ਸਰੀ, ਬੀ.ਸੀ. – ਸਰੀ ਸ਼ਹਿਰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ ਕਿ ਸਰੀ ਫਾਇਰ ਸਰਵਿਸਿਜ਼ (SFS) ਨੂੰ ਫਾਇਰਫਾਈਟਰਾਂ ਦੀ ਸਿਹਤ ਅਤੇ ਸੁਰੱਖਿਆ ਵਿੱਚ ਵਧੀਆ ਅਗਵਾਈ ਅਤੇ ਨਵੀਨਤਾ ਲਈ ਮਾਨਤਾ ਦਿੰਦਿਆਂ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਜ਼ (CAFC) ਵਲੋਂ ਦੋ ਵੱਕਾਰੀ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ ਵਿੱਚ ਸੇਵਾਮੁਕਤ ਹੋਏ ਫਾਇਰ ਚੀਫ ਲੈਰੀ ਥਾਮਸ (Larry Thomas) ਨੂੰ ਉਨ੍ਹਾਂ ਦੀ ਸੇਵਾਮੁਕਤੀ ਤੋਂ ਕੁਝ ਹਫ਼ਤੇ ਮਗਰੋਂ, CAFC ਦੇ ਕਰੀਅਰ ਫਾਇਰ ਚੀਫ ਆਫ਼ ਦ ਈਅਰ ਅਵਾਰਡ (CAFC’s Career Fire Chief of the Year Award) ਨਾਲ ਸਨਮਾਨਿਤ ਕੀਤਾ ਗਿਆ ਅਤੇ ਸਰੀ ਫਾਇਰ ਸਰਵਿਸਿਜ਼ ਨੂੰ ਫਾਇਰਫਾਈਟਰ ਕੈਂਸਰ ਪ੍ਰੀਵੈਂਸ਼ਨ ਅਵਾਰਡ (Firefighter Cancer Prevention Award) ਪ੍ਰਾਪਤ ਹੋਇਆ। ਕੱਲ੍ਹ ਦੀ ਰੈਗੂਲਰ ਕੌਂਸਲ ਮੀਟਿੰਗ ਵਿੱਚ ਸਰੀ ਕੌਂਸਲ ਨੇ ਇਨ੍ਹਾਂ ਪੁਰਸਕਾਰਾਂ ਦੀ ਖ਼ੁਸ਼ੀ ਮਨਾਈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਹਾਲ ਹੀ ਵਿੱਚ ਸੇਵਾਮੁਕਤ ਹੋਏ ਫਾਇਰ ਚੀਫ਼ ਲੈਰੀ ਥਾਮਸ ਅਤੇ ਸਾਡੀਆਂ ਸਰੀ ਫਾਇਰ ਸਰਵਿਸਿਜ਼ ਨੂੰ, ਮੈਂ ਕੌਂਸਲ ਵਲੋਂ ਇਨ੍ਹਾਂ ਯੋਗ ਸਨਮਾਨਾਂ ਲਈ ਵਧਾਈ ਦੇਣਾ ਚਾਹੁੰਦੀ ਹਾਂ ਜੋ ਸਾਡੇ ਤਰੱਕੀ ਕਰ ਰਹੇ ਸ਼ਹਿਰ ਦੀ ਰੱਖਿਆ ਲਈ ਵਿਭਾਗ ਦੇ ਸਮਰਪਣ ਨੂੰ ਦਰਸਾਉਂਦੇ ਹਨ। ਸਰੀ ਫਾਇਰ ਸਰਵਿਸਿਜ਼ ਵਿੱਚ ਆਪਣੇ 36 ਸਾਲਾਂ ਦੇ ਕਰੀਅਰ ਦੌਰਾਨ, ਚੀਫ਼ ਥਾਮਸ ਨੇ ਨਾ ਸਿਰਫ਼ ਵਿਭਾਗ ਦੀ ਬਣਤਰ ਵਿੱਚ ਮਦਦ ਕੀਤੀ ਹੈ, ਸਗੋਂ ਦੇਸ਼ ਭਰ ਵਿੱਚ ਫਾਇਰ ਸਰਵਿਸ ਨੂੰ ਬਿਹਤਰ ਬਣਾਉਣ ਲਈ ਅਗਵਾਈ ਵੀ ਪ੍ਰਦਾਨ ਕੀਤੀ ਹੈ। ਇਹ ਪੁਰਸਕਾਰ ਇੱਕ ਸ਼ਹਿਰ ਦੇ ਰੂਪ ਵਿੱਚ ਸਾਡੇ ਵਲੋਂ ਤੈਅ ਕੀਤੀਆਂ ਗਈਆਂ ਕਦਰਾਂ-ਕੀਮਤਾਂ: ਨਵੀਨਤਾ, ਹਮਦਰਦੀ ਅਤੇ ਜਨਤਕ ਸੇਵਾ ਵਿੱਚ ਉੱਤਮਤਾ ਨੂੰ ਦਰਸਾਉਂਦੇ ਹਨ।”
CAFC ਦਾ ਕਰੀਅਰ ਫਾਇਰ ਚੀਫ਼ ਆਫ਼ ਦ ਈਅਰ ਅਵਾਰਡ, ਚੀਫ਼ ਥਾਮਸ ਦੀ ਅਗਵਾਈ ਨੂੰ ਮਾਨਤਾ ਦਿੰਦਾ ਹੈ, ਜਿਸ ਨੇ ਅੱਗ ਤੋਂ ਬਚਾਅ, ਭਾਈਚਾਰਕ ਸੁਰੱਖਿਆ ਅਤੇ ਨਾਜ਼ੁਕ ਵਰਗਾਂ ਲਈ ਸਹਾਇਤਾ ਸਮੇਤ ਮੁੱਦਿਆਂ ‘ਤੇ ਕੈਨੇਡੀਅਨ ਫਾਇਰ ਸਰਵਿਸ ਵਿੱਚ ਉੱਤਮਤਾ ਲਈ ਮਿਆਰ ਸਥਾਪਤ ਕਰਨ ਵਿੱਚ ਮਦਦ ਕੀਤੀ ਹੈ। ਚੀਫ਼ ਥਾਮਸ ਨੇ ਸਥਾਨਕ, ਖੇਤਰੀ, ਸੂਬਾਈ ਅਤੇ ਰਾਸ਼ਟਰੀ ਪੱਧਰ ‘ਤੇ ਅਗਵਾਈ ਵਾਲੀਆਂ ਭੂਮਿਕਾਵਾਂ ਨਿਭਾਈਆਂ ਹਨ, ਜਿਸ ਵਿੱਚ CAFC ਇੰਟਰਓਪਰੇਬਿਲਟੀ ਕਮੇਟੀ (CAFC Interoperability Committee) ਦੇ ਚੇਅਰਪਰਸਨ ਅਤੇ ਗ੍ਰੇਟਰ ਵੈਨਕੂਵਰ ਫਾਇਰ ਚੀਫ਼ਸ ਐਸੋਸੀਏਸ਼ਨ (Greater Vancouver Fire Chiefs Association ) ਦੇ ਸਾਬਕਾ ਪ੍ਰਧਾਨ ਵਜੋਂ ਸੇਵਾ ਕਰਨਾ ਸ਼ਾਮਲ ਹੈ। ਉਨ੍ਹਾਂ ਦੀ ਖੋਜ ਅਤੇ ਵਕਾਲਤ ਨੇ ਕੈਨੇਡਾ ਭਰ ਵਿੱਚ ਜਨਤਕ ਸੁਰੱਖਿਆ ਨੀਤੀ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ ਹੈ।
ਫਾਇਰਫਾਈਟਰ ਕੈਂਸਰ ਪ੍ਰੀਵੈਂਸ਼ਨ ਅਵਾਰਡ, ਸਰੀ ਫਾਇਰ ਸਰਵਿਸ ਦੇ ਸਰੀ ਫਾਇਰ ਫਾਈਟਰਜ਼ ਐਸੋਸੀਏਸ਼ਨ ਲੋਕਲ 1271 (Surrey Firefighters Association Local 1271) ਨਾਲ ਮਿਲਵਰਤਨ ਨੂੰ ਮਾਨਤਾ ਦਿੰਦਾ ਹੈ, ਜਿਸ ਤਹਿਤ ਫਾਇਰਫਾਈਟਰ ਟੀਮਾਂ ਨੂੰ ਇੱਕ ਰੋਕਥਾਮ ਸਿਹਤ ਸਕ੍ਰੀਨਿੰਗ ਪ੍ਰੋਗਰਾਮ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਉਸ ਵਿੱਚ ਕੈਂਸਰ ਦੇ ਜੋਖਮਾਂ ਨੂੰ ਘਟਾਉਣ ਦੇ ਉਦੇਸ਼ ਨਾਲ ਬੇਸਲਾਈਨ ਖੂਨ ਦੀ ਜਾਂਚ, ਕਲੀਨਿਕਲ ਕੈਂਸਰ ਰੋਕਥਾਮ ਸੰਬੰਧੀ ਸਿੱਖਿਆ ਅਤੇ ਨੀਂਦ ਤੇ ਖ਼ੁਰਾਕ ਸੰਬੰਧੀ ਨਿਰਦੇਸ਼ ਸ਼ਾਮਲ ਹਨ।
ਫਾਇਰ ਚੀਫ਼ ਜੇਸਨ ਕੈਰਨੀ (Jason Cairney) ਨੇ ਕਿਹਾ, “ਚੀਫ਼ ਥਾਮਸ ਦੀ ਇਮਾਨਦਾਰੀ, ਨਵੀਨਤਾ ਅਤੇ ਸੇਵਾ ਨਾਲ ਜੁੜੀ ਹੋਈ ਹੈ। ਉਨ੍ਹਾਂ ਦੀ ਅਗਵਾਈ ਨੇ ਸਰੀ ਫਾਇਰ ਸਰਵਿਸਿਜ਼ ਨੂੰ ਐਮਰਜੈਂਸੀ ਯੋਜਨਾਬੰਦੀ ਵਿੱਚ ਸੁਧਾਰ ਤੋਂ ਲੈ ਕੇ ਓਪੀਔਇਡ ਸੰਕਟ (Opioid Crisis) ਪ੍ਰਤੀਕਿਰਿਆ ਤੱਕ ਜਨਤਕ ਸੁਰੱਖਿਆ ਦਾ ਸਮਰਥਨ ਕਰਨ ਵਾਲੀਆਂ ਇਨਕਲਾਬੀ ਪਹਿਲਕਦਮੀਆਂ ਰਾਹੀਂ ਮਾਰਗਦਰਸ਼ਨ ਕੀਤਾ ਹੈ। ਇਹ ਪੁਰਸਕਾਰ ਫਾਇਰਫਾਈਟਰਾਂ ਦੀ ਤੰਦਰੁਸਤੀ ਪ੍ਰਤੀ ਸਾਡੇ ਵਿਭਾਗ ਦੀ ਵਚਨਬੱਧਤਾ ਨੂੰ ਵੀ ਮਾਨਤਾ ਦਿੰਦੇ ਹਨ, ਜਿਸ ਵਿੱਚ ਸਰੀ ਫਾਇਰਫਾਈਟਰਜ਼ ਐਸੋਸੀਏਸ਼ਨ ਲੋਕਲ 1271 ਨਾਲ ਸਾਂਝੇਦਾਰੀ ਵਿੱਚ ਵਿਕਸਤ ਕੀਤਾ ਗਿਆ ਸਾਡਾ ਕੈਂਸਰ ਰੋਕਥਾਮ ਪ੍ਰੋਗਰਾਮ ਵੀ ਸ਼ਾਮਲ ਹੈ। ਅਸੀਂ ਇਸ ਨੀਂਹ ‘ਤੇ ਉਸਾਰੀ ਕਰਦੇ ਹੋਏ, ਸਰੀ ਦੀ ਵਧ ਰਹੀ ਅਤੇ ਵਿਭਿੰਨ ਅਬਾਦੀ ਦੀ ਸੇਵਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ।”
ਕੈਨੇਡਾ ਦੇ ਫਾਇਰ ਚੀਫ਼ ਆਫ਼ ਦ ਈਅਰ ਅਵਾਰਡ, ਕੈਨੇਡੀਅਨ ਐਸੋਸੀਏਸ਼ਨ ਆਫ਼ ਫਾਇਰ ਚੀਫ਼ਜ਼ ਐਂਡ ਫਾਇਰ ਅੰਡਰਰਾਈਟਰਜ਼ ਸਰਵੇ (Canadian Association of Fire Chiefs and Underwriters Survey ) ਵਲੋਂ ਪੇਸ਼ ਕੀਤੇ ਜਾਂਦੇ ਹਨ। ਇਹ ਇਨਾਮ ਉਹਨਾਂ ਫਾਇਰ ਚੀਫ ਨੂੰ ਦਿੱਤੇ ਜਾਂਦੇ ਹਨ, ਜੋ ਆਪਣੀ ਭੂਮਿਕਾ ਅਤੇ ਉਨ੍ਹਾਂ ਤੋਂ ਕੀਤੀ ਜਾਂਦੀ ਆਸ ਤੋਂ ਹਟ ਕੇ ਵੱਧ ਸੇਵਾ ਕਰਦੇ ਹਨ। CAFC ਦਾ ਫਾਇਰਫਾਈਟਰ ਕੈਂਸਰ ਰੋਕਥਾਮ ਇਨਾਮ ਉਹਨਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਜੋ ਫਾਇਰ ਸਰਵਿਸ ਵਿੱਚ ਕੈਂਸਰ ਦੀ ਰੋਕਥਾਮ ਨੂੰ ਅੱਗੇ ਵਧਾਉਂਦੇ ਹਨ।



