ਸਰੀ, ਬੀ.ਸੀ. – ਬੀਤੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਸਰੀ ਕੌਂਸਲ ਨੇ ਸਰੀ ਸਾਈਡਵਾਕ ਐਕਸ਼ਨ ਪਲਾਨ (Surrey Sidewalk Action Plan) ਦਾ ਸਮਰਥਨ ਕੀਤਾ ਹੈ, ਜੋ ਸ਼ਹਿਰ ਦੇ ਸਾਈਡਵਾਕ ਨੈੱਟਵਰਕ ਦਾ ਵਿਸਤਾਰ ਕਰੇਗਾ ਅਤੇ ਇੱਕ ਢਾਂਚਾਗਤ, ਤਰਜੀਹ-ਅਧਾਰਤ ਪਹੁੰਚ ਰਾਹੀਂ ਸ਼ਹਿਰ ਭਰ ਵਿੱਚ ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸੰਪਰਕ ਨੂੰ ਵਧੀਆ ਬਣਾਏਗਾ। ਅਗਲੇ ਦੋ ਸਾਲਾਂ ਦੌਰਾਨ, ਇਹ ਯੋਜਨਾ 23 ਪ੍ਰੋਜੈਕਟਾਂ ਦੇ ਜ਼ਰੀਏ ਲਗਭਗ 7.5 ਕਿਲੋਮੀਟਰ ਨਵੇਂ ਫੁੱਟਪਾਥ (ਸਾਈਡਵਾਕ) ਪ੍ਰਦਾਨ ਕਰੇਗੀ, ਜਿਸ ਨਾਲ ਸ਼ਹਿਰ ਭਰ ਵਿੱਚ 23 ਸਕੂਲਾਂ, 55 ਬੱਸ ਸਟਾਪਾਂ ਅਤੇ 23 ਪਾਰਕਾਂ ਤੱਕ ਪਹੁੰਚ ਅਤੇ ਸੁਰੱਖਿਆ ‘ਚ ਬਿਹਤਰੀ ਹੋਵੇਗੀ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਫੁੱਟਪਾਥ ਪਹੁੰਚਣਯੋਗ ਬਣਾਉਣ, ਭਾਈਚਾਰਿਆਂ ਦੇ ਆਪਸੀ ਸੰਪਰਕ ਅਤੇ ਸ਼ਹਿਰ ਨੂੰ ਟਿਕਾਊ ਬਣਾਉਣ ਲਈ ਜ਼ਰੂਰੀ ਹਨ। ਇਹ ਸਾਈਡਵਾਕ ਐਕਸ਼ਨ ਪਲਾਨ ਸੜਕ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਅਤੇ ਸਾਡੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿੱਥੇ ਫੁੱਟਪਾਥ ਅਤਿਅੰਤ ਜ਼ਰੂਰੀ ਹੁੰਦੇ ਹਨ- ਸਕੂਲਾਂ, ਪਾਰਕਾਂ, ਆਵਾਜਾਈ, ਗਰੋਸਰੀ ਸਟੋਰਾਂ ਅਤੇ ਵੱਧ-ਟ੍ਰੈਫਿਕ ਦੇ ਘੇਰੇ ਵਾਲੇ ਖੇਤਰਾਂ ਦੇ ਨੇੜੇ ਜਿੱਥੇ ਲੋਕਾਂ ਦੀ ਰਿਹਾਇਸ਼, ਕੰਮਕਾਰ ਅਤੇ ਖੇਡਣ ਦੀਆਂ ਥਾਵਾਂ ਹੋਣ।”
ਸ਼ਹਿਰ ਦਾ ਟੀਚਾ ਕਲ-ਡੀ-ਸੈਕ, ਨੀਵੇਂ ਇਲਾਕਿਆਂ ਅਤੇ ਖੇਤੀਬਾੜੀ ਭੂਮੀ ਰਿਜ਼ਰਵ (ALR) ਨੂੰ ਛੱਡ ਕੇ ਸਾਰੀਆਂ ਪ੍ਰਮੁੱਖ ਸੜਕਾਂ ਦੇ ਦੋਵੇਂ ਪਾਸੇ ਅਤੇ ਜ਼ਿਆਦਾਤਰ ਸਥਾਨਕ ਸੜਕਾਂ ਦੇ ਘੱਟੋ-ਘੱਟ ਇੱਕ ਪਾਸੇ ਫੁੱਟਪਾਥ ਪ੍ਰਦਾਨ ਕਰਨਾ ਹੈ।
ਸਟਾਫ ਦਾ ਅੰਦਾਜ਼ਾ ਹੈ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਸ਼ਹਿਰ ਭਰ ਵਿੱਚ ਹਾਲੇ ਵੀ 558 ਕਿਲੋਮੀਟਰ ਫੁੱਟਪਾਥ ਦੀ ਲੋੜ ਹੈ ਅਤੇ ਇਸਦੀ ਲਾਗਤ $400 ਤੋਂ $500 ਮਿਲੀਅਨ ਹੋ ਸਕਦੀ ਹੈ। ਫੰਡਿੰਗ ਦੇ ਮੌਜੂਦਾ ਪੱਧਰਾਂ ‘ਤੇ, ਸ਼ਹਿਰ ਨੂੰ ਲੋੜੀਂਦੇ ਨੈੱਟਵਰਕ ਨੂੰ ਮੁਕੰਮਲ ਕਰਨ ਲਈ ਲਗਭਗ 50 ਸਾਲ ਲੱਗ ਸਕਦੇ ਹਨ।
ਟਰਾਂਸਪੋਰਟੇਸ਼ਨ ਡਾਇਰੈਕਟਰ ਰਾਫੇਲ ਵਿਲੇਰੀਅਲ (Rafael Villerreal) ਨੇ ਕਿਹਾ “ਨਵਾਂ ਢਾਂਚਾ ਸਾਨੂੰ ਫੁੱਟਪਾਥਾਂ ‘ਚ ਉੱਥੇ ਨਿਵੇਸ਼ ਕਰਨ ਨੂੰ ਪਹਿਲ ਦੇਣ ਵਿੱਚ ਮਦਦ ਕਰਦਾ ਹੈ, ਜਿੱਥੇ ਇਹ ਸਭ ਤੋਂ ਵੱਧ ਅਸਰਦਾਰ ਹੋ ਸਕਦੇ ਹੋਣ ਅਤੇ ਨਾਲ ਹੀ ਸ਼ਹਿਰ ਦੇ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ। ਅਸੀਂ ਮੁੱਖ ਸੜਕਾਂ ਨੂੰ ਤਰਜੀਹ ਦੇਣਾ ਜਾਰੀ ਰੱਖਾਂਗੇ ਕਿਉਂ ਕਿ ਉੱਥੇ ਤੇਜ਼ ਰਫ਼ਤਾਰ ਅਤੇ ਟ੍ਰੈਫਿਕ ਦੀ ਵੱਧ ਸੰਖਿਆ ਸੁਰੱਖਿਆ ਲਈ ਵਧੇਰੇ ਜੋਖਮ ਪੈਦਾ ਕਰਦੀ ਹੈ, ਪਰ “ਬ੍ਰਾਊਨਫੀਲਡ” ਖੇਤਰਾਂ ਵੱਲ ਵੀ ਧਿਆਨ ਕੇਂਦਰਿਤ ਕਰਾਂਗੇ, ਜਿੱਥੇ ਪਹਿਲਾਂ ਹੀ ਵਿਕਾਸ ਹੋ ਚੁੱਕਾ ਹੈ ਤੇ ਮੁੜ-ਵਿਕਾਸ ਦੇ ਮੌਕੇ ਘੱਟ ਹਨ। ਇਸ ਦੇ ਨਾਲ ਹੀ ਅਸੀਂ ਉਹ ਸੜਕਾਂ ਵੀ ਪਹਿਲ ਦੇ ਅਧਾਰ ‘ਤੇ ਦੇਖਾਂਗੇ ਜੋ ਸਕੂਲਾਂ, ਆਵਾਜਾਈ ਦੀਆਂ ਸਹੂਲਤਾਂ, ਪਾਰਕਾਂ ਅਤੇ ਗਰੋਸਰੀ ਸਟੋਰਾਂ ਦੇ 800 ਮੀਟਰ ਦੇ ਘੇਰੇ ਦੇ ਅੰਦਰ ਹਨ, ਜਿੱਥੇ ਨਿਵਾਸੀ ਪੈਦਲ ਜਾਣਾ ਚਾਹੁੰਦੇ ਹੁੰਦੇ ਹਨ।”
ਸ਼ਹਿਰ ਦੀ ਨਵੀਂ ਯੋਜਨਾ ਅਨੁਸਾਰ ਸਾਈਡਵਾਕਾਂ ’ਤੇ ਕੈਪੀਟਲ ਨਿਵੇਸ਼ਾਂ ਦੀ ਤਰਜੀਹ ਦੇ ਅਧਾਰ ਤੇ ਰੂਪਰੇਖਾ ਇਸ ਤਰਾਂ ਹੈ:
- ਬ੍ਰਾਊਨਫੀਲਡ ਇਲਾਕਿਆਂ ਵਿੱਚ, ਜਿਹੜੇ ਕਿ ਸਕੂਲਾਂ/ਟ੍ਰਾਂਜ਼ਿਟ/ਗਰੋਸਰੀ ਸਟੋਰਾਂ/ਪਾਰਕਾਂ ਤੋਂ 800 ਮੀਟਰ ਦੇ ਅੰਦਰ ਆਉਂਦੇ ਹਨ, ਉੱਥੇ 63 ਕਿਲੋਮੀਟਰ ਮੁੱਖ ਸੜਕਾਂ ਅਜਿਹੀਆਂ ਹਨ, ਜਿੱਥੇ ਫੁੱਟਪਾਥ ਨਹੀਂ ਹਨ;
- ਬ੍ਰਾਊਨਫੀਲਡ ਇਲਾਕਿਆਂ ਵਿੱਚ ਅਤੇ ਸਕੂਲਾਂ/ਟ੍ਰਾਂਜ਼ਿਟ/ਗਰੋਸਰੀ ਸਟੋਰਾਂ/ਪਾਰਕਾਂ ਤੋਂ 800 ਮੀਟਰ ਦੇ ਘੇਰੇ ਅੰਦਰ 118 ਕਿਲੋਮੀਟਰ ਮੁੱਖ ਸੜਕਾਂ ਅਜਿਹੀਆਂ ਹਨ, ਜਿੱਥੇ ਸਿਰਫ਼ ਇੱਕ ਪਾਸੇ ਹੀ ਫੁੱਟਪਾਥ ਹੈ;
- ਬ੍ਰਾਊਨਫੀਲਡ ਇਲਾਕਿਆਂ ਵਿੱਚ ਸਥਾਨਕ ਸੜਕਾਂ; ਜਿਹੜੀਆਂ ਸਕੂਲਾਂ/ਟ੍ਰਾਂਜ਼ਿਟ/ਗਰੋਸਰੀ ਸਟੋਰਾਂ/ਪਾਰਕਾਂ ਤੋਂ 800 ਮੀਟਰ ਦੇ ਅੰਦਰ ਹਨ, ਉਹ ਬਿਨਾਂ ਫੁੱਟਪਾਥਾਂ ਤੋਂ ਹਨ ਅਤੇ ਅੰਤ ਵਿੱਚ
- ਗ੍ਰੀਨਫੀਲਡ ਇਲਾਕੇ, ਜਿਵੇਂ ਕਿ ਟਾਈਂਨਹੈੱਡ, ਵੈਸਟ ਕਲੇਟਨ, ਅਤੇ ਗ੍ਰੈਂਡਵਿਊ, ਜਿੱਥੇ ਇਸ ਸਮੇਂ ਪੈਦਲ ਯਾਤਰੀਆਂ ਦੀ ਗਤੀਵਿਧੀ ਘੱਟ ਹੈ ਅਤੇ ਨੇੜਲੇ ਭਵਿੱਖ ਵਿੱਚ ਪੁਨਰ-ਵਿਕਾਸ ਸੰਭਾਵਨਾ ਕਾਫ਼ੀ ਵੱਧ ਹੈ।
ਸ਼ਹਿਰ ਨੇ ਫੁੱਟਪਾਥ ਪ੍ਰੋਜੈਕਟਾਂ ਦੀ ਫੰਡਿੰਗ ਲਈ ਯੋਜਨਾ ਸ਼ਹਿਰ ਦੇ ਸੜਕਾਂ ਅਤੇ ਟ੍ਰੈਫਿਕ ਸੁਰੱਖਿਆ ਲੇਵੀ, ਵਿਕਾਸ ਲਾਗਤ ਖਰਚੇ ( City’s Roads and Traffic Safety Levy, Development Cost Charges (DCCs) ਅਤੇ ਬਾਹਰੀ ਗ੍ਰਾਂਟਾਂ ਤੋਂ ਫੰਡਿੰਗ ਦੇ ਸੁਮੇਲ ਕਰ ਬਣਾਈ ਹੈ।
ਸਾਈਡਵਾਕ ਐਕਸ਼ਨ ਪਲਾਨ ਅਤੇ ਤਰਜੀਹੀ ਢਾਂਚੇ ਬਾਰੇ ਵਧੇਰੇ ਜਾਣਕਾਰੀ ਲਈ, ਕਾਰਪੋਰੇਟ ਰਿਪੋਰਟ CR_2025-R150.pdf ਪੜ੍ਹੋ।



