ਕਾਕੂ ਸਿੰਘਪੁਰੀ, ਪੋਜੇਵਾਲ : ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੜੋਆ ਡਾ. ਗੁਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਸਲੱਮ ਏਰੀਆ ਪੋਜੇਵਾਲ ਵਿਖੇ ਹਰ ਸ਼ੁੱਕਰਵਾਰ ਡੇਗੂ ਤੇ ਵਾਰ ਮੁਹਿੰਮ ਤਹਿਤ ਐਕਟੀਵਿਟੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਆਦਰਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਅਪਣੇ ਘਰਾਂ ‘ਚ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟੇ੍ਆਂ, ਪੁਰਾਣੇ ਟਾਇਰਾਂ, ਘਰਾਂ ਦੀਆਂ ਛੱਤਾਂ ‘ਤੇ ਪਏ ਪੁਰਾਣੇ ਨਾ ਵਰਤਣ ਯੋਗ ਸਮਾਨ ਆਦਿ ‘ਚ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ। ਇਸ ਦੇ ਨਾਲ ਹੀ ਹਫਤੇ ‘ਚ ਇਕ ਦਿਨ ਹਰੇਕ ਸ਼ੁੱਕਰਵਾਰ ਡਰਾਈ ਡੇ ਵਜੋਂ ਮਨਾਉਣਾ ਚਾਹੀਦਾ ਹੈ। ਉਪਰੰਤ ਡਾ. ਗੁਰਿੰਦਰਜੀਤ ਸਿੰਘ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਅਤੇ ਲਾਰਵਾ ਮਿਲਣ ‘ਤੇ ਨਸ਼ਟ ਕਰਵਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਕਰਾਂਤੀ ਪਾਲ ਸਿੰਘ ਰੌੜੀ, ਰਮਨ ਕੁਮਾਰ ਤੇ ਕੁਲਦੀਪ ਕੁਮਾਰ ਬਰੀਡਰ ਚੈਕਰ ਆਦਿ ਵੀ ਹਾਜ਼ਰ ਸਨ।