ਪੰਕਜ ਭੱਟ, ਲੁਧਿਆਣਾ : ਮਾਸਟਰ ਅਥਲੈਟਿਕ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ 29 ਅਕਤੂਬਰ ਨੂੰ ਮਾਸਟਰ ਸਟੇਟ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ 30 ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ। ਇਸ ਦੌਰਾਨ 300 ਮੀਟਰ ਵਾਕ ਦੌੜ, ਸ਼ਾਟਪੁਰ, ਲੰਬੀ ਛਾਲ, 800 ਮੀਟਰ, 200 ਮੀਟਰ, ਡਿਸਕਸ ਥਰੋਅ, 100 ਮੀਟਰ, 1500 ਮੀਟਰ, 3 ਹਜ਼ਾਰ ਮੀਟਰ, 400 ਮੀਟਰ ਦੌੜ, ਤੀਹਰੀ ਛਾਲ, ਜੈਵਲਿਨ ਥਰੋਅ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਲੁਧਿਆਣਾ ਦੇ ਖਿਡਾਰੀਆਂ ਵੱਲੋਂ ਮੈਡਲ ਜਿੱਤ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਮਾਸਟਰ ਅਥਲੀਟ ਹਰਮੇਲ ਸਿੰਘ ਵਾਸੀ ਮਾਣਕਵਾਲ ਜੀਕੇ ਵਿਹਾਰ ਧਾਂਦਰਾ ਨੇ ਡਿਸਕਸ ਥਰੋਅ ‘ਚ ਸੋਨ ਤਗਮਾ ਜਿੱਤਿਆ । ਹਰਮੇਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 22 ਸਾਲਾਂ ਤੋਂ ਕ੍ਰਿਕਟ ਖੇਡ ਰਿਹਾ ਸੀ ਤੇ ਉਸ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣਾ ਪਸੰਦ ਹੈ। ਪਰ ਉਸ ਨੂੰ ਕ੍ਰਿਕਟ ‘ਚ ਮੌਕਾ ਨਹੀਂ ਮਿਲ ਸਕਿਆ। ਧਾਂਦਰਾ ਦੇ ਮੈਦਾਨ ‘ਚ ਅਭਿਆਸ ਦੌਰਾਨ ਮਾਸਟਰ ਅਥਲੀਟ ਅਮਰੀਕ ਸਿੰਘ ਨੇ ਉਸ ਨੂੰ ਜੈਵਲਿਨ ‘ਚ ਆਪਣਾ ਸਰਬੋਤਮ ਯਤਨ ਕਰਨ ਲਈ ਕਿਹਾ। ਪਹਿਲੀ ਕੋਸ਼ਿਸ਼ ‘ਚ 30 ਮੀਟਰ ਤੱਕ ਜੈਵਲਿਨ ਸੁੱਟਿਆ। ਅਮਰੀਕ ਸਿੰਘ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਸਿਖਲਾਈ ਦਿੱਤੀ ਤੇ 20 ਦਿਨਾਂ ਦੀ ਸਿਖਲਾਈ ਤੋਂ ਬਾਅਦ ਉਸ ਨੇ ਪੰਜਾਬ ਰਾਜ ਅਥਲੈਟਿਕ ਚੈਂਪੀਅਨਸ਼ਿਪ ‘ਚ ਪਹਿਲੀ ਵਾਰ 40 ਮੀਟਰ ਜੈਵਲਿਨ ਥਰੋਅ ‘ਚ ਸੋਨ ਤਗਮਾ ਜਿੱਤਿਆ।
=====
ਗਾਉਣ ਦਾ ਵੀ ਹੈ ਸ਼ੋਕ
ਹਰਮੇਲ ਸਿੰਘ ਨੇ ਦੱਸਿਆ ਕਿ ਉਸ ਨੂੰ ਖੇਡਾਂ ਦੇ ਨਾਲ-ਨਾਲ ਗਾਉਣ ਦਾ ਵੀ ਸ਼ੌਕ ਹੈ। ਕਿਉਂਕਿ ਮਾਤਾ ਰੁਪਿੰਦਰ ਕੌਰ ਤੇ ਪਿਤਾ ਗੁਰਮੇਲ ਸਿੰਘ ਕਲਾਕਾਰ ਸਨ। ਸ਼ੁਰੂ ਤੋਂ ਹੀ ਗੁੜ੍ਹਤੀ ਹੋਣ ਕਰ ਕੇ ਉਸ ਨੇ ਮੁੰਬਈ ‘ਚ ਗਾਇਕੀ ਸਿੱਖਣ ‘ਚ ਵੀ ਕਾਫੀ ਸਮਾਂ ਬਿਤਾਇਆ। ਪਰ ਇਸ ਦੇ ਨਾਲ ਹੀ ਖੇਡਾਂ ਨਾਲ ਪਿਆਰ ਹੋਣ ਕਾਰਨ ਉਹ ਕ੍ਰਿਕਟ ਵੱਲ ਮੁੜ ਗਿਆ। ਕ੍ਰਿਕਟ ‘ਚ ਵੀ ਚੰਗੇ ਕੋਚ ਦੀ ਘਾਟ ਕਾਰਨ ਉਸ ਲਈ ਅੱਗੇ ਦੇ ਰਸਤੇ ਨਹੀਂ ਖੁੱਲ੍ਹ ਸਕੇ।
=====
ਜੈਵਲਿਨ ਥਰੋਅ ਨੂੰ ਪ੍ਰਫੈਸ਼ਨ ਬਣਾ ਕੇ ਅੱਗੇ ਹੈ ਵਧਣਾ
ਹਰਮੇਲ ਸਿੰਘ (ਹੈਰੀ) ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਫਿੱਟ ਰੱਖਦਾ ਹੈ ਤੇ ਕਦੇ ਚਾਹ ਵੀ ਨਹੀਂ ਪੀਤੀ। ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਦਿਨ ਵਿੱਚ ਚਾਰ ਘੰਟੇ ਮੈਦਾਨ ‘ਚ ਪਸੀਨਾ ਵਹਾਉਂਦਾ ਹੈ। ਜੈਵਲਿਨ ਥਰੋਅ ਵਿੱਚ ਹੁਣ ਆਪਣੇ ਆਪ ‘ਚ ਸੁਧਾਰ ਕਰਨਾ ਹੈ ਤੇ ਆਉਣ ਵਾਲੇ ਖੇਡ ਮੁਕਾਬਲਿਆਂ ‘ਚ ਭਾਗ ਲੈ ਕੇ ਪੰਜਾਬ ਤੇ ਦੇਸ਼ ਲਈ ਤਗਮੇ ਜਿੱਤਣੇ ਹਨ।


