ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਸੰਸਦ ਵਿਚ ਦੱਸਿਆ ਹੈ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਹੁਣ ਤੱਕ ਔਸਤ ਮਹੀਨਾਵਾਰ ਵਸੂਲੀ 1.66 ਲੱਖ ਕਰੋੜ ਰੁਪਏ ਹੈ। ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਜੀਐੱਸਟੀ ਸੰਗ੍ਰਹਿ ਚਾਲੂ ਵਿੱਤੀ ਵਰ੍ਹੇ ਦੇ ਹਰ ਮਹੀਨੇ ਦੌਰਾਨ 1.50 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ।

ਇਸੇ ਸਾਲ ਦੇ ਅਪ੍ਰੈਲ ਮਹੀਨੇ ਦੌਰਾਨ 1.87 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪੁੱਜ ਗਿਆ ਹੈ। 2022-23 ਵਿਚ ਔਸਤ ਮਹੀਨਾਵਾਰ ਜੀਐੱਸਟੀ ਸੰਗ੍ਰਹਿ 1.50 ਲੱਖ ਕਰੋੜ ਰੁਪਏ ਤੋਂ ਵੱਧ ਸੀ। 2021-22 ਵਿਚ ਇਹ ਅੰਕੜਾ 1.23 ਲੱਖ ਕਰੋੜ ਸੀ। ਇਕ ਹੋਰ ਸਵਾਲ ਦੇ ਜਵਾਬ ਵਿਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ 2021-22 ਤੇ 2022-23 ਲਈ ਔਸਤ ਮਹੀਨਾਵਾਰ ਜੀਐੱਸਟੀ ਵਸੂਲੀ ਵਿਚ ਸਾਲ ਦਰ ਸਾਲ 30 ਫ਼ੀਸਦ ਤੇ 22 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ 2047 ਤੱਕ ਮੁਲਕ ਵਿਕਸਤ ਅਰਥ ਵਿਵਸਥਾ ਬਣਨ ਦੇ ਟੀਚੇ ਵੱਲ ਅੱਗੇ ਵੱਧ ਰਿਹਾ ਹੈ। ਕੌਮਾਂਤਰੀ ਕਰੰਸੀ ਫੰਡ (ਆਈਐੱਮਐੱਫ) ਨੇ ਭਾਰਤ ਨੂੰ 2027-28 ਵਿਚ ਪੰਜ ਟ੍ਰਿਲੀਅਨ ਡਾਲਰ ਦੇ ਨਾਲ ਦੁਨੀਆਂ ਦਾ ਤੀਸਰਾ ਸਭ ਤੋਂ ਵੱਡਾ ਅਰਥਚਾਰਾ ਬਣਨ ਦਾ ਅੰਦਾਜ਼ਾ ਲਗਾਇਆ ਸੀ।

7.76 ਕਰੋੜ ਇਨਕਮ ਟੈਕਸ ਰਿਟਰਨ ਹੋਏ ਦਾਖ਼ਲ

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿਚ ਦੱਸਿਆ ਕਿ ਦੋ ਦਸੰਬਰ ਤੱਕ 2022-23 ਵਿਚ ਕਮਾਈ ਆਮਦਨ ਸਬੰਧੀ 7.76 ਕਰੋੜ ਟੈਕਸ ਰਿਟਰਨ ਦਾਖ਼ਲ ਕੀਤੇ ਗਏ ਹਨ ਤੇ ਇਸ ਮਹੀਨੇ ਦੇ ਅਖ਼ੀਰ ਤੱਕ ਹੋਰ ਵੱਧ ਦਾਖ਼ਲ ਕੀਤੇ ਜਾਣ ਦੀ ਉਮੀਦ ਹੈ। ਵਿੱਤੀ ਵਰ੍ਹਾ 2022-23 ਦੌਰਾਨ 10.09 ਕਰੋੜ ਪੈਨਧਾਰਕਾਂ ਨੇ ਇਨਕਮ ਟੈਕਸ ਦਿੱਤਾ। 2022-23 ਵਿਚ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ 31 ਦਸੰਬਰ ਸੀ। 2022-23 ਦੌਰਾਨ ਕੁਲ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ 16.63 ਲੱਖ ਕਰੋੜ ਰੁਪਏ ਹਨ, ਜਿਸ ਵਿੱਚੋਂ ਇਨਕਮ ਟੈਕਸ ਸੰਗ੍ਰਹਿ 8.08 ਲੱਖ ਕਰੋੜ ਰੁਪਏ ਹੈ।