ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਹਾਰਾ ਪੁਲ਼ ‘ਤੇ ਵਾਪਰੇ ਜ਼ਬਰਦਸਤ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈl ਆਪਣੇ ਭਰਾ ਨਾਲ ਮੋਟਰਸਾਈਕਲ ‘ਤੇ ਸਵਾਰ ਤੀਸਰਾ ਨੌਜਵਾਨ ਗੰਭੀਰ ਰੂਪ ‘ਚ ਫੱਟੜ ਹੋ ਗਿਆ ਜਿਸ ਨੂੰ ਲਾਗੇ ਦੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ l ਹਾਦਸੇ ‘ਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਤੇ ਅਰੁਣ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ l

ਜਾਣਕਾਰੀ ਮੁਤਾਬਕ ਬੀਤੀ ਰਾਤ ਮਨਪ੍ਰੀਤ ਸਿੰਘ ਆਪਣੇ ਭਰਾ ਗੁਰਪ੍ਰੀਤ ਸਿੰਘ ਨਾਲ ਮੋਟਰਸਾਈਕਲ ‘ਤੇ ਕਿਸੇ ਕੰਮ ਲਈ ਫਿਰੋਜ਼ਪੁਰ ਰੋਡ ਵਲ ਜਾ ਰਿਹਾ ਸੀ l ਦੋਵੇਂ ਜਿਵੇਂ ਹੀ ਲੁਹਾਰਾ ਪੁੱਲ ਦੇ ਲਾਗੇ ਪਹੁੰਚੇ ਤਾਂ ਰੌਸ਼ਨੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਅੱਗੋਂ ਆਉਂਦਾ ਮੋਟਰਸਾਈਕਲ ਨਜ਼ਰ ਨਹੀਂ ਆਇਆ। ਮੋਟਰਸਾਈਕਲ ਸਵਾਰ ਅਰੁਣ ਕੁਮਾਰ ਦੀ ਤੇਜ਼ ਰਫਤਾਰ ਬਾਈਕ ਉਨ੍ਹਾਂ ਦੇ ਮੋਟਰਸਾਈਕਲ ‘ਚ ਆ ਵੱਜੀ l ਹਾਦਸਾ ਇਸ ਕਦਰ ਭਿਆਨਕ ਸੀ ਕਿ ਇਕ ਨੌਜਵਾਨ ਦੀ ਥਾਂ ‘ਤੇ ਹੀ ਮੌਤ ਹੋ ਗਈ ਤੇ ਫੱਟੜ ਹੋਏ ਦੋਵਾਂ ਲੜਕਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਦੂਸਰੇ ਲੜਕੇ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਮਨਪ੍ਰੀਤ ਸਿੰਘ ਅਤੇ ਅਰੁਣ ਕੁਮਾਰ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਸਪਤਾਲ ਵਿੱਚ ਦਾਖਲ ਗੁਰਪ੍ਰੀਤ ਸਿੰਘ ਦੀ ਹਾਲਤ ਵੀ ਖਰਾਬ ਦੱਸੀ ਜਾ ਰਹੀ l