ਫੈਸਟੀਵਲ ਨੂੰ ਸਭ ਤੋਂ ਉੱਤਮ ਤਿਉਹਾਰ ਲਈ 2025 ਗਾਲਾ ਪੁਰਸਕਾਰ ਅਤੇ ਸਰਵੋਤਮ ਵਿਭਿੰਨਤਾ, ਇਕੁਇਟੀ ਅਤੇ ਸ਼ਮੂਲੀਅਤ ਲਈ ਅਹਿਮ ਅਵਾਰਡ ਮਿਲਿਆ
ਸਰੀ, ਬੀ.ਸੀ. – ਸਰੀ ਸ਼ਹਿਰ ਨੂੰ ਇਹ ਐਲਾਨ ਕਰਦੇ ਹੋਏ ਮਾਣ ਹੈ ਕਿ ਸਰੀ ਫਿਊਜ਼ਨ ਫੈਸਟੀਵਲ (Surrey Fusion Festival) ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ ਲਗਾਤਾਰ ਦੂਜੇ ਸਾਲ ਸਪੈਸ਼ਲ ਇਵੈਂਟਸ ਮੈਗਜ਼ੀਨ (Special Events Magazine) ਦੁਆਰਾ ਸਭ ਤੋਂ ਵਧੀਆ ਮਨੋਰੰਜਨ, ਮੇਲੇ ਜਾਂ ਤਿਉਹਾਰ ਲਈ 2025 ਗਾਲਾ ਪੁਰਸਕਾਰ (2025 Gala Award for Most Outstanding Spectacle, Fair, or Festival) ਜਿੱਤਿਆ ਹੈ। 18ਵੇਂ ਸਾਲਾਨਾ ਤਿਉਹਾਰ ਨੂੰ ਅੰਤਰਰਾਸ਼ਟਰੀ ਲਾਈਵ ਇਵੈਂਟਸ ਐਸੋਸੀਏਸ਼ਨ (International Live Events Association-ILEA) ਵਲੋਂ ਸਰਵੋਤਮ ਵਿਭਿੰਨਤਾ, ਇਕੁਇਟੀ ਅਤੇ ਸ਼ਮੂਲੀਅਤ ਪਹਿਲਕਦਮੀ (Best Diversity, Equity & Inclusion Initiative) ਲਈ ਲਗਾਤਾਰ ਦੂਜੀ ਜਿੱਤ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਉੱਪਰੋ-ਥਲੀ (Back -to-back) ਮਿਲਣ ਵਾਲੇ ਪੁਰਸਕਾਰ ਵਿਸ਼ਵ-ਪੱਧਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਸਰੀ ਦੀ ਵਧਦੀ ਸਾਖ ਨੂੰ ਮਜ਼ਬੂਤ ਕਰਦੇ ਹਨ ਅਤੇ ਸਿਟੀ ਸੈਂਟਰ ਨੂੰ ਇੱਕ ਰੌਣਕ-ਭਰਪੂਰ ਮਨੋਰੰਜਨ ਕੇਂਦਰ ਵਿੱਚ ਬਦਲਣ ਲਈ ਸ਼ਹਿਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਫਿਊਜ਼ਨ ਫੈਸਟੀਵਲ ਸਾਡੇ ਸ਼ਹਿਰ ਦੇ ਵਿਭਿੰਨ ਅਤੇ ਗਤੀਸ਼ੀਲ ਭਾਈਚਾਰੇ ਦੀ ਇੱਕ ਸ਼ਕਤੀਸ਼ਾਲੀ ਪਰਛਾਈ ਹੈ”। “ਮੈਨੂੰ ਇਹ ਦੇਖ ਕੇ ਬਹੁਤ ਮਾਣ ਹੈ ਕਿ ਇਹ ਸਮਾਗਮ ਸਾਲ-ਦਰ-ਸਾਲ ਹੋਰ ਪੁਰਸਕਾਰ ਜਿੱਤਦਾ ਜਾ ਰਿਹਾ ਹੈ। ਇਹ ਸਾਡੇ ਪ੍ਰਬੰਧਕਾਂ ਦੇ ਸਮਰਪਣ ਅਤੇ ਸਾਡੇ ਵਸਨੀਕਾਂ ਦੀ ਜੀਵੰਤ ਭਾਵਨਾ ਦਾ ਸਬੂਤ ਹੈ। ਸਰੀ ਬਹੁ-ਸੱਭਿਆਚਾਰਵਾਦ ਦਾ ਇੱਕ ਮੋਜ਼ੈਕ ਹੈ, ਅਤੇ ਸਰੀ ਫਿਊਜ਼ਨ ਫੈਸਟੀਵਲ ਨਾ ਸਿਰਫ ਸਾਨੂੰ ਆਪਣੀ ਵਿਭਿੰਨਤਾ ਦਾ ਸਨਮਾਨ ਕਰਨ ਦੀ ਆਗਿਆ ਦਿੰਦਾ ਹੈ, ਬਲਕਿ ਉਨ੍ਹਾਂ ਸਬੰਧਾਂ ਨੂੰ ਵੀ ਮਜ਼ਬੂਤ ਕਰਦਾ ਹੈ ਜੋ ਸਾਡੇ ਭਾਈਚਾਰੇ ਨੂੰ ਇੰਨਾ ਲਚਕੀਲਾ ਅਤੇ ਸਮਾਵੇਸ਼ੀ ਬਣਾਉਂਦੇ ਹਨ।”
2008 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਸਰੀ ਫਿਊਜ਼ਨ ਫੈਸਟੀਵਲ ਨੇ 16 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ। ਭੋਜਨ, ਸੰਗੀਤ ਅਤੇ ਸੱਭਿਆਚਾਰ ਨਾਲ ਜੁੜਿਆ ਇਹ ਤਿਓਹਾਰ ਭਾਈਚਾਰੇ ਦਾ ਪਸੰਦੀਦਾ ਸਾਲਾਨਾ ਉਤਸਵ ਬਣ ਚੁੱਕਾ ਹੈ। ਹਰ ਸਾਲ, ਹਾਜ਼ਰੀਨ 50 ਤੋਂ ਵੱਧ ਸੱਭਿਆਚਾਰਕ ਸ਼ਾਮਿਆਨਿਆਂ ਵਿੱਚ ਪ੍ਰਮਾਣਿਕ ਪਕਵਾਨਾਂ ਅਤੇ ਕਲਾਵਾਂ ਦੇ ਨਾਲ ਹੀ ਕਈ ਸਟੇਜਾਂ ਉੱਤੋਂ ਕਈ ਸੰਗੀਤਕ ਅਤੇ ਨਾਚ ਪ੍ਰਦਰਸ਼ਨਾਂ ਦਾ ਆਨੰਦ ਮਾਣਦੇ ਹਨ। ਸਰੀ ਫਿਊਜ਼ਨ ਫੈਸਟੀਵਲ ਲਗਾਤਾਰ ਹਜ਼ਾਰਾਂ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ, ਜੋ ਭਾਈਚਾਰੇ ਦੇ ਪੂਰੇ ਸਹਿਯੋਗ ਅਤੇ ਬਹੁ-ਸੱਭਿਆਚਾਰ ਦਾ ਜਸ਼ਨ ਮਨਾਉਣ ਅਤੇ ਉਤਸ਼ਾਹਿਤ ਕਰਨ ਦੀ ਸ਼ਹਿਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
“ਕੋਸਟ ਕੈਪੀਟਲ ਦੇ ਚੀਫ਼ ਕਮਰਸ਼ੀਅਲ, ਰਿਟੇਲ ਅਤੇ ਵੈਲਥ ਅਫਸਰ ਮੌਰੋ ਮਾਂਜ਼ੀ ਨੇ ਅਨੁਸਾਰ, ਉਹ ਸਰੀ ਫਿਊਜ਼ਨ ਫੈਸਟੀਵਲ ਨੂੰ ਵਧਾਈ ਦਿੰਦੇ ਹਨ ਅਤੇ ਇਸ ਨੂੰ ਸਹਿਯੋਗ ਦੇਣ ਵਿੱਚ ਮਾਣ ਮਹਿਸੂਸ ਕਰਦੇ ਹਨ। ਇਹ ਇਕ ਅਜਿਹਾ ਇਵੈਂਟ ਹੈ, ਜੋ ਹਰ ਉਮਰ ਵਰਗ ਨੂੰ ਵੱਖ-ਵੱਖ ਸਭਿਆਚਾਰਾਂ ਨਾਲ ਜੁੜਨ ਅਤੇ ਉਹਨਾਂ ਬਾਰੇ ਸਿੱਖਣ ਦਾ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ”। “ਇਕ ਫ਼ੇਡਰਲ ਫਾਇਨੈਂਸ਼ਲ ਕਾਰਪੋਰੇਟਿਵ, ਜਿਸਦਾ ਮਕਸਦ ਆਪਣੇ ਮੈਂਬਰਾਂ, ਕਰਮਚਾਰੀਆਂ ਅਤੇ ਕਮਿਊਨਿਟੀਆਂ ਲਈ ਬਿਹਤਰ ਭਵਿੱਖ ਬਣਾਉਣ ਵਿੱਚ ਸਹਾਇਤਾ ਕਰਨੀ ਹੈ, ਅਸੀਂ ਸਰੀ ਸ਼ਹਿਰ ਵਰਗੇ ਸਥਾਨਕ ਸਾਥੀਆਂ ਨਾਲ ਸਹਿਯੋਗ ਕਰਕੇ ਇਕ ਵਿਲੱਖਣ ਅਤੇ ਖੁਸ਼ਹਾਲ ਕੈਨੇਡਾ ਬਣਾਉਣ ਲਈ ਵਚਨਬੱਧ ਹਾਂ।”
ਸਰੀ ਫਿਊਜ਼ਨ ਫੈਸਟੀਵਲ 19-20 ਜੁਲਾਈ, 2025 ਨੂੰ ਹਾਲੈਂਡ ਪਾਰਕ ਵਿੱਚ ਵਾਪਸ ਆਵੇਗਾ। ਹਾਜ਼ਰੀਨ ਇਸ ਸਾਲ ਦੇ ਥੀਮ, ‘ਦੁਨੀਆ ਦੇ ਸੁਆਦ’ (Flavours of the World), ਦਾ ਅਨੁਭਵ 50 ਤੋਂ ਵੱਧ ਸੱਭਿਆਚਾਰਕ ਸ਼ਾਮਿਆਨਿਆਂ ਰਾਹੀਂ ਕਰ ਸਕਦੇ ਹਨ, ਜਿੱਥੇ ਸਥਾਨਕ ਭਾਈਚਾਰਕ ਗਰੁੱਪ ਆਪਣੇ ਦੇਸ਼ ਦੇ ਸੁਆਦੀ, ਪ੍ਰਮਾਣਿਕ ਪਕਵਾਨ ਪੇਸ਼ ਕਰਨਗੇ। ਪੁਰਸਕਾਰ ਜੇਤੂ ਤਿਉਹਾਰ ਵਿੱਚ 19 ਜੁਲਾਈ ਨੂੰ ‘ਈਜ਼ੀ ਸਟਾਰ ਆਲ-ਸਟਾਰਸ’ (Easy Star All-Stars) ਅਤੇ 20 ਜੁਲਾਈ ਨੂੰ ਮਿਸ ਪੂਜਾ ਦਾ ਨਾਂ ਸੁਰਖੀਆਂ ਵਿੱਚ ਹੋਵੇਗਾ। ਹੋਰ ਵਿਸ਼ੇਸ਼ਤਾਵਾਂ ਵਿੱਚ ਅੱਠ ਸਟੇਜਾਂ ‘ਤੇ ਮੁਫਤ ਲਾਈਵ ਸੰਗੀਤ ਅਤੇ ਮਨੋਰੰਜਨ, ਇੱਕ ਪਰਿਵਾਰਕ ਜ਼ੋਨ, ਇੱਕ ਮੂਲਨਿਵਾਸੀ ਪਿੰਡ (Indigenous Village)ਅਤੇ ਬਾਜ਼ਾਰ, ਡਾਂਸ ਮੁਕਾਬਲੇ, ਖਾਣਾ ਪਕਾਉਣ ਦੀਆਂ ਵਰਕਸ਼ਾਪਾਂ, ਖੇਡਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਸਰੀ ਫਿਊਜ਼ਨ ਫੈਸਟੀਵਲ ਬਾਰੇ ਹੋਰ ਜਾਨਣ ਲਈ surreyfuisonfesitval.ca ‘ਤੇ ਜਾਓ ।
ਵਿੱਤੀ ਸਹਾਇਤਾ ਲਈ ਅਸੀਂ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹਾਰਦਿਕ ਧੰਨਵਾਦੀ ਹਾਂ।



