ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਦੇਰ ਰਾਤ ਲੁਧਿਆਣਾ ਦੇ ਸ਼ੇਰੇ ਪੰਜਾਬ ਢਾਬੇ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਨਸ਼ੇ ‘ਚ ਟੱਲੀ ਨੌਜਵਾਨਾਂ ਨੇ ਇਕ ਪਰਿਵਾਰ ਦੀਆਂ ਚਾਰ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਵਿਰੋਧ ਕਰਨ ‘ਤੇ ਉਨ੍ਹਾਂ ਨੇ ਪੂਰੇ ਪਰਿਵਾਰ ਦੀ ਕੁੱਟਮਾਰ ਕਰ ਦਿੱਤੀ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਭੰਨ ਦਿੱਤੀ ਅਤੇ ਰੌਲਾ ਪਾਉਣ ‘ਤੇ ਮੁਲਜ਼ਮ ਇਕ ਮੋਬਾਈਲ ਫੋਨ, ਚਾਂਦੀ ਦਾ ਬ੍ਰੈਸਲਟ ਤੇ 3 ਸੋਨੇ ਦੀਆਂ ਚੇਨਾਂ ਉਤਾਰ ਕੇ ਫ਼ਰਾਰ ਹੋ ਗਏ।

ਜਾਣਕਾਰੀ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਤੁਰੰਤ ਹਰਕਤ ‘ਚ ਆਈ ਤੇ ਬਾਬਾ ਸੈਨ ਭਗਤ ਕਾਲੋਨੀ ਦੇ ਰਹਿਣ ਵਾਲੇ ਈਸ਼ਵਰ ਸਿੰਘ ਤੇ ਸਰਦਾਰ ਨਗਰ ਸੇਖੇਵਾਲ ਰੋਡ ਦੇ ਵਾਸੀ ਕੁਨਾਲ ਮਹਿਰਾ ਨੂੰ ਨਾਕਾਬੰਦੀ ਦੌਰਾਨ ਗਿ੍ਫ਼ਤਾਰ ਕੀਤਾ। ਪੁਲਿਸ ਨੇ ਈਸ਼ਵਰ ਸਿੰਘ ਤੇ ਕੁਨਾਲ ਮਹਿਰਾ ਸਮੇਤ 8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਤਵਾਲੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਇਕ ਇਲਾਕੇ ਦੇ ਰਹਿਣ ਵਾਲੇ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਤੇ ਪਰਿਵਾਰ ਦੀਆਂ ਚਾਰ ਲੜਕੀਆਂ ਨਾਲ ਰਾਤ ਵੇਲੇ ਸ਼ੇਰੇ ਪੰਜਾਬ ਢਾਬੇ ‘ਤੇ ਖਾਣਾ ਖਾਣ ਲਈ ਆਏ ਸਨ। ਗੁਰਪ੍ਰਰੀਤ ਨੇ ਦੱਸਿਆ ਕਿ ਇਸੇ ਦੌਰਾਨ ਜਦੋਂ ਉਹ ਪਰਿਵਾਰ ਦੀ ਹੀ ਇਕ ਲੜਕੀ ਨਾਲ ਵਾਸ਼ਰੂਮ ਵੱਲ ਗਿਆ ਤਾਂ ਢਾਬੇ ਦੇ ਅੰਦਰ ਹੀ ਸ਼ਰਾਬ ਪੀ ਰਹੇ ਨੌਜਵਾਨਾਂ ਨੇ ਲੜਕੀ ਨੂੰ ਅਸ਼ਲੀਲ ਟਿੱਪਣੀਆਂ ਕੀਤੀਆਂ। ਉਨ੍ਹਾਂ ਦੇ ਨਾਲ ਹੀ ਕੁਝ ਹੋਰ ਨੌਜਵਾਨ ਵੀ ਬੈਠੇ ਸਨ। ਸ਼ਰਾਬੀਆਂ ਦੀ ਹਰਕਤ ਨੂੰ ਨਜ਼ਰਅੰਦਾਜ਼ ਕਰਦਾ ਹੋਇਆ ਪੂਰਾ ਪਰਿਵਾਰ ਘਰ ਜਾਣ ਲਈ ਢਾਬੇ ਦੇ ਬਾਹਰ ਖੜ੍ਹੀ ਆਪਣੀ ਫਾਰਚੂਨਰ ਕਾਰ ਵਿਚ ਜਾ ਕੇ ਬੈਠ ਗਿਆ। ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਕੁਝ ਨੌਜਵਾਨ ਬਾਹਰ ਆ ਗਏ ਅਤੇ ਕਾਰ ਵਿਚ ਬੈਠੀ ਇਕ ਲੜਕੀ ਦਾ ਹੱਥ ਫੜ ਕੇ ਉਸ ਨੂੰ ਬਾਹਰ ਕੱਢ ਲਿਆ। ਮੁਲਜ਼ਮਾਂ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰਿਵਾਰ ਦੇ ਵਿਰੋਧ ਕਰਨ ‘ਤੇ ਨਸ਼ੇ ਵਿਚ ਟੱਲੀ ਹੋਈ ਨੌਜਵਾਨਾਂ ਨੇ ਪੂਰੇ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਫਾਰਚੂਨਰ ਕਾਰ ਵੀ ਪੂਰੀ ਤਰ੍ਹਾਂ ਭੰਨ ਦਿੱਤੀ।

ਇਸ ਹਮਲੇ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਹਰਕਤ ਵਿਚ ਆਈ ਅਤੇ ਨਾਕਾਬੰਦੀ ਦੌਰਾਨ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ। ਜਾਂਚ ਅਧਿਕਾਰੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਬਾਕੀ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ। ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਈਸ਼ਵਰ ਸਿੰਘ ਤੇ ਕੁਨਾਲ ਮਹਿਰਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।