ਸਪੋਰਟਸ ਡੈਸਕ, ਨਵੀਂ ਦਿੱਲੀ : ਟੀਮ ਇੰਡੀਆ ਦੇ ਹੈੱਡ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਵਨਡੇ ਵਿਸ਼ਵ ਕੱਪ 2023 ਤੋਂ ਬਾਅਦ ਖ਼ਤਮ ਹੋ ਗਿਆ ਹੈ। ਰਵੀ ਸ਼ਾਸਤਰੀ ਤੋਂ ਬਾਅਦ ਦ੍ਰਾਵਿੜ ਨੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਭਾਰਤੀ ਟੀਮ ਦੀ ਵਾਗਡੋਰ ਸੰਭਾਲੀ। ਰਾਹੁਲ ਦ੍ਰਾਵਿੜ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਨੇ ਇਕ ਵਿਸ਼ਵ ਟੈਸਟ ਚੈਂਪੀਅਨਜ਼ ਫਾਈਨਲ, ਇਕ ਟੀ-20 ਵਿਸ਼ਵ ਕੱਪ ਅਤੇ ਇਕ ਵਨਡੇ ਵਿਸ਼ਵ ਕੱਪ ਖੇਡਿਆ ਪਰ ਆਈਸੀਸੀ ਟਰਾਫੀ ਦਾ ਸੋਕਾ ਖਤਮ ਨਹੀਂ ਹੋ ਸਕਿਆ।

ਵਿਸ਼ਵ ਕੱਪ ਤੋਂ ਬਾਅਦ ਹੁਣ ਭਾਰਤ ਨੂੰ ਆਸਟ੍ਰੇਲੀਆ (IND vs AUS) ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗਾ। ਅਜਿਹੇ ‘ਚ ਕੋਚ ਰਾਹੁਲ ਦ੍ਰਾਵਿੜ ਦਾ ਇਕਰਾਰਨਾਮਾ ਰੀਨਿਊ ਹੋਵੇਗਾ ਜਾਂ ਨਹੀਂ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਕੋਚ ਦ੍ਰਾਵਿੜ ਤੋਂ ਬਾਅਦ ਇਸ ਅਹੁਦੇ ਲਈ ਕਿਹੜੇ ਤਿੰਨ ਖਿਡਾਰੀ ਮਜ਼ਬੂਤ ​​ਦਾਅਵੇਦਾਰ ਹਨ, ਆਓ ਜਾਣਦੇ ਹਾਂ ਉਨ੍ਹਾਂ ਦੇ ਨਾਂ।

1. ਵੀਵੀਐੱਸ ਲਕਸ਼ਮਣ

ਵੀਵੀਐੱਸ ਲਕਸ਼ਮਣ ਦਾ ਨਾਂ ਸੂਚੀ ਵਿਚ ਪਹਿਲੇ ਨੰਬਰ ‘ਤੇ ਹੈ, ਜਿਨ੍ਹਾਂ ਨੂੰ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਜੇ ਦ੍ਰਾਵਿੜ ਆਪਣਾ ਕੰਟਰੈਕਟ ਨਹੀਂ ਵਧਾਉਂਦੇ ਤਾਂ ਬੀਸੀਸੀਆਈ ਲਕਸ਼ਮਣ ਨੂੰ ਮੁੱਖ ਕੋਚ ਬਣਾਉਣ ਬਾਰੇ ਸੋਚ ਸਕਦਾ ਹੈ। ਲਕਸ਼ਮਣ ਬੀਸੀਸੀਆਈ ਨਾਲ ਬਤੌਰ ਐੱਨਸੀਏ ਦੇ ਮੁਖੀ ਵਜੋਂ ਜੁੜੇ । ਦ੍ਰਾਵਿੜ ਵੀ ਕੋਚ ਬਣਨ ਤੋਂ ਪਹਿਲਾਂ NCA ਚੀਫ ਸਨ। ਲਕਸ਼ਮਣ ਕੋਲ ਕੋਚ ਵਜੋਂ ਕਾਫੀ ਤਜਰਬਾ ਹੈ। ਉਸ ਨੇ ਸਾਲ 2013 ਵਿਚ ਆਪਣੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਕੀਤੀ, ਜਦੋਂ ਉਹ ਸਨਰਾਈਜ਼ਰਜ਼ ਹੈਦਰਾਬਾਦ ਟੀਮ ਵਿਚ ਇੱਕ ਸਲਾਹਕਾਰ ਵਜੋਂ ਸ਼ਾਮਿਲ ਹੋਏ। 2021 ਵਿਚ ਬੀਸੀਸੀਆਈ ‘ਚ ਸ਼ਾਮਲ ਹੋਣ ਤੋਂ ਬਾਅਦ ਲਕਸ਼ਮਣ ਨੂੰ ਨੌਕਰੀ ਛੱਡਣੀ ਪਈ।

2. ਅਨਿਲ ਕੁੰਬਲੇ

ਕੌਮਾਂਤਰੀ ਪੱਧਰ ‘ਤੇ 220 ਮੈਚ ਖੇਡ ਚੁੱਕੇ ਸਾਬਕਾ ਭਾਰਤੀ ਦਿੱਗਜ ਖਿਡਾਰੀ ਅਨਿਲ ਕੁੰਬਲੇ ਦਾ ਨਾਂ ਸੂਚੀ ‘ਚ ਦੂਜੇ ਨੰਬਰ ‘ਤੇ ਹੈ, ਜਿਨ੍ਹਾਂ ਨੂੰ ਇਸ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਉਹ ਸਾਲ 2016 ‘ਚ ਟੀਮ ਇੰਡੀਆ ਦੇ ਮੁੱਖ ਕੋਚ ਰਹਿ ਚੁੱਕੇ ਹਨ ਪਰ ਕਪਤਾਨ ਵਿਰਾਟ ਕੋਹਲੀ ਨਾਲ ਮਤਭੇਦਾਂ ਕਾਰਨ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ। ਸਾਲ 2017 ਵਿਚ ਟੀਮ ਕੁੰਬਲੇ ਦੀ ਕੋਚਿੰਗ ਦੌਰਾਨ ਚੈਂਪੀਅਨ ਟਰਾਫੀ ਦੇ ਫਾਈਨਲ ਵਿਚ ਪਹੁੰਚੀ ਸੀ।

3. ਵਰਿੰਦਰ ਸਹਿਵਾਗ

ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਨਾਂ ਸੂਚੀ ‘ਚ ਤੀਜੇ ਸਥਾਨ ‘ਤੇ ਹੈ, ਜਿਨ੍ਹਾਂ ਨੂੰ ਵੀ ਇਸ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸਹਿਵਾਗ ਕਿਸੇ ਵੀ ਆਈਪੀਐੱਲ ਫਰੈਂਚਾਇਜ਼ੀ ਨਾਲ ਜੁੜੇ ਨਹੀਂ ਹਨ। ਅਜਿਹੇ ‘ਚ ਉਹ ਬੀਸੀਸੀਆਈ ‘ਚ ਸ਼ਾਮਲ ਹੋ ਸਕਦੇ ਹਨ। ਸਹਿਵਾਗ ਸੰਨਿਆਸ ਲੈਣ ਤੋਂ ਦੋ ਸਾਲ ਬਾਅਦ ਹੀ ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦੇ ਸਨ। ਉਨ੍ਹਾਂ ਨੇ 2017 ‘ਚ ਮੁੱਖ ਕੋਚ ਲਈ ਅਰਜ਼ੀ ਦਿੱਤੀ ਸੀ, ਹਾਲਾਂਕਿ ਇਸ ਵਾਰ ਬੀਸੀਸੀਆਈ ਖੁਦ ਉਨ੍ਹਾਂ ਨੂੰ ਕਰਾਰ ਦੇ ਸਕਦਾ ਹੈ, ਜੇ ਸਹਿਵਾਗ ਕੋਚ ਬਣਨ ਲਈ ਤਿਆਰ ਹਨ।