ਪੁਨੀਤ ਬਾਵਾ, ਲੁਧਿਆਣਾ : ਲੋਕ ਸਭਾ ਹਲਕਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ, ਵਿਧਾਨ ਸਭਾ ਹਲਕਾ ਦਾਖਾ ਤੇ ਵਿਧਾਨ ਸਭਾ ਹਲਕਾ ਜਗਰਾਓਂ ਦੇ 300 ਪਿੰਡਾਂ ‘ਚ ਸੀਸੀਟੀ ਕੈਮਰੇ ਨਸ਼ੇੜੀਆਂ ਤੇ ਅਪਰਾਧੀਆਂ ‘ਤੇ ਨਜ਼ਰ ਰੱਖਣਗੇ। ਸੀਸੀਟੀਵੀ ਕੈਮਰੇ ਲਾਉਣ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਤੇ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ (ਜਗਰਾਓ) ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾਲ ਲੈ ਕੇ ਸੀਸੀਟੀਵੀ ਕੈਮਰੇ ਲਾਉਣ ਵਾਲੀਆਂ ਥਾਵਾਂ ਦੀ ਪਛਾਣ ਕਰਨ ਲਈ ਆਖਿਆ ਗਿਆ ਹੈ।

ਲੋਕ ਸਭਾ ਹਲਕਾ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਉਪਰੋਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੇ ਨਸ਼ੇ ਨੂੰ ਲੈ ਕੇ ਅਤੇ ਰੋਜ਼ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ‘ਤੇ ਠੱਲ੍ਹ ਪਾਉਣ ਲਈ ਉਨਾਂ੍ਹ ਨੇ ਆਪਣੇ ਅਖ਼ਤਿਆਰੀ ਕੋਟੇ ‘ਚੋਂ ਤਿੰਨ ਪੇਂਡੂ ਹਲਕਿਆਂ ਹਲਕਾ ਗਿੱਲ, ਹਲਕਾ ਦਾਖਾ ਤੇ ਹਲਕਾ ਜਗਰਾਓਂ ਦੇ ਪਿੰਡਾਂ ‘ਚ ਸੀਸੀਟੀਵੀ ਕੈਮਰੇ ਲਾਏ ਜਾਣਗੇ। ਉਨ੍ਹਾਂ ਪੁਲਿਸ ਕਮਿਸ਼ਨਰ ਦੇ ਇਲਾਕੇ ਵਿਚਲੇ ਪਿੰਡਾਂ ਤੇ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਵਿਚਲੇ ਪਿੰਡਾਂ ‘ਚ ਸੀਸੀਟੀਵੀ ਕੈਮਰੇ ਲਾਉਣ ਲਈ ਸਰਵੇ ਸ਼ੁਰੂ ਕਰਨ ਲਈ ਆਖਿਆ ਹੈ।

ਉਨਾਂ੍ਹ ਦੇ ਧਿਆਨ ਵਿੱਚ ਆਇਆ ਹੈ ਕਿ ਪਿੰਡਾਂ ‘ਚ ਸੁੰਨਸਾਨ ਥਾਵਾਂ ਤੇ ਹੋਰ ਥਾਵਾਂ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਨਸ਼ਾ ਕਰਦੇ ਹਨ ਤੇ ਪਿੰਡਾਂ ‘ਚ ਆ ਕੇ ਨਸ਼ਾ ਵੇਚਣ ਵਾਲੇ ਨਸ਼ਾ ਵੇਚ ਰਹੇ ਹਨ। ਸੀਸੀਟੀਵੀ ਕੈਮਰੇ ਲੱਗਣ ਨਾਲ ਨਸ਼ਾ ਕਰਨ ਵਾਲਿਆਂ, ਨਸ਼ਾ ਵੇਚਣ ਵਾਲਿਆਂ ‘ਤੇ ਜਿੱਥੇ ਨਜ਼ਰ ਰੱਖੀ ਜਾਵੇਗੀ, ਉੱਥੇ ਹੀ ਰੋਜ਼ਾਨਾ ਨਸ਼ੇ ਦੇ ਆਦੀ ਵਿਅਕਤੀਆਂ ਵੱਲੋਂ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ, ਉਸ ‘ਤੇ ਵੀ ਨਜ਼ਰ ਰੱਖੀ ਜਾਵੇਗੀ।

ਬਿੱਟੂ ਨੇ ਕਿਹਾ ਕਿ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਮੋਟਰਸਾਈਕਲਾਂ ‘ਤੇ ਆ ਕੇ ਨਸ਼ੇ ਦੀ ਖੁਰਾਕ ਦੇ ਕੇ ਪੈਸੇ ਲੈ ਕੇ ਤੁਰ ਜਾਂਦੇ ਹਨ, ਸੀਸੀਟੀਵੀ ਕੈਮਰੇ ਲੱਗਣ ਨਾਲ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਡਰ ਰਹੇਗਾ। ਪਿੰਡਾਂ ਨੂੰ ਜਾਂਦੇ ਸਾਰੇ ਮੁੱਖ ਮਾਰਗਾਂ, ਸ਼ਮਸ਼ਾਨਘਾਟਾਂ, ਗੁਰੂ ਘਰਾਂ, ਧਰਮਸ਼ਾਲਾ ਤੇ ਹੋਰ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਾ ਕੇ ਨਜ਼ਰ ਰੱਖੀ ਜਾਵੇਗੀ। ਕੈਮਰੇ ਲੱਗਣ ਨਾਲ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਕਰਨ ਤੋਂ ਰੋਕਣ ‘ਚ ਸਹਾਇਤਾ ਮਿਲੇਗੀ। ਸੀਸੀਟੀਵੀ ਕੈਮਰੇ ਲਗਾਉਣ ਦੇ ਮਾਮਲੇ ‘ਚ ਪੰਜਾਬ ਪੁਲਿਸ, ਸਮਾਜਸੇਵੀ ਜਥੇਬੰਦੀਆਂ, ਪਿੰਡਾਂ ਦੇ ਮੋਹਤਬਰ ਤੇ ਚੁਣੇ ਹੋਏ ਨੁਮਾਇੰਦਿਆਂ ਦੀ ਸਲਾਹ ਲਈ ਜਾਵੇਗੀ।

=====

ਖਬ.ਰ ਦੀ ਡੱਬੀ-

ਵਿਕਾਸ ਕਾਰਜਾਂ ਲਈ ਵੀ ਲੋੜ ਅਨੁਸਾਰ ਫੰਡ ਦੇਣ ਦਾ ਐਲਾਨ

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿੱਥੇ ਪਿੰਡਾਂ ‘ਚ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ, ਉੱਥੇ ਹੀ 3 ਪੇਂਡੂ ਹਲਕਿਆਂ ਅਤੇ 6 ਸ਼ਹਿਰੀ ਹਲਕਿਆਂ ਦੇ ਵਿਕਾਸ ਕਾਰਜਾਂ ਲਈ ਵੀ ਲੋੜ ਅਨੁਸਾਰ ਫੰਡ ਜਾਰੀ ਕੀਤੇ ਜਾਣਗੇ। ਉਹ ਸਮਾਰਟ ਸਿਟੀ ਤਹਿਤ ਖ਼ਰਚ ਹੋ ਰਹੇ ਫੰਡ ਬਾਰੇ ਜਾਣਕਾਰੀ ਲੈਣ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਬੀਤੇ ਦਿਨੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਲੋਕਾਂ ਦੀ ਭਲਾਈ ਲਈ ਹਰ ਪੱਖੋਂ ਹਾਜ਼ਰ ਹਨ ਤੇ ਐੱਮਪੀ ਫੰਡ ਲੋਕਾਂ ਦਾ ਫੰਡ ਹੈ, ਇਸ ਨੂੰ ਉਨ੍ਹਾਂ ਦੀ ਭਲਾਈ ਲਈ ਖ਼ਰਚ ਕੀਤਾ ਜਾਵੇਗਾ।