ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਮਰਾਲਾ ਵਿਖੇ ਪਿੰ੍ਸੀਪਲ ਰਜਿੰਦਰ ਸਿੰਘ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਨਸ਼ਿਆਂ ਦੀ ਵੱਧ ਰਹੀ ਅਲਾਮਤ ਖ਼ਿਲਾਫ਼ ਲੋਕ ਮੋਰਚਾ ਪੰਜਾਬ ਦੇ ਸਥਾਨਕ ਆਗੂ ਕੁਲਵੰਤ ਸਿੰਘ ਤਰਕ ਸਵੇਰ ਦੀ ਸਭਾ ‘ਚ ਵਿਦਿਆਰਥਣਾਂ ਦੇ ਰੂਬਰੂ ਹੋਏ।

ਉਨ੍ਹਾਂ ਕਿਹਾ ਇਸ ਚਿੰਤਾਜਨਕ ਸਥਿਤੀ ‘ਚ ਜਿੱਥੇ ਇੱਕ ਪਾਸੇ ਪੰਜਾਬ ਤੇ ਹੋਰ ਸੂਬਿਆਂ ‘ਚ ਸਿੰਥੈਟਿਕ ਨਸ਼ੇ ਚਿੱਟਾ, ਸਮੈਕ, ਹੈਰੋਇਨ ਆਦਿ ਦੀ ਭਰਮਾਰ ਹੋਣ ਕਰਕੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਆਪਣੀ ਮਾਰ ਹੇਠ ਲੈ ਰਹੇ ਹਨ ਉਥੇ ਦੂਜੇ ਪਾਸੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ (ਲੜਕੇ/ਲੜਕੀਆਂ) ਨੂੰ ਵੀ ਨਸ਼ੇ ਦੇ ਸੁਦਾਗਰ ਗੁਮਰਾਹ ਕਰਕੇ ਆਪਣੀ ਲਪੇਟ ‘ਚ ਲੈ ਰਹੇ ਹਨ। ਉਨ੍ਹਾਂ ਕਿਹਾ ਜਿਸ ਨਾਲ ਸਾਡੇ ਨੌਜਵਾਨਾਂ ਦੀ ਸਿਹਤ ਤੇ ਧਨ ਦੀ ਬਰਬਾਦੀ ਹੋ ਰਹੀ ਹੈ।

ਵੱਖ-ਵੱਖ ਸਮੇਂ ਸਵਾਰਥੀ ਰਾਜਨੀਤਕ ਪਾਰਟੀਆਂ ਦੀਆਂ ਸਰਕਾਰ ਇਸ ਨਸ਼ਿਆਂ ਦੇ ਕਾਲ਼ੇ ਧੰਦੇ ਨੂੰ ਰੋਕਣ ‘ਚ ਅਸਮਰੱਥ ਰਹੀਆਂ ਪਰ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਲਗਾਤਾਰ ਨਸ਼ੇ ਰੋਕਣ ਲਈ ਇੱਕਜੁਟ ਹੋ ਕੇ ਸੰਘਰਸ਼ ਕਰ ਰਹੀਆਂ ਹਨ ਤੇ ਨਸ਼ੇ ਦੇ ਵਪਾਰੀਆਂ ਨੂੰ ਸਜਾਵਾਂ ਦਵਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ। ਸਕੂਲ ਮੁਖੀ ਰਜਿੰਦਰ ਸਿੰਘ ਤੇ ਸਮੂਹ ਸਟਾਫ਼ ਵੱਲੋਂ ਕੁਲਵੰਤ ਸਿੰਘ ਤਰਕ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।