ਸਰੀ, ਬੀ.ਸੀ. – ਸਰੀ ਸ਼ਹਿਰ ਨੇ ਰਾਸ਼ਟਰੀ ਸੀਨੀਅਰ ਦਿਵਸ ਦੇ ਮੌਕੇ ’ਤੇ ਤਿੰਨ ਦਿਨਾਂ ਦੀਆਂ ਕਮਿਊਨਿਟੀ ਗਤੀਵਿਧੀਆਂ ਸਫਲਤਾਪੂਰਵਕ ਮੁਕੰਮਲ ਕੀਤੀਆਂ, ਜਿਸ ਵਿੱਚ ਬਜ਼ੁਰਗ ਬਾਲਗਾਂ ਨੂੰ ਆਪਸ ਵਿੱਚ ਜੁੜਨ, ਇਕੱਠੇ ਜਸ਼ਨ ਮਨਾਉਣ ਅਤੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਮੌਕੇ ਪ੍ਰਦਾਨ ਕੀਤੇ।
ਜਸ਼ਨਾਂ ਦੀ ਸ਼ੁਰੂਆਤ ਪਹਿਲੀ ਅਕਤੂਬਰ ਨੂੰ ਸਿਟੀ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਨਾਲ ਸ਼ੁਰੂ ਹੋਈ, ਜਿਸ ਵਿੱਚ ਸੀਨੀਅਰਜ਼, ਸਿਟੀ ਸਟਾਫ਼ ਅਤੇ ਕਮਿਊਨਿਟੀ ਸੰਸਥਾਵਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਵਡੇਰੀ ਉਮਰ ਦੇ ਲੋਕਾਂ ਦੇ ਯੋਗਦਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਮਰ-ਅਨੁਕੂਲ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਕੱਠ ਵਿੱਚ ਕਮਿਊਨਿਟੀ ਬੂਥਾਂ, ਸਿੱਖਿਆਤਮਕ ਸਰੋਤ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ ਸ਼ਾਮਲ ਸਨ।
“ਮੇਅਰ ਬਰੈਂਡਾ ਲੌਕ ਨੇ ਕਿਹਾ, “ਰਾਸ਼ਟਰੀ ਸੀਨੀਅਰ ਦਿਵਸ ਸਾਡੇ ਪਰਿਵਾਰਾਂ, ਆਂਢ -ਗੁਆਂਢ ਅਤੇ ਕਮਿਊਨਿਟੀ ਵਿੱਚ ਬਜ਼ੁਰਗਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਨਮਾਨ ਕਰਨ ਬਾਰੇ ਹਨ। “ਇਹ ਉਹ ਸਮਾਂ ਵੀ ਹੈ, ਜਦੋਂ ਅਸੀਂ ਸੋਚ ਸਕਦੇ ਹਾਂ ਕਿ ਮਿਲ ਕੇ ਉਮਰਵਾਦ ਨੂੰ ਕਿਵੇਂ ਚੁਨੌਤੀ ਦਿੱਤੀ ਜਾ ਸਕਦੀ ਹੈ, ਸ਼ਮੂਲੀਅਤ ਵਿੱਚ ਵਾਧਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਵੇਂ ਮਿਲ ਕੇ ਕੰਮ ਕਰ ਸਕਦੇ ਹਾਂ ਕਿ, ਸਰੀ ਵਿੱਚ ਹਰ ਬਜ਼ੁਰਗ ਮਹੱਤਵਪੂਰਨ ਅਤੇ ਸਤਿਕਾਰਤ ਮਹਿਸੂਸ ਕਰੇ।”
ਸਰੀ ਦੇ ਵੱਖ-ਵੱਖ ਹਿੱਸਿਆਂ ਵਿੱਚ ਬਜ਼ੁਰਗਾਂ ਲਈ ਮੁਫ਼ਤ ਗਤੀਵਿਧੀਆਂ ਜਾਰੀ ਰਹੀਆਂ, ਜਿਵੇਂ ਕਿ ਕੁਕਿੰਗ ਕਲਾਸਾਂ, ਵਾਕਇੱਟ (WALKit) ਕਮਿਊਨਿਟੀ ਵਾਕ, ਕਲਾ-ਸੈਸ਼ਨ ਅਤੇ ਕਵਿਤਾ ਸੰਮੇਲਨ ਆਦਿ, ਜਿਸ ਨਾਲ ਬਜ਼ੁਰਗਾਂ ਨੂੰ ਆਪਸ ਵਿੱਚ ਮੇਲ਼-ਮਿਲਾਪ ਵਧਾਉਣ, ਆਪਣੀ ਪ੍ਰਤਿਭਾ ਨੂੰ ਸਾਂਝਾ ਕਰਨ ਅਤੇ ਕਮਿਊਨਿਟੀ ਨਾਲ ਰਲਣ-ਮਿਲਣ ਦੇ ਮੌਕੇ ਮਿਲੇ।
ਇਹ ਜਸ਼ਨ ਸ਼ਹਿਰ ਦੀ ਉਮਰ-ਅਨੁਕੂਲ ਰਣਨੀਤੀ (Age-Friendly Strategy ) ਅਤੇ ਬਜ਼ੁਰਗਾਂ ‘ਤੇ ਕੇਂਦਰਿਤ ਉਪਰਾਲਿਆਂ ਦਾ ਹਿੱਸਾ ਹਨ, ਜੋ ਸੀਨੀਅਰਜ਼ ਨੂੰ ਆਪਸ ਵਿੱਚ ਜੋੜਨ, ਸਰਗਰਮ ਰਹਿਣ ਅਤੇ ਕਮਿਊਨਿਟੀ ਵਿੱਚ ਭਾਗੀਦਾਰੀ ਕਰਨ ਲਈ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਨ।
ਬਜ਼ੁਰਗਾਂ ਦੇ ਪ੍ਰੋਗਰਾਮਾਂ ਅਤੇ ਆਉਣ ਵਾਲੇ ਸਮਾਗਮਾਂ ਬਾਰੇ ਵਧੇਰੇ ਜਾਣਨ ਲਈ surrey.ca/seniors ‘ਤੇ ਜਾਓ ।



