ਨਵੀਂ ਦਿੱਲੀ : ਭਾਰਤ ਦੇ ਸ਼ੇਅਰ ਬਾਜ਼ਾਰ ਹਾਂਗਕਾਂਗ ਨੂੰ ਪਛਾੜ ਕੇ ਦੁਨੀਆ ਦੇ ਚੌਥੇ ਸਭ ਤੋਂ ਵੱਡੇ ਬਾਜ਼ਾਰ ਬਣ ਗਏ ਹਨ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਭਾਰਤੀ ਬਾਜ਼ਾਰਾਂ ’ਚ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਸਾਂਝਾ ਪੂੰਜੀਕਰਨ ਸੋਮਵਾਰ ਨੂੰ 4.33 ਟ੍ਰਿਲੀਅਨ ਡਾਲਰ ਸੀ, ਜਦਕਿ ਹਾਂਗਕਾਂਗ ਦੇ ਬਾਜ਼ਾਰ ਦਾ ਪੂੰਜੀਕਰਨ 4.29 ਟ੍ਰਿਲੀਅਨ ਡਾਲਰ ਸੀ। ਭਾਰਤੀ ਬਾਜ਼ਾਰਾਂ ਦਾ ਪੂੰਜੀਕਰਨ ਪੰਜ ਦਸੰਬਰ 2023 ਨੂੰ ਪਹਿਲੀ ਵਾਰੀ ਚਾਰ ਟ੍ਰਿਲੀਅਨ ਡਾਲਰ ਦੇ ਪਾਰ ਪਹੁੰਚਿਆ ਸੀ। ਇਸ ਵਿੱਚੋਂ ਅੱਧੀ ਰਾਸ਼ੀ ਪਿਛਲੇ ਚਾਰ ਸਾਲਾਂ ਦੌਰਾਨ ਹੀ ਵਧੀ। ਪ੍ਰਮੁੱਖ ਤਿੰਨ ਬਾਜ਼ਾਰਾਂ ’ਚ ਕ੍ਰਮਵਾਰ ਅਮਰੀਕਾ, ਚੀਨ ਤੇ ਜਾਪਾਨ ਹਨ। 2023 ਦੌਰਾਨ ਸੈਂਸੈਕਸ ਤੇ ਨਿਫਟੀ ’ਚ 17 ਤੇ 18 ਫ਼ੀਸਦੀ ਦਾ ਵਾਧਾ ਰਿਹਾ ਹੈ। ਉੱਥੇ, ਇਸ ਦੌਰਾਨ ਹਾਂਗਕਾਂਗ ਦੇ ਪ੍ਰਮੁੱਖ ਸੂਚਕ ਅੰਕ ਹੈਂਗ ਸੇਂਗ ’ਚ 32-33 ਫ਼ੀਸਦੀ ਦੀ ਗਿਰਾਵਟ ਰਹੀ ਹੈ।