ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਿਜਲੀ ਚੋਰੀ ਵਿਰੁੱਧ ਚੱਲ ਰਹੀ ਮੁਹਿਮ ਜਾਰੀ ਰੱਖਦਿਆਂ ਪਾਵਰਕਾਮ ਇੰਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਸ਼ਾਹਕੋਟ ਨੇੜਲੇ ਪਿੰਡਾਂ ਜਿਸ ‘ਚ ਕਿੱਲੀ, ਸਾਰੰਗਵਾਲ, ਚੱਕ ਬਾਹਮਣੀਆਂ, ਪੱਤੋਂ ਕਲਾਂ ਤੇ ਚੱਕ ਰਾਮੇ ਨਾਮਕ ਪਿੰਡ ਸ਼ਾਮਿਲ ਹਨ, ‘ਚ ਅਚਨਚੇਤ ਛਾਪੇਮਾਰੀ ਕੀਤੀ ਗਈ। ਇਨ੍ਹਾਂ ਪਿੰਡਾਂ ਨੂੰ ਸਪਲਾਈ 66 ਕੇਵੀ ਕੋਹਾੜ ਖੁਰਦ ਬਿਜਲੀ ਘਰ ਤੋਂ ਚੱਲਦੇ 11 ਕੇਵੀ ਗੋਬਿੰਦ ਕੋਲਡ ਸਟੋਰ ਫੀਡਰ ਤੋਂ ਚੱਲਦੀ ਹੈ। ਇਸ ਛਾਪੇਮਾਰੀ ਦੌਰਾਨ ਟੀਮਾਂ ਨੇ ਬਿਜਲੀ ਚੋਰੀ ਦੇ 21 ਕੇਸ ਫੜੇ ਗਏ ਜੋ ਘਰੇਲੂ ਖਪਤਕਾਰਾਂ ਨਾਲ ਸਬੰਧਤ ਹਨ। ਇਨ੍ਹਾਂ ‘ਚੋਂ ਸੱਤ ਕੇਸਾਂ ‘ਚ ਖਪਤਕਾਰਾਂ ਵੱਲੋਂ ਬਿਜਲੀ ਕੁਨੈਕਸ਼ਨ ਲੱਗੇ ਹੋਣ ਦੇ ਬਾਵਜੂਦ ਪਾਵਰਕਾਮ ਸਪਲਾਈ ਤੋਂ ਸਿੱਧੀ ਬਿਜਲੀ ਚੋਰੀ ਫੜੀ ਗਈ। ਬਾਕੀ 14 ਕੇਸਾਂ ‘ਚ ਖਪਤਕਾਰਾਂ ਵੱਲੋਂ ਘਰ ਨੇੜਿਉਂ ਲੰਘਦੀਆਂ ਬਿਜਲੀ ਤਾਰਾਂ ਤੋਂ ਲੱਕੜੀਆਂ ਦੀ ਮਦਦ ਨਾਲ ਸਿੱਧੀਆਂ ਕੁੰਡੀਆਂ ਲਾ ਕੇ ਬਿਜਲੀ ਚੋਰੀ ਫੜੀ ਗਈ। ਇਕੱਲੇ ਪਿੰਡ ਕਿੱਲੀ ਅੰਦਰ ਹੀ ਬਿਜਲੀ ਚੋਰੀ ਦੇ 6 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਿੰਡ ਚੱਕ ਬਾਹਮਣੀਆਂ ‘ਚ ਸੱਤ ਤੇ ਪਿੰਡ ਪੱਤੋ ਕਲਾਂ ‘ਚ ਤਿੰਨ ਕੇਸ ਫੜੇ ਗਏ। ਟੀਮਾਂ ਵੱਲੋਂ ਮੌਕੇ ‘ਤੇ ਹੀ ਖਪਤਕਾਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਤੇ ਬਿਜਲੀ ਚੋਰੀ ਲਈ ਵਰਤੀਆਂ ਜਾ ਰਹੀਆਂ ਕੇਬਲਾਂ ਜ਼ਬਤ ਕਰਕੇ ਵੰਡ ਉਪ-ਮੰਡਲ ਸਟਾਫ ਦੇ ਹਵਾਲੇ ਕਰ ਦਿੱਤੀਆ। ਬਿਜਲੀ ਚੋਰੀ ‘ਚ ਸ਼ਾਮਲ 21 ਖਪਤਕਾਰਾਂ ਨੂੰ ਚੋਰੀ ਵਜੋਂ 13.63 ਲੱਖ ਰੁਪਏ ਤੇ ਕੰਪਾਊਂਡਿੰਗ ਚਾਰਜਿਜ਼ ਵਜੋਂ 1.26 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਐੱਫਆਈਆਰ ਦਰਜ ਕਰਨ ਸਬੰਧੀ ਐਂਟੀ ਪਾਵਰ ਥੈਫਟ ਥਾਣੇ ਨੂੰ ਪੱਤਰ ਲਿੱਖ ਦਿੱਤਾ ਗਿਆ ਹੈ। ਪਾਵਰਕਾਮ ਉੱਤਰੀ ਜ਼ੋਨ ਦੇ ਚੀਫ ਇੰਜੀਨੀਅਰ ਰਮੇਸ਼ ਲਾਲ ਸਾਰੰਗਲ ਨੇ ਕਿਹਾ ਕਿ ਇਨਫੋਰਸਮੈਂਟ ਵਿੰਗ ਵੱਲੋਂ ਵੱਖ-ਵੱਖ ਇਲਾਕਿਆਂ ‘ਚ ਬਿਜਲੀ ਚੋਰੀ ਰੋਕਣ ਲਈ ਅਚਨਚੇਤ ਛਾਪੇਮਾਰੀ ਇਸੇ ਤਰ੍ਹਾਂ ਜਾਰੀ ਰਹੇਗੀ।