ਜਗਦੇਵ ਗਰੇਵਾਲ, ਜੋਧਾਂ : ਦੇਸ਼ ਵਾਸੀਆਂ ਨੂੰ ਅੰਗਰੇਜ਼ੀ ਹਕੂਮਤ ਦੀ ਗੁੁਲਾਮੀ ਤੋਂ ਆਜ਼ਾਦੀ ਦਿਵਾਉਣ ਲਈ ਹੱਸਦਿਆਂ ਹੱਸਦਿਆਂ ਫਾਂਸੀ ਚੜ੍ਹਨ ਵਾਲੇ ਸਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਕੁੁਰਬਾਨੀਆਂ ਭਰਿਆ ਜੀਵਨ ਨੌਜਵਾਨ ਪੀੜ੍ਹੀ ਲਈ ਪੇ੍ਰਰਨਾਸੋ੍ਤ ਹੈ, ਕਿਉਂਕਿ ਸ਼ਹੀਦ ਭਗਤ ਸਿੰਘ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਮਾਰਗ ਦਰਸ਼ਕ ਤੇ ਗੁੁਰੂ ਮੰਨਦੇ ਸਨ।
ਉਕਤ ਪ੍ਰਗਟਾਵਾ ਗੁੱਜਰਵਾਲ ਪਿੰਡ ਦੇ ਫਿਜੀ, ਨਿਊਜ਼ੀਲੈਂਡ ਤੇ ਇੰਗਲੈਂਡ ਵਰਗੇ ਮੁੁਲਕਾਂ ਦੇ ਸਫ਼ਲ ਕਾਰੋਬਾਰੀ ਦਲਜੀਤ ਸਿੰਘ ਗਰੇਵਾਲ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਗਲਤ ਤੇ ਮਾੜੀਆਂ ਕੁੁਰੀਤੀਆਂ ‘ਚ ਪੈ ਕੇ ਆਪਣਾ ਤੇ ਮਾਪਿਆਂ ਦਾ ਜੀਵਨ ਬਰਬਾਦ ਕਰ ਰਹੇ ਨੌਜਵਾਨਾਂ ਨੂੰ ਗ਼ਦਰੀ ਬਾਬੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕੁੁਰਬਾਨੀਆਂ ਭਰੇ ਜੀਵਨ ਤੋਂ ਸੇਧ ਲੈ ਕੇ ਦੇਸ਼ ਸਮਾਜ ਦੀ ਭਲਾਈ ਲਈ ਚੰਗੇ ਕਾਰਜ ਕਰਕੇ ਆਪਣਾ ਤੇ ਦੇਸ਼ ਸਮਾਜ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ।
ਗਰੇਵਾਲ ਨੇ ਕਿਹਾ ਕਿ ਬੱਚਿਆਂ ਨੂੰ ਸ਼ਹੀਦ ਸੂਰਮਿਆਂ ਦੇ ਜੀਵਨ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ ‘ਚ ਉਨ੍ਹਾਂ ਦੀਆਂ ਫੋਟੋਆਂ ਲਗਾ ਕੇ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਨਾਲ ਜੋੜਨ ਲਈ ਉਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ।


