ਰਿਚਮਿੰਡ ਬੀਸੀ (ਬਲਵੰਤ ਸਿੰਘ ਸੰਘੇੜਾ)
:- 12 ਸਤੰਬਰ,2025, ਆਸਾ ਜੌਹਲ ਦੇ ਪਰਿਵਾਰ ਲਈ ਇਕ ਬਹੁਤ ਹੀ ਮਹੱਤਵ ਪੂਰਨ ਦਿਨ ਸੀ। ਇਸ ਦਿਨ ਰਿਚਮੰਡ ਸ਼ਹਿਰ ਦੇ ਮੇਅਰ ਮੈਲਕਮ ਬਰੋਡੀ ਨੇ ਸਵਰਗੀਆਂ ਆਸਾ ਜੌਹਲ ਦੀ ਯਾਦ ਵਿਚ 11491 ਮਿਚਲ ਰੋਡ ,ਰਿਚਮੰਡ ਵਿਖੇ ਆਸਾ ਜੌਹਲ ਨੇਬਰਹੁਡ ਪਾਰਕ ਦਾ ੳਦਘਾਟਨ ਕੀਤਾ।ਇਹ ਸਨਮਾਨ ਜੌਹਲ ਪਰਿਵਾਰ ਅਤੇ ਸਮੁੱਚੀ ਕੈਨੇਡੀਅਨ ਸਿੱਖਾਂ ਅਤੇ ਪੰਜਾਬੀ ਕਮਿਊਨਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ । ਸਾਡੇ ਬਜੁਰਗਾਂ ਨੇ ਤਕਰੀਬਨ 130 ਸਾਲ ਪਹਿਲਾਂ ਕੈਨੇਡਾ ਦੀ ਧਰਤੀ ਉਪਰ ਪੈਰ ਰੱਖੇ।ਉਸ ਦਿਨ ਤੋਂ ਹੀ ਉਹਨਾਂ ਨੇ ਆਪਣੀ ਸਖਤ ਮਿਹਨਤ ਨਾਲ ਇਸ ਦੇਸ਼ ਦੀ ਤਰੱਕੀ ਵਿਚ ਅਣਮੁੱਲਾ ਯੋਗਦਾਨ ਪਾਇਆ ਹੈੇ। ਉਹਨਾਂ ਦੀ ਹਿੰਮਤ ਸਦਕੇ ਹੀ ਅੱਜ ਸਾਡੀ ਕਮਿਊਨਿਟੀ ਦਾ ਨਾਂ ਇਸ ਦੇਸ਼ ਵਿਚ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ।ਇਸ ਥਾਂ ਤੇ ਪਹੁੰਚਣ ਲਈ ਸਾਡੇ ਅਗੂਆਂ ਅਤੇ ਮੋਢੀਆ ਨੇ ਬਹੁਤ ਹੀ ਤਕਲੀਫਾਂ ਝੱਲੀਆਂ । ਇਹਨਾਂ ਦੀਆਂ ਕੁਰਬਾਨੀਆਂ ਦੇ ਸਿੱਟੇ ਵਜੋਂ ਹੀ ਅੱਜ ਸਾਡੀ ਕਮਿਊੂਨਿਟੀ ਕੈਨੇਡਾ ਵਿਚ ਬਹੁਤ ਹੀ ਪ੍ਰਭਾਵਸ਼ਾਲੀ ,ਦਾਨੀ ਅਤੇ ਤਾਕਤਵਰ ਕਮਿਊਨਿਟੀ ਵਜੋਂ ਜਾਣੀ ਜਾਂਦੀ ਹੈ। ਇਹਨਾਂ ਸਤਿਕਾਰਯੋਗ ਵਿਅਕਤੀਆਂ ਵਿਚੋਂ ਸਵਰਗਵਾਸੀ ਆਸਾ ਜੌਹਲ ਭੀ ਇਸ ਮਾਣ ਦੇ ਪਾਤਰ ਹਨ। ਆਸਾ ਜੌਹਲ ਬਹੁਤ ਹੀ ਛੋਟੀ ਉਮਰ ਵਿਚ ਆਪਣੇ ਮਾਤਾ ਅਤੇ ਪਿਤਾ ਦੇ ਨਾਲ ਕੈਨੇਡਾ ਵਿਚ ਆਏ।14 ਸਾਲ ਦੀ ਉਮਰ ਵਿਚ ਹੀ ਉਹਨਾਂ ਨੇ ਲੱਕੜ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।ਪਹਿਲਾਂ ਤੋਂ ਹੀ ਸਰਦਾਰ ਜੌਹਲ ਦਾ ਸ਼ੌਕ ਲੰਬਰ ਕਾਰੋਬਾਰ ਵਿਚ ਸੀ। ਸਾਲਾਂ ਵੱਧੀ ਮਿਹਨਤ ਕਰਕੇ ਉਹਨਾਂ ਨੇ ਬਹੁਤ ਹੀ ਕਾਮਯਾਬ ਲੰਬਰ ਕਾਰੋਬਾਰ ਸਥਾਪਿਤ ਕਰ ਲਿਆ। ਉਹਨਾਂ ਦੀ ਟਰਮੀਨਲ ਫੌਰਿਸਟ ਪ੍ਰੋਡਕਟਸ ਕੰਪਨੀ ਕੈਨਡਾ ਦੀਆਂ ਪਹਿਲੀਆਂ ਸਫਾਂਵਾਂ ਵਿਚ ਹੈ। ਇਹਨਾਂ ਨੇ ਹਜਾਰਾਂ ਹੀ ਕਾਮਿਆਂ ਨੂੰ ਰੁਜਗਾਰ ਦਿੱਤਾ ਹੈ। ਸਿਰਫ ਇਹ ਹੀ ਨਹੀਂ ਆਸਾ ਜੌਹਲ ਅਤੇ ਉਹਨਾਂ ਦੇ ਪਰਵਾਰ ਨੇ ਲੱਖਾਂ ਡਾਲਰ ਵੱਖਰੇ ਵੱਖਰੇ ਅਦਾਰਿਆ ਨੂੰ ਦਾਨ ਵਜੋਂ ਦਿੱਤੇ ਹਨ। ਵੈਨਕੋਵਰ ਚਿਲਡਰਨ ਹਸਪਤਾਲ, ਯੂ.ਬੀ.ਸੀ. ,ਵੈਨਕੋਵਰ ਜਨਰਲ ਹਸਪਤਾਲ , ਰਿਚਮੰਡ ਹਸਪਤਾਲ , ਬੀ.ਸੀ. ਕੈੰਸਰ ਸੁਸਾਇਟੀ ਆਦਿ ਇਹਨਾਂ ਦੇ ਦਾਨ ਦੇ ਪਾਤਰ ਹਨ। ਉਹਨਾਂ ਨੇ ਆਪਣੀ ਜਨਮ ਭੂਮੀ ਪਿੰਡ ਜੰਡਿਆਲਾ (ਜਿਲ੍ਹਾ ਜਲੰਧਰ ) ਵਿਖੇ ਲੜਕੀਆਂ ਦੇ ਗੌਰਮੈੰਟ ਹਾਈ ਸਕੂਲ ਵਿਚ ਇਕ ਬਹੁਤ ਹੀ ਸ਼ਾਨਦਾਰ ਔਡੀਟੋਰੀਅਮ ਬਣਾ ਕੇ ਦਿੱਤਾ ਹੈ। ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ਦੀ ਉਸਾਰੀ ਤੋਂ ਲੈਕੇ ਹੁਣ ਤੱਕ ਆਸਾ ਜੌਹਲ ਅਤੇ ਜੌਹਲ ਪ੍ਰਵਾਰ ਦਾ ਬਹੁਤ ਹੀ ਅਣਮੁੱਲਾ ਯੋਗਦਾਨ ਹੈ। ਰਿਚਮੰਡ ਸ਼ਹਿਰ ਦਾ ਇਹ ਸਨਮਾਨ ਆਸਾ ਜੌਹਲ ਅਤੇ ਜੌਹਲ ਪਰਿਵਾਰ ਲਈ ਬਹੁਤ ਮਹੱਤਵ ਪੂਰਨ ਹੈ। 12 ਸਤੰਬਰ, ਦਿਨ ਸ਼ੁਕਰਵਾਰ ਆਸਾ ਜੌਹਲ ਦੇ ਸਾਰੇ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਦੀ ਹਾਜਰੀ ਵਿਚ ਰਿਚਮੰਡ ਦੇ ਮੇਅਰ ਮੈਲਕਮ ਬਰੋਡੀ ਨੇ ਇਹ ਪਾਰਕ ਇਸ ਬਹੁਤ ਹੀ ਸਤਿਕਾਰ ਯੋਗ ਇਨਸਾਨ ਨੂੰ ਸਮਰਪਤ ਕੀਤੀ। ਇਸ ਦੇ ਨਾਲ ਹੀ ਇਸ ਪਾਰਕ ਵਿਚ ਉਹਨਾਂ ਦੇ ਨਾਂ ਦਾ ਇਕ ਦਰਖਤ ਭੀ ਲਾਇਆ ਗਿਆ। ਆਸਾ ਜੌਹਲ ਦੇ ਸਪੱਤਰ ਡਰਸੀ ਜੌਹਲ ਨੇ ਆਪਣੇ ਮਾਤਾ ਜੀ ਬੀਬੀ ਕਸ਼ਮੀਰ ਕੌਰ ਜੌਹਲ, ਪਤਨੀ ਮਨਜੀਤ ਕੌਰ ਜੌਹਲ ਅਤੇ ਹੋਰ ਨਜਦੀਕੀ ਰਿਸ਼ਤੇਦਾਰਾਂ, ਸ਼ੁਭਚਿੰਤਕਾਂ ਅਤੇ ਦੋਸਤਾਂ ਮਿੱਤਰਾਂ ਦੀ ਹਾਜਰੀ ਵਿਚ ਆਪਣੇ ਪਿਤਾ ਜੀ ਨੂੰ ਬਹੁਤ ਹੀ ਢੁਕਵੀਂ ਸ਼ਰਧਾਂਜਲੀ ਦਿੱਤੀ।ਇਸ ਕਾਰਜ ਲਈ ਸਿਟੀ ਆਫ ਰਿਚਮੰਡ ਦਾ ਧੰਨਵਾਦ ਹੈ । ਨਾਲ ਹੀ ਸਮੁੱਚਾ ਜੌਹਲ ਪਰਿਵਾਰ ਵਧਾਈ ਦਾ ਪਾਤਰ ਹੈ। ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ ਜੌਹਲ ਪਰਿਵਾਰ ਨੂੰ ਵਧਾਈ ਦਿੰਦੀ ਹੈ ਅਤੇ ਸਿਟੀ ਆਫ ਰਿਚਮੰਡ ਦੇ ਮੇਅਰ,ਮੈਲਕਮ ਬਰੋਡੀ, ਕੌੰਸਲ ਅਤੇ ਸਟਾਫ ਦਾ ਧੰਨਵਾਦ ਕਰਦੀ ਹੈ।




