ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਇਲਾਕੇ ਭਰ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵਿੱਦਿਆ ਪ੍ਰਦਾਨ ਕਰਵਾ ਰਹੀ ਸਿਰਕੱਢ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਸਕੂਲ ਪੱਖੋ ਕਲਾਂ ਵਿਖੇ ਹਿੰਦੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਗਿਆ।

ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ ਗਲੋਬਲ ਕੁਨੈਕਟ ਇੰਚਾਰਜ) ਨੇ ਹਿੰਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, 14 ਸਤੰਬਰ 1949 ਨੂੰ ਹਿੰਦੀ ਭਾਸ਼ਾ ਨੂੰ ਭਾਰਤੀ ਸੰਵਿਧਾਨ ਸਭਾ ਦੁਆਰਾ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ। ਹਰ ਵਿਅਕਤੀ ਨੂੰ ਆਪਣੀ ਮਾਤ ਭਾਸ਼ਾ ਦੇ ਨਾਲ-ਨਾਲ ਹਿੰਦੀ ਭਾਸ਼ਾ ਦਾ ਗਿਆਨ ਹੋਣਾ ਵੀ ਅਤਿ ਜ਼ਰੂਰੀ ਹੈ ਤੇ ਹਿੰਦੀ ਭਾਸ਼ਾ ਪੂਰੇ ਦੇਸ਼ ਨੂੰ ਇਕ ਮਾਲਾ ‘ਚ ਪਰੋ ਕੇ ਰੱਖਦੀ ਹੈ। ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀਆਂ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਦਰਸਾਉਂਦੀਆਂ ਵੱਖ?ਵੱਖ ਗਤੀਵਿਧੀਆ ਕਰਵਾਈਆਂ ਗਈਆਂ, ਜਿਨ੍ਹਾਂ ‘ਚ ਬੱਚਿਆਂ ਦੇ ਲੇਖ, ਭਾਸ਼ਣ ਤੇ ਗੀਤ, ਕਵਿਤਾ ਮੁਕਾਬਲੇ ਕਰਵਾਏ ਗਏ। ਛੋਟੇ ਬੱਚਿਆਂ ਨੇ ਕਵਿਤਾ ਵਾਚਨ ਮੁਕਾਬਲੇ ‘ਚ ਦਰੱਖਤ, ਤਿਉਹਾਰ, ਮਾਤਾ ਪਿਤਾ, ਮੌਸਮ, ਸਦਾਚਾਰ, ਸਫਾਈ ਮੁਹਿੰਮ ਆਦਿ ਵਿਸ਼ਿਆ ‘ਤੇ ਸੁੰਦਰ ਤੇ ਸਿੱਖਿਆਦਾਇਕ ਕਵਿਤਾਵਾਂ ਪੇਸ਼ ਕੀਤੀਆ। ਨੌਵੀਂ ਤੇ ਦਸਵੀਂ ਦੇ ਬੱਚਿਆਂ ਦੇ ਹਿੰਦੀ ਭਾਸ਼ਾ ਦੇ ਪ੍ਰਸਾਰ ਨਾਲ ਸਬੰਧਿਤ ਸਲੋਗਨ, ਪੋਸਟਰ ਮੇਕਿੰਗ, ਕਵਿਤਾ ਉਚਾਰਣ, ਲੇਖ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਹਿੰਦੀ ਦਿਵਸ ਮਨਾਉਣ ਮੌਕੇ ਸੰਸਥਾ ਦੀਆਂ ਵਿਦਿਆਰਥਣਾਂ ਨੇ ਸੁੰਦਰ ਪੁਸ਼ਾਕਾਂ, ਗਹਿਣੇ ਪਹਿਨ ਕੇ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦਾ ਭਾਰਤ ਨਾਟਿਅਮ ਨਿ੍ਤ ਪੇਸ਼ ਕਰ ਕੇ ਸਭ ਦੀ ਵਾਹ-ਵਾਹ ਖੱਟੀ। ਸਾਰੇ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਪੂਰਵਕ ਹਿੱਸਾ ਲਿਆ। ਹਿੰਦੀ ਵਿਭਾਗ ਦੇ ਅਧਿਆਪਕ ਸਾਹਿਬਾਨ ਨੇ ਬੱਚਿਆਂ ਨੂੰ ਹਿੰਦੀ ਭਾਸ਼ਾ ਦੇ ਇਤਿਹਾਸ ਅਤੇ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਹਿੰਦੀ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ, ਕਿਉਂਕਿ ਜੋ ਵਿਕਾਸ ਤੇ ਉੱਨਤੀ ਇੱਕ ਵਿਅਕਤੀ ਆਪਣੀ ਮਾਤ ਭਾਸ਼ਾ ‘ਚ ਕਰ ਸਕਦਾ ਹੈ ,ਉਹ ਦੂਜੀ ਭਾਸ਼ਾ ਵਿੱਚ ਨਹੀਂ ਕਰ ਸਕਦਾ ਹੈ, ਹਿੰਦੀ ਸਾਡੀ ਰਾਜ-ਭਾਸ਼ਾ ਹੈ ਤੇ ਸਾਨੂੰ ਸਦਾ ਹਿੰਦੀ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਹਿੰਦੀ ਭਾਸ਼ਾ ਨਾਲ ਸਬੰਧਿਤ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਨੂੰ ਹਿੰਦੀ ਵਿਭਾਗ ਦੇ ਮੁਖੀਆਂ, ਵਿਸ਼ਾ ਮਾਹਿਰਾਂ ਨੇ ਪਾਰਦਰਸ਼ੀ ਢੰਗ ਨਾਲ ਜੱਜ ਕਰ ਕੇ ਨਤੀਜਾ ਤਿਆਰ ਕੀਤਾ। ਜੇਤੂ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਸਨਮਾਨਿਤ ਕੀਤਾ ਜਾਵੇਗਾ। ਹਿੰਦੀ ਦਿਵਸ ਮਨਾਉਣ ਸਮੇਂ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ ਗਲੋਬਲ ਕੁਨੈਕਟ ਇੰਚਾਰਜ), ਹਿੰਦੀ ਵਿਭਾਗ ਮੁਖੀ, ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਹਾਜ਼ਿਰ ਸਨ।