਜ਼ਨ ’ਚ ਅੰਤਰਰਾਸ਼ਟਰੀ ਸਰਹੱਦ ’ਤੇ ਧੁੰਦ ਦੀ ਆੜ ’ਚ ਮੈਦਾਨੀ ਖੇਤਰਾਂ ਤੋਂ ਘੁਸਪੈਠ ਦੀ ਕੋਸ਼ਿਸ਼ ਕਰਦੇ ਹਨ। ਸੰਘਣੀ ਧੁੰਦ ਦੇ ਕਾਰਨ ਤੜਕੇ ਤੇ ਰਾਤ ਨੂੰ ਕੁਝ ਦੂਰੀ ’ਤੇ ਦ੍ਰਿਸ਼ਟਤਾ ਕਾਫ਼ੀ ਘੱਟ ਹੋ ਜਾਂਦੀ ਹੈ। ਇਸਦੇ ਇਲਾਵਾ ਸੁਰੰਗ ਤੋਂ ਘੁਸਪੈਠ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਸਮੇਂ ਸੂਬੇ ’ਚ ਫ਼ੌਜ, ਸੁਰੱਖਿਆ ਦਸਤਿਆਂ ਵਿਚਾਲੇ ਆਪਸੀ ਤਾਲਮੇਲ ਹੋਰ ਮਜ਼ਬੂਤ ਬਣਾਉਣ ਲਈ ਬੈਠਕਾਂ ਜਾਰੀ ਹਨ। ਪੁਲਵਾਮਾ ਜ਼ਿਲ੍ਹਾ ਦੇ ਅਵੰਤੀਪੋਰਾ ਦੇ ਨਾਲ ਜੰਮੂ ਡਵੀਜ਼ਨ ਦੇ ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ’ਚ ਵੀ ਅਜਿਹੀਆਂ ਬੈਠਕਾਂ ਹੋਈਆਂ ਹਨ। ਇਨ੍ਹਾਂ ’ਚ ਖੁਫੀਆ ਸੂਚਨਾਵਾਂ ਤੁਰੰਤ ਸਾਂਝੀਆਂ ਕਰਨ ਵਰਗੇ ਮੁੱਦਿਆਂ ’ਤੇ ਵੀ ਚਰਚਾ ਹੋਈ ਹੈ। ਫ਼ੌਜ ਦੇ ਇਕ ਅਧਿਕਾਰੀ ਨੇ ਜਾਗਰਣ ਨੂੰ ਕਿਹਾ ਕਿ ਚੌਕਸੀ ਦੇ ਕਾਰਨ ਹੀ ਸਰਹੱਦ ਪਾਰ ਤੋਂ ਘੁਸਪੈਠ ਨਾ ਹੋਣ ਨਾਲ ਅੱਤਵਾਦੀ ਸੰਗਠਨ ਹਤਾਸ਼ ਹਨ। ਅਜਿਹੇ ’ਚ ਜੰਮੂ ’ਚ ਕੌਮਾਂਤਰੀ ਸਰਹੱਦ ਤੇ ਨਾਲ ਲੱਗਦੇ ਕੰਟਰੋਲ ਰੇਖਾ ਦੇ ਹਿੱਸੇ ’ਤੇ ਘੁਸਪੈਠ ਦਾ ਖਤਰਾ ਹੈ। ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਦੀ ਵੀ ਪੂਰੀ ਤਿਆਰੀ ਹੈ।